Home » ਧਾਰਮਿਕ » ਇਤਿਹਾਸ » ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਿੱਖ ਸੰਗਤ ਨੇ ਵੋਟਾਂ ਨਾਲ ਕਰ ਰਚਿਆ ਇਤਿਹਾਸ

ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਿੱਖ ਸੰਗਤ ਨੇ ਵੋਟਾਂ ਨਾਲ ਕਰ ਰਚਿਆ ਇਤਿਹਾਸ

105 Views

ਰੋਮ 29 ਜਨਵਰੀ ( ਦਲਵੀਰ ਸਿੰਘ ਕੈਂਥ ) ਸੰਗਤ ਗੁਰੂ ਰੂਪ ਹੈ ਤੇ ਸੰਗਤ ਦਾ ਫੈਸਲਾ ਗੁਰੂ ਸਾਹਿਬ ਦਾ ਫੈਸਲਾ ਹੁੰਦਾ ਹੈ ਇਸ ਗੱਲ ਨੂੰ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਹੈ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਸਿੱਖ ਸੰਗਤ ਨੇ ਜਿਹਨਾਂ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੋਟਾਂ ਨਾਲ ਕਰਕੇ ਬਹੁਮਤ ਦੀ ਜਿੱਤ ਦਾ ਤਾਜ ਭਾਈ ਅਵਤਾਰ ਸਿੰਘ ,ਭਾਈ ਹਰਮਨਪ੍ਰੀਤ ਸਿੰਘ ਤੇ ਭਾਈ ਕੁਲਜੀਤ ਸਿੰਘ ਸਿਰ ਸਜਾ ਦਿੱਤਾ ਹੈ ।ਸੰਗਤ ਦੇ ਇਸ ਫੈਸਲੇ ਨਾਲ ਹੁਣ ਉਹਨਾਂ ਤਮਾਮ ਅਟਕਲਾ ਵਿੱਚ ਖੜੋਤ ਆਵੇਗੀ ਜਿਹੜੀਆਂ ਕਿ ਗੁਰਦੁਆਰਾ ਸਾਹਿਬ ਦੇ ਕਾਰ-ਵਿਵਹਾਰ ‘ਚ ਅੜਿੱਕਾ ਪਾ ਰਹੀਆਂ ਸਨ।ਜਿਹਨਾਂ ਪ੍ਰਬੰਧਕਾਂ ਕੋਲ ਪਹਿਲਾਂ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦਾ ਪ੍ਰਬੰਧ ਸੀ ਉਹਨਾਂ ਨੂੰ ਸਥਾਨਕ ਸਿੱਖ ਸੰਗਤ ਨੇ ਅਨੇਕਾਂ ਵਾਰ ਬੇਨਤੀਆਂ ਕਰ ਥੱਕ ਚੁੱਕੀ ਸੀ ਕਿ ਉਹ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਪਰ ਮੌਜੂਦਾ ਪ੍ਰਬੰਧਕ ਜਿਹਨਾਂ ਕੋਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿਛਲੇ 20 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਸੀ ਉਹ ਇਹ ਸਮਝਣ ਲੱਗੇ ਸਨ ਕਿ ਇਹ ਗੁਰਦੁਆਰਾ ਸਾਹਿਬ ਉਹਨਾਂ ਦੀ ਨਿੱਜੀ ਜਾਇਦਾਦ ਹੈ ਜਿਸ ਦਾ ਉਹਨਾਂ ਕੋਲੋਂ ਨਾ ਕੋਈ ਹਿਸਾਬ ਲੈ ਸਕਦਾ ਹੈ ਨਾਂਹਿ ਹੀ ਪ੍ਰਬੰਧ।ਜਦੋਂ ਸਿੱਖ ਸੰਗਤ ਨੇ ਬਹੁਤ ਜਿ਼ਆਦਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਮੇਟੀ ਬਦਲੋ-ਕਮੇਟੀ ਬਦਲੋ ਤਾਂ ਮੌਜੂਦਾ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੀ ਸਥਾਨਕ ਪ੍ਰਸ਼ਾਸ਼ਨ ਨੂੰ ਇਹ ਕਹਿ ਜਿੰਦਰਾ ਮਾਰ ਦਿੱਤਾ ਕਿ ਇੱਥੇ ਕੁਝ ਸ਼ਰਾਰਤੀ ਅਨਸਰ ਜਾਣਬੁੱਝ ਕਿ ਹਾਲਤ ਖਰਾਬ ਕਰ ਰਹੇ ਹਨ ਜਿਸ ਕਾਰਨ ਕਿ ਲੜਾਈ ਹੋ ਸਕਦੀ ਹੈ।ਸਿੱਖ ਸੰਗਤ ਨੇ ਛੋਟੇ-ਛੋਟੇ ਬੱਚਿਆਂ ਨਾਲ ਮੀਂਹ ਹਨੇਰੀ ਵਿੱਚ ਗੁਰਦਆਰਾ ਸਾਹਿਬ ਦੇ ਬਾਹਰ ਬੈਠ ਕੇ ਕਈ ਦਿਨ ਧਰਨਾ ਦਿੰਦਿਆਂ ਸਾਂਤਮਈ ਸੰਘਰਸ਼ ਕੀਤਾ ਤੇ ਸਥਾਨਕ ਪ੍ਰਸਾ਼ਾਸ਼ਨ ਨੂੰ ਸਾਰੇ ਮਾਮਲੇ ਦੀ ਅਸਲੀਅਤ ਤੋਂ ਜਾਣੂ ਕਰਵਾਇਆ।ਸਥਾਨਕ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦਾ ਜਿੰਦਰਾ ਖੁਲਵਾਇਆ ਤੇ ਫਿਰ ਨਵੀਂ ਪ੍ਰਬੰਧਕ ਕਮੇਟੀ ਲਈ ਕਾਰਵਾਈ ਨੂੰ ਅਮਲੀ ਰੂਪ ਦਿੱਤਾ।ਪ੍ਰਸ਼ਾਸ਼ਨ ਨੇ ਸਾਰੇ ਮਸਲੇ ਨੂੰ ਹੱਲ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਵੋਟਾਂ ਨਾਲ ਕਰਨ ਦਾ ਫੈਸਲਾ ਦੇ ਦਿੱਤਾ ਜਿਸ ਨੂੰ ਸਮੂਹ ਸਿੱਖ ਸੰਗਤ ਨੇ ਗੁਰੂ ਦੇ ਜੈਕਾਰੇ ਲਗਾਉਂਦਿਆਂ ਪ੍ਰਵਾਨ ਕੀਤਾ।ਪ੍ਰਸ਼ਾਸ਼ਨ ਨੇ ਮੌਜੂਦਾ ਪ੍ਰਬੰਧਕਾਂ ਨੂੰ ਇਸ ਚੋਣ ਵਿੱਚ ਭਾਗੀਦਾਰ ਬਣਨ ਤੋਂ ਰੋਕ ਦਿੱਤਾ ਤੇ ਨਵੀਂ 6 ਮੈਂਬਰਾਂ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ 3 ਮੈਂਬਰ ਸਿੱਖ ਸੰਗਤ ਦੇ 3 ਮੈਂਬਰ ਮੌਜੂਦਾ ਪ੍ਰਬੰਧਕ ਕਮੇਟੀ ਦੇ ਉਹ ਸ਼ਾਮਿਲ ਕੀਤੇ ਜਿਹੜੇ ਕਿ ਸੰਗਤ ਵਿੱਚੋਂ ਹੀ ਲਏ ਗਏ।

ਇਹਨਾਂ 6 ਮੈਂਬਰਾਂ ਵਿੱਚੋਂ ਹੀ ਪ੍ਰਧਾਨਗੀ ਲਈ ਪ੍ਰਸ਼ਾਸ਼ਨ ਨੇ ਆਪਣੀ ਦੇਖ-ਰੇਖ ਹੇਠ 28 ਜਨਵਰੀ 2024 ਨੂੰ ਵੋਟਾਂ ਦੁਆਰਾ ਚੋਣ ਕਰਵਾ ਦਿੱਤੀ ਹੈ ਜਿਸ ਵਿੱਚ ਸਿੱਖ ਸੰਗਤ ਦਾ ਬਹੁਮਤ ਜਿੱਤ ਵਜੋਂ ਉਹਨਾਂ ਮੈਂਬਰਾਂ ਨੂੰ ਮਿਲਿਆ ਜਿਹਨਾਂ ਨੂੰ ਸੰਗਤ ਨੇ ਚੁਣਿਆ ਸੀ।ਚੋਣ ਵਿੱਚ 892 ਵੋਟਾਂ ਪਈਆਂ ਜਿਹਨਾਂ ਵਿੱਚੋ 856 ਵੋਟਾਂ ਸੰਗਤ ਦੇ ਉਮੀਦਵਾਰਾਂ ਨੂੰ ਪਈਆਂ।ਸਿੱਖ ਸੰਗਤ ਦੇ ਇਸ ਫੈਸਲੇ ਉਪੱਰ ਸਥਾਨਕ ਪ੍ਰਸ਼ਾਸ਼ਨ ਨੇ ਮੋਹਰ ਲਗਾਉਂਦਿਆਂ ਇਹਨਾਂ 6 ਮੈਂਬਰਾਂ ਨੂੰ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦਾ ਪ੍ਰਬੰਧ ਚਲਾਉਣ ਲਈ ਅਧਿਕਾਰਤ ਕਰ ਦਿੱਤਾ ਹੈ ਜਿਸ ਸੰਬਧੀ ਪ੍ਰਬੰਧਕੀ ਢਾਂਚਾ 6 ਮੈਂਬਰੀ ਕਮੇਟੀ ਤਹਿ ਕਰੇਗੀ ।ਇਹ ਚੋਣ ਹੋ ਸਕਦਾ ਇਟਾਲੀਅਨ ਪ੍ਰਸ਼ਾਸ਼ਨ ਲਈ ਸਧਾਰਨ ਹੋਵੇ ਪਰ ਇਟਲੀ ਦੇ ਸਿੱਖ ਸਮਾਜ ਲਈ ਵੋਟਾਂ ਦੁਆਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਕਰਨ ਦੀ ਕਾਰਵਾਈ ਸਧਾਰਨ ਨਹੀਂ ਇਸ ਚੋਣ ਨਾਲ ਇਹ ਗੁਰਦੁਆਰਾ ਸਾਹਿਬ ਇਟਲੀ ਦਾ ਪਹਿਲਾਂ ਅਜਿਹਾ ਗੁਰਦੁਆਰਾ ਸਾਹਿਬ ਬਣ ਗਿਆ ਜਿਸ ਦੇ ਪ੍ਰਧਾਨ ਨੂੰ ਸੰਗਤ ਨੇ ਉਸ ਵੇਲੇ ਵੋਟਾਂ ਨਾਲ ਚੁਣ ਕਿ ਨਵੀਂ ਪਿਰਤ ਪਾ ਦਿੱਤੀ ਹੈ ਜਦੋਂ ਮੌਜੂਦਾ ਪ੍ਰਬੰਧਕ ਪ੍ਰਧਾਨਗੀ ਦੀ ਕੁਰਸੀ ਨੂੰ ਨਾਗ ਵਲ ਪਾਕੇ ਬੈਠ ਗਏ ਸਨ ਜਦੋਂ ਕਿ ਇਟਲੀ ਦੇ ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਹੁਣ ਉਹ ਤਮਾਮ ਸਿੱਖ ਸੰਗਤਾਂ ਆਉਣ ਵਾਲੇ ਸਮੇਂ ਇਸ ਨਵੀਂ ਪਿਰਤ ਨੂੰ ਅਪਨਾ ਸਕਦੀ ਹੈ ਜਿਹਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਾ ਸੰਗਤ ਨੂੰ ਕੋਈ ਲੜ-ਸਿਰਾ ਫੜ੍ਹਾ ਰਹੇ ਹਨ ਤੇ ਨਾਂਹਿ ਹੀ ਕਮੇਟੀ ਬਦਲਣ ਲਈ ਸੰਜੀਦਾ ਹਨ ਜਦੋਂ ਕਿ ਦੂਜੇ ਪਾਸੇ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਚੋਣਾਂ ਦਾ ਨਾਮ ਸੁਣਦਿਆਂ ਹੀ ਸੰਗਤ ਨੂੰ ਭਰੋਸੇ ਵਿੱਚ ਲੈਣਾ ਸੁਰੂ ਕਰ ਦਿੱਤਾ ਹੈ ਜਿਹੜੀਆਂ ਕਿ ਪਹਿਲਾਂ ਸੰਗਤ ਨੂੰ ਟਿੱਚ ਕਰ ਜਾਣਦੀਆਂ ਸਨ । ਹੁਣ ਇਹ ਗੱਲ ਵੀ ਖੁੱਲ ਕਿ ਸਾਹਮਣ੍ਹੇ ਆ ਚੁੱਕੀ ਹੈ ਕਿ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਪੁਰਾਣੀ ਕਮੇਟੀ ਨੂੰ ਬਚਾਉਣ ਲਈ ਇਟਲੀ ਦੇ ਕੁਝ ਵਿਅਕਤੀਆਂ ਵੱਲੋਂ ਕੌਮ ਦੀ ਇੱਕ ਸਿਰਮੌਰ ਸਿੱਖ ਜੱਥੇਬੰਦੀ ਦਾ ਨਾਮ ਵਰਤ ਕੇ ਪੂਰੀ ਵਾਹ ਲਗਾਇਆ ਜਾ ਰਿਹਾ ਸੀ ਕਿ ਪ੍ਰਬੰਧ ਪੁਰਾਣੀ ਕਮੇਟੀ ਕੋਲ ਹੀ ਰਹੇ ਜਦੋਂ ਕਿ ਸਿੱਖ ਸੰਗਤ ਦਾ ਫੈਸਲਾ ਗੁਰੂ ਸਾਹਿਬ ਦਾ ਫੈਸਲਾ ਹੋ ਨਿੱਬੜਣ ਨਾਲ ਉਕਤ ਵਿਅਕਤੀ ਵੀ ਕੱਖੋ ਹੌਲੇ ਹੋਏ ਨਜ਼ਰ ਆ ਰਹੇ ਹਨ ।

 

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?