ਜਲੰਧਰ 16 ਫਰਵਰੀ। ( ਗੁਰਦੇਵ ਸਿੰਘ ਅੰਬਰਸਰੀਆ ) ਜਲੰਧਰ ਦਾ ਪਾਸਪੋਰਟ ਦਫਤਰ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਸੂਤਰਾਂ ਮੁਤਾਬਕ ਜਲੰਧਰ ਪਾਸਪੋਰਟ ਦਫਤਰ ਵਿਚ ਗੜਬੜੀ ਦੇ ਚੱਲਦੇ ਸੀ. ਬੀ. ਆਈ. ਦੀਆਂ ਟੀਮਾਂ ਨੇ ਸਰਚ ਅਭਿਆਨ ਚਲਾਇਆ ਹੈ। ਸੀ. ਬੀ. ਆਈ. ਦੀ ਟੀਮ ਸਵੇਰੇ ਚੰਡੀਗੜ੍ਹ ਤੋਂ ਜਲੰਧਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਦੇ ਤਿੰਨ ਅਫਸਰ ਅੰਦਰ ਸਰਚ ਕਰ ਰਹੇ ਹਨ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਹੈ। ਮਾਮਲਾ ਪਾਸਪੋਰਟ ਇਨਕੁਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਪਿਛਲੇ ਦਿਨੀਂ ਜਲੰਧਰ ਵਿਚ ਪਾਸਪੋਰਟ ਬਨਾਉਣ ਨੂੰ ਲੈ ਕੇ ਗਾਈਡਲਾਈਨਜ਼ ਦਾ ਉਲੰਘਣ ਕੀਤਾ ਗਿਆ ਸੀ। ਜਿਸ ਦੀ ਸ਼ਿਕਾਇਤ ਸੀ. ਬੀ. ਆਈ. ਨੂੰ ਕੀਤੀ ਗਈ, ਇਸੇ ਤੱਥਾਂ ਦੇ ਆਧਾਰ ’ਤੇ ਜਲੰਧਰ ਪਾਸਪੋਰਟ ਦਫਤਰ ਵਿਚ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ਪਾਸਪੋਰਟ ਦਫਤਰ ’ਚ ਵੱਡੀ ਗਿਣਤੀ ਵਿਚ ਬਣਦੇ ਹਨ ਪਾਸਪੋਰਟ
ਜਲੰਧਰ ਸਥਿਤ ਪਾਸਪੋਰਟ ਦਫਤਰ ਵਿਚ ਵੱਡੀ ਗਿਣਤੀ ਵਿਚ ਪਾਸਪੋਰਟ ਬਣਾਏ ਜਾਂਦੇ ਹਨ। ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 11 ਮਹੀਨਿਆਂ ਦੇ ਵਕਫ਼ੇ ਦੌਰਾਨ ਜਲੰਧਰ ’ਚ ਕੁੱਲ ਢਾਈ ਲੱਖ ਦੇ ਕਰੀਬ ਪਾਸਪੋਰਟ ਬਣਾਏ ਗਏ ਹਨ। ਸੀ. ਬੀ. ਆਈ. ਨੂੰ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸੀ. ਬੀ. ਆਈ. ਨੂੰ ਕੁੱਝ ਦਸਤਵੇਜ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
Author: Gurbhej Singh Anandpuri
ਮੁੱਖ ਸੰਪਾਦਕ