ਢਾਡੀ ਕਲਾ ਦੇ ਇਤਿਹਾਸਿਕ ਪਿਛੋਕੜ ਨੂੰ ਵਾਚਣ ਉਪਰੰਤ ਇਹ ਗੱਲ ਸਪਸਟ ਹੁੰਦੀ ਹੈ ਕਿ ਇਹ ਕਲਾ ਸਾਊਦੀ ਅਰਬ ਵਿੱਚੋਂ ਮੁਸਲਿਮ ਬਾਦਸ਼ਾਹ ਮੁਹੰਮਦ ਬਿਨ ਕਾਸਿਮ ਦੇ ਨਾਲ ਭਾਰਤ ਵਿੱਚ ਆਈ ਅਤੇ ਬਾਅਦ ਵਿੱਚ ਰਾਜਪੂਤ ਰਾਜਿਆਂ ਦਾ ਇਸ ਕਲਾ ਦੇ ਪ੍ਰੇਮੀ ਹੋਣ ਸਦਕਾ ਇਸ ਕਲਾ ਨੇਂ ਰਾਜਸਥਾਂਨ ਵਿੱਚ ਰਾਜਪੂਤਾਨਾ ਸ਼ਾਹੀ ਦਰਬਾਰ ਦਾ ਸਿੰਗਾਰ ਬਣ ਕੇ ਆਪਣੇ ਹੁਨਰ ਸਦਕਾ ਪਛਾਣ ਕਾਇਮ ਕਰਨ ਦੇ ਨਾਲ ਨਾਲ ਇਸ ਕਲਾ ਨੇਂ ਪੰਜਾਬ ਵੱਲ ਆਪਣਾ ਰੁਖ ਕੀਤਾ ਅਤੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ ।
ਭਾਈ ਕਾਹਨ ਸਿੰਘ ਨਾਭਾ ਨੇ ਮਹਾਂਨ ਕੋਸ਼ ਵਿੱਚ ਢਾਡੀ ਸ਼ਬਦ ਦੇ ਅਰਥ ਢੱਡ ਵਜਾ
ਕੇ ਯੋਧਿਆਂ ਦੀਆਂ ਵਾਰਾਂ ਜਾਂ ਯਸ ਗਾਉਣ ਵਾਲੇ ਕੀਤੇ ਹਨ , ਗੁਰਬਾਣੀ ਵਿੱਚ ਅਕਾਲ ਪੁਰਖ ਦਾ ਜਸ ਗਾਉਣ ਵਾਲਾ ਜਾਂ ਕੀਰਤਨ ਕਰਨ ਵਾਲੇ ਨੂੰ ਢਾਡੀ ਬਿਆਨਿਆਂ ਗਿਆ ਹੈ ।
ਹਉ ਢਾਢੀ ਹਰਿ ਪ੍ਰਭ ਖਸਮ ਕਾ ॥
ਤੀਜੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ 516 ਤੇ ‘ ਗੂਜਰੀ ਕੀ ਵਾਰ ‘ ਵਿੱਚ ਢਾਢੀ ਸ਼ਬਦ ਦੀ ਪ੍ਰੀਭਾਸ਼ਾ ਇਸ ਤਰਾਂ ਬਿਆਂਨ ਕਰਦੇ ਹਨ :
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰ ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥
ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਵੀ ਢਾਢੀ ਸ਼ਬਦ ਦਾ ਵਰਨਣ ਇਸ ਤਰਾਂ ਮਿਲਦਾ ਹੈ :
ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀ ॥
ਸਿੱਖ ਧਰਮ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਕਾਲ ਦੌਰਾਂਨ ਇਸ ਨੇਂ ਕਲਾ ਵਧਣਾ ਫੁੱਲਣਾ ਸ਼ੁਰੂ ਕੀਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇਂ ਸਿੱਖ ਧਰਮ ਵਿੱਚ ਭਗਤੀ ਦੇ ਨਾਲ ਸ਼ਕਤੀ ਦੇ ਸੁਮੇਲ ਨੂੰ ੳਜਾਗਰ ਕਰਨ ਹਿੱਤ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆ , ਇਸੇ ਮਕਸਦ ਤਹਿਤ ਆਪ ਜੀ ਨੇਂ ਆਪਣੇ ਦਰਬਾਰ ਵਿੱਚ ਜ੍ਹਿਲਾ ਅੰਮ੍ਰਿਤਸਰ ਦੇ ਪਿੰਡ ਸੁਰ ਸਿੰਘ ਦੇ ਦੋ ਢਾਡੀ ਭਾਈ ਨੱਥ ਮੱਲ ਜੀ ਅਤੇ ਭਾਈ ਅਬਦੁੱਲਾ ਜੀ ਨੂੰ ਗੁਰੂ ਘਰ ਵਿੱਚ ਪਹਿਲੇ ਮਨਜੂਰ ਸ਼ੁਦਾ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ।ਭਾਈ ਨੱਥਾ ਜੀ ਅਤੇ ਭਾਈ ਅਬਦੁੱਲਾ ਜੀ ਨੇਂ ਚਾਰ ਵਾਰਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਵਿੱਚ ਲਿਖੀਆਂ ਪਹਿਲੀ ਵਾਰ ਜੋ ਇਹਨਾਂ ਢਾਡੀਆਂ ਨੇਂ ‘ ਸ਼ੁੱਧ ਰਸਾਲੂ ‘ ਰਾਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਗਾਈ ਉਹ
ਇਸ ਤਰਾਂ ਸੀ : ‘
ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ ।
ਇਕ ਅਜ਼ਮਤ ਦੀ,ਇਕ ਰਾਜ ਦੀ,ਇਕ ਰਾਖੀ ਕਰੇ ਵਜ਼ੀਰ ਦੀ ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜਾ ਬਲਖ ਬਖੀਰ ਦੀ ।
ਕਟਕ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ ।
ਪਗ ਤੇਰੀ , ਕੀ ਜਹਾਂਗੀਰ ਦੀ ।’
ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਵਰਗਿਆਂ ਦੀ ਹੈਸੀਅਤ ਕੋਈ ਅਹਿਮੀਅਤ ਨਹੀਂ ਰੱਖਦੀ । ਇਸ ਤਰਾਂ ਢਾਡੀਆਂ ਦਾ ਢੱਡ ਸਾਰੰਗੀ ਨਾਲ ਉਚੀ ਹੇਕ ਵਿੱਚ ਬੀਰ ਰਸ ਵਾਰਾਂ ਗਾਉਣ ਸਦਕਾ ਇਸ ਕਲਾ ਨੇਂ ਲੋਕਾਂ ਦੇ ਮਨ ਨੂੰ ਮੋਹ ਲਿਆ ਗੁਰੂ ਸਾਹਿਬ ਜੀ ਨੇਂ ਇਸ ਕਲਾ ਨੂੰ ਉਤਸਾਹਿਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਢਾਡੀ ਵਾਰਾਂ ਦਾ ਗਾਇਨ ਅਰੰਭ ਕਰਵਾਇਆਅਤੇ ਇਸ ਕਲਾ ਲਈ ਢਾਡੀਆਂ ਨੂੰ ਸੰਬੋਧਨ ਕਰਕੇ ਕਿਹਾ :, ” ਹੁਣ ਲੋੜ ਹੈ,ਕਿ ਤੁਹਾਡੇ ਸਾਜਾਂ ਵਿੱਚੋਂ ਲਲਕਾਰਾਂ ਨਿਕਲਣ ।ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਣ । ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੰਬ ਕੇ ਜਗਾਏ ਤੁਹਾਡੇ ਗਜ ਦੇ ਘੁੰਗਰੂ ਕੁਰਬਾਨੀਂ ਲਈ ਦਿਲਾਂ ਵਿੱਚ ਚਾਅ ਪੈਦਾ ਕਰਨ ।”ਇਹ ਢਾਡੀ ਬੀਰ ਰਸ ਉਤਸਾਹਿਤ ਕਰਨ ਵਾਲੇ ਸੂਰਮਿਆਂ ਦੀ ਵਾਰਾਂ ਦੇ ਪ੍ਰਸੰਗ ਸੰਗਤ ਵਿੱਚ ਗਾ ਕੇ ਸੁਣਾਉਦੇ,ਜਿਸ ਦੇ ਸੁਣਨ ਨਾਲ ਕਾਇਰਾਂ ਅੰਦਰ ਵੀ ਬਹਾਦਰੀ ਆਉਣ ਲੱਗੀ ਅਤੇ ਉਹਨਾਂ ਦੇ ਦਿਲ ਵਿੱਚ ਜੰਗ ਵਿੱਚ ਜੂਝਣ ਲਈ ਉਤਸ਼ਾਹ ਨਾਲ ਭਰ ਗਏ, ਸੂਰਜ ਪ੍ਰਕਾਸ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਇਸ ਤਰਾਂ ਲਿਖਦੇ ਹਨ :
ਸੁਨਿ ਅਬਿਦੁਲ ਢਾਢੀ ਚਲਿ ਆਯੋ । ਭਏ ਸੁਭਟ ਤਿਨ ਕੋ ਜਸੁ ਗਾਯੋ ।
ਜਿਸ ਕੇ ਸੁਨਤਿ ਬੀਰ ਰਸ ਜਾਗੇ । ਕਾਇਰ ਸੋ ਪਿਰ ਲਰੇ ਨਹਿ ਭਾਗੁ ।
ਨਿਜ ਸੁਭਟਾਨਿ ਸੁਨਾਵਨਿ ਕਾਰਨ । ਕਰਹਿ ਜੰਗ ਜੈਸੇ ਬਡ ਦਾਰਨੁ ।
ਅਬਿਦੁਲ ਕੋ ਚਾਕਰ ਕਰਿ ਰਾਖਯੋ । ਦਰਬ ਦਿਵਾਇ ਮਸੰਦਨਿ ਭਾਖਯੋ ।
ਵਾਰ ਸ਼ਬਦ ਦੀ ਪਰਿਭਾਸ਼ਾ ਨੂੰ ਸਪਸਟ ਕਰਨ ਲਈ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਵਾਰ ਯੁੱਧ ਕਾਵਿ ਦੀ ਉਸ ਰਚਨਾ ਨੂੰ ਕਹਿੰਦੇ ਹਨ ਜਿਸ ਵਿੱਚ ਸੂਰਬੀਰ ਯੋਧੇ ਦੀ ਸੂਰਬੀਰਤਾ ਦਾ ਵਰਨਣ ਹੋਵੇ, ਅਤੇ ਜੋ ਸਰੋਤਿਆਂ ਵਿੱਚ ਉਤਸ਼ਾਹ ਪੈਦਾ ਕਰੇ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਦੀਆਂ 9 ਵਾਰਾਂ ਦੀਆਂ ਧੁੰਨੀਆਂ ਦਾ ਜਿਕਰ ਮਿਲਦਾ ਹੈ ।ਦਸ ਗੁਰੂ ਸਾਹਿਬਾਂਨ ਦੇ ਜੀਵਨ ਕਾਲ ਦੌਰਾਂਨ ਢਾਡੀਆਂ ਨੂੰ ਅਤੇ ਢਾਡੀ ਕਲਾ ਨੂੰ ਪੂਰਨ ਸਤਿਕਾਰ ਮਿਲਦਾ ਰਿਹਾ , ਗੁਰੂ ਗੋਬਿੰਦ ਸਿੰਘ ਦੇ ਗੁਰਗੱਦੀ ਸਮੇਂ ਜੰਗਨਾਂਮੇਂ ਅਤੇ ਵਾਰਾਂ ਵਿੱਚੋਂ ਚੰਡੀ ਦੀ ਵਾਰ, ਦਸਮ ਗ੍ਰੰਥ ਵਾਲੀ ਮਾਲਕੌਸ ਦੀ ਵਾਰ, ਸਰਬ ਲੋਹ ਵਾਲੀ ਭਗਉਤੀ ਦੀ ਵਾਰ ਅਤੇ ਅਣੀ ਰਾਇ ਦਾ ਲਿਖਿਆ ਹੋਇਆ ਜੰਗ ਨਾਮਾਂ ਬੀਰ ਰਸੀ ਦੇ ਉੱਤਮ ਨਮੂਨੇਂ ਹਨ । ਦਸਮ ਪਿਤਾ ਦੇ ਦਰਬਾਰ ਵਿੱਚ ਉਸ ਸਮੇਂ ਦੇ ਪ੍ਰਸਿੱਧ ਢਾਡੀ ਮੀਰ ਛਬੀਲਾ ਅਤੇ ਮੁਸ਼ਕੀ ਸਨ ਜਿੰਨਾਂ ਨੂੰ ਗੁਰੂ ਸਾਹਿਬ ਨੇਂ ਸਨਮਾਂਨ ਬਖਸ਼ਿਸ਼ ਕਰਕੇ ਆਪਣੇ ਦਰਬਾਰ ਵਿੱਚ ਰੱਖਿਆ ਸੀ, ਇਹਨਾਂ ਢਾਡੀਆਂ ਨੇਂ ਗੁਰੂ ਗੋਬਿੰਦ ਸਿੰਘ ਦੁਆਰਾ ਕੀਤੇ ਗਏ ਯੁੱਧਾਂ ਅਤੇ ਜੰਗਾਂ ਦਾ ਵਰਨਣ ਵਾਰਾਂ ਵਿੱਚ ਕੀੌਤਾ ਮਿਸਾਲ ਦੇ ਤੌਰ ਤੇ ਭੰਗਾਣੀ ਦੀ ਵਾਰ ਵਿੱਚੋਂ :
ਬਾਣ ਬੰਦੂਕ ਹੱਥ ਨਾਲ ਗੋਲਾ ਛੁਟੈ ,
ਮਹਾਂ ਭਯ ਭੀਮ ਕੀਨੋਂ ਕੜਾਕਾ ।
ਸੂਰ ਸਾਮੁਹਿ ਭਿੜੇ, ਦੇਵ ਦਾਨਵ ਡਰੇ,
ਲੰਕਾ ਪਤਿ ਲਰਜਿਯੋ ਖਾ ਧੜਾਕਾ ।
ਹੂਰ ਬੀਰਨ ਬਰੀ, ਰੱਤ ਜੋਗਨ ਤਰੀ ,
ਖੋਪਰੀ ਦੇਤ ਕਾਲੀ ਜੜਾਕਾ ।
ਸੁਖੂ ਅਤੇ ਭਾਈ ਬੁੱਧੂ ਨਾਂਮ ਦੇ ਢਾਡੀਆਂ ਦਾ ਜਿਕਰ ਵੀ ਇਸੇ ਸਮੇਂ ਵਿੱਚ ਆਉਦਾ ਹੈ ਜੋ ਮਾਲਵੇ ਦੇ ਬਾਜਕ ਨਗਰ ਵਿੱਚ ਗੁਰੂ ਸਾਹਿਬ ਨੂੰ ਮਿਲੇ, ਇਹਨਾਂ ਢਾਡੀਆਂ ਨੇਂ ਮਲਵਈ ਵਿੱਚ ਇੱਕ ‘ ਸੱਦ ‘ ਗੁਰੂ ਸਾਹਿਬ ਜੀ ਨੂੰ ਸੁਣਾਈ ;
ਢੱਢ ਸਾਰੰਗੀ ਜਬ ਲੈ ਆਏ । ਦੋਨਹੁ ਖਰੇ ਭਏ ਅਗਵਾਏ ।
ਪ੍ਰਭ ਬੋਲੇ ਤੁਮ ਗਾਇ ਸੁਨਾਵਹੁ । ਜਥਾ ਮਹੇਸ਼ ਅਪਰ ਬਲ ਗਾਵਹੁ ।
ਸੁਨਿ ਕਰਿ ਹੁਕਮ ਦਿਵਾਨੇ ਦੋਉ । ਕਰੀ ਸਾਰੰਗੀ ਸੁਰ ਮਿਲਿ ਸੋਉ ।
ਜੰਗਲ ਦੇਸ ਸੱਦ ਹੁਇ ਜੈਸੇ । ਊਚੇਸੁਰ ਗਾਵਨ ਲਗਿ ਤੈਸੇ ।
ਕੱਚਾ ਕੋਠਾ ਵਿਚ ਵਸਦਾ ਜਾਨੀ । ਸਦਾ ਨਾ ਮਾਪੇ ਨਿਤ ਨਹੀ ਜੁਆਨੀ ।
ਚਲਣਾ ਆਗੇ ਹੋਇ ਗੁਮਾਨੀ ।
ਬਾਅਦ ਵਿੱਚ ਬੰਦਾ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਵੇਲੇ ਤੱਕ ਢਾਡੀ ਕਲਾ ਪੂਰੇ ਜੋਬਨ ਤੇ ਰਹੀ , ਅਜੋਕੀ ਢਾਡੀ ਪਰੰਪਰਾ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੌਰਾਂਨ ਸ਼ੁਰੂ ਹੋਇਆ ਜਦੋਂ 1879 ਵਿੱਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਤਾਂ ਇਸ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਸੁੰਦਰ ਸਿੰਘ, ਭਾਈ ਲੱਭੂ , ਭਾਈ ਸ਼ੇਰੂ ਆਦਿਕ ਢਾਡੀਆਂ ਨੇਂ ਭਰਪੂਰ ਯੋਗਦਾਂਨ ਪਾਇਆ । ਮਹਾਰਾਜਾ ਰਣਜੀਤ ਸਿੰਘ ਨੇਂ ਤਾਂ ਆਪਣੇਂ ਸ਼ਾਸ਼ਨ ਕਾਲ ਦੌਰਾਂਨ ਇਹਨਾਂ ਢਾਡੀਆਂ ਦੀ ਸਰਕਾਰੀ ਭਰਤੀ ਹੀ ਕਰ ਲਈ ਸੀ,ਬੇਸ਼ਕ ਸਿੱਖ ਪੰਥ ਲਈ 1710 ਤੋਂ ਲੈ ਕੇ 1765 ਦਾ ਸਮਾਂ ਘੋਰ ਮਈ ਸੰਕਟ ਦਾ ਸੀ ,ਅਤੇ ਸਿੰਘ ਲਹਿਰ ਦੇ ਸਮੇਂ ਦੌਰਾਂਨ ਇਸ ਕਲਾ ਨੂੰ ਮਹੰਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ ਬਹੁਤ ਨੁਕਸਾਨ ਉਠਾਉਣਾ ਪਿਆ , ਪਰ ਇਹਨਾਂ ਢਾਡੀਆਂ ਨੇਂ ਅਤੇ ਢਾਡੀਆਂ ਦੁਆਰਾ ਗਾਈਆਂ ਗਈਆਂ ਵਾਰਾਂ ਨੇਂ ਇਸ ਘੋੲ ਮਈ ਸੰਕਟ ਵਿੱਚ ਵੀ ਸਿੱਖ ਪੰਥ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਅਤੇ ਸਮੇਂ-ਸਮੇਂ ਦੇਸ਼ ਅਤੇ ਧਰਮ ਤੋਂ ਜੂਝਣ ਵਾਲੇ ਸੂਰਮੇਂ ਤਿਆਰ ਕੀਤੇ , ਜਿੰਨਾਂ ਨੇਂ ਹਜਾਰਾਂ ਮਰਜੀਵੜਿਆਂ ਨੂੰ ਕੁਰਬਾਨੀਆਂ ਦੇਣ ਲਈ ਤਿਆਰ ਕੀਤਾ ।
ਪਰ ਅੱਜ ਬਹੁਤ ਦੁਖ ਦੀ ਗੱਲ ਹੈ ਕਿ ਅਸੀ ਢਾਡੀ ਕਲਾ ਦੇ ਜਨੂੰਨ ਨੂੰ ਖਤਮ ਕਰਦੇ ਜਾ ਰਹੇ ਹਾਂ ,ਜਿਸ ਸਦਕਾ ਇਸ ਕਲਾ ਨੂੰ ਬਹਤ ਨੁਕਸਾਂਨ ਉਠਾਉਣਾ ਪੈ ਰਿਹਾ ਹੈ ,ਇਸ ਕਲਾ ਦੇ ਨਗੀਨੇਂ ਨੂੰ ਸਾਂਭਣ ਦੀ ਥਾਂ, ਤੇ ਪੱਛਮੀ ਸਭਿਆਚਾਰ ਦੀ ਲੱਚਰ ਗਾਇਕੀ ਦਾ ਜਨੂੰਨ ਆਪਣੇ ਸਿਰਾਂ ਤੇ ਸਵਾਰ ਕਰਦੇ ਜਾ ਰਹੇ ਹਾਂ । ਗੁਰੂ ਖਾਲਸੇ ਦੇ ਇਤਿਹਾਸ ਨੂੰ ਅਸਲ ਰਾਗਾਂ ਵਿੱਚ ਸੰਗਤ ਸਮਮੁੱਖ ਪੇਸ਼ ਕਰਨਾ ਸਮੇਂ ਦੀ ਬਹੁਤ ਵਡਮੁੱਲੀ ਲੋੜ ਹੈ ਕਿਉਂਕਿ ਇਹ ਵਾਰਾਂ ਅਤੇ ਜੰਗਨਾਮੇਂ ਹੀ ਹਨ ਜੋ ਕੌਮ ਵਿੱਚ ਬੇਗੈਰਤ ਅਤੇ ਜਿੰਦਾਦਿਲੀ ਵਾਲੀ ਰੂਹ ਫੂਕਣ ਦਾ ਕੰਮ ਕਰਦੇ ਹਨ ਅਤੇ ਕੌਮ ਦੇ ਇਤਿਹਾਸ ਨੂੰ ਸਦਾ ਹੀ ਜਿੰਦਾ ਰਖਦੇ ਹਨ, ਸੋ ਇਸ ਦੇ ਲਈ ਗੁਰ ਘਰ ਦੇ ਮਨਜੂਰੇ ਢਾਡੀ ਹੀ ਸਾਡੇ ਕੋਲ ਅਜਿਹਾ ਵਸੀਲਾ ਹਨ ਜੋ ਗੁਰੂ ਘਰ ਦੇ ਅਨਮੋਲ ਖਜਾਨੇਂ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਗਾ ਕੇ ਦੁਨੀਆਂ ਦੇ ਕੋਨੇਂ-ਕੋਨੇਂ ਤੱਕ ਪੁਹੰਚਾ ਸਕਦੇ ਹਨ ।
ਗਿਆਨੀ ਨਿਰਮਲ ਸਿੰਘ ਨੂਰ
2010 ਵਿਚ ਛਪੀ ਢਾਡੀ ਵਾਰਾਂ ਦੀ ਪੁਸਤਕ ” ਲੈਕਚਰ ਤੇ ਢਾਡੀ ਵਾਰਾਂ “
Author: Gurbhej Singh Anandpuri
ਮੁੱਖ ਸੰਪਾਦਕ