ਅੰਮ੍ਰਿਤਸਰ, 20 ਫਰਵਰੀ ( ਹਰਸਿਮਰਨ ਸਿੰਘ ਹੁੰਦਲ ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਦਿਬੜੂਗੜ੍ਹ ਜੇਲ੍ਹ ਵਿਚ ਗੈਰ-ਕਾਨੂੰਨੀ ਵਿਹਾਰ ਤੇ ਉਨ੍ਹਾਂ ਦੀ ਬੈਰਕ ਵਿਚ ਖੁਫੀਆ ਕੈਮਰੇ ਲਗਾ ਕੇ ਉਨ੍ਹਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਖੋਹਣ ਦੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਦਿਬੜੂਗੜ੍ਹ ਜੇਲ੍ਹ ਵਿਚ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਰਵੱਈਏ ਵਿਰੁੱਧ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਸਰਕਾਰ ਗੰਭੀਰਤਾ ਨਾਲ ਲਵੇ।
ਉਨ੍ਹਾਂ ਆਖਿਆ ਕਿ ਜੇਲ੍ਹ ਵਿਚ ਕਿਸੇ ਵੀ ਹਵਾਲਾਤੀ ਦੀ ਬੈਰਕ ਵਿਚ ਖੁਫੀਆ ਕੈਮਰੇ ਲਾਉਣੇ ਅਤੇ ਉਨ੍ਹਾਂ ਦੀ ਨਿੱਜਤਾ ਦੀ ਆਜ਼ਾਦੀ ਖੋਹਣੀ ਕਿਸੇ ਵੀ ਕਾਨੂੰਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਇਨਸਾਫੀ ਦੇ ਖਿਲਾਫ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਕਾਰਨ ਜੇਕਰ ਕਿਸੇ ਵੀ ਸਿੰਘ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਾਣੇ ਵਿਚ ਜ਼ਹਿਰੀਲੇ ਅਤੇ ਤੰਬਾਕੂ ਪਦਾਰਥ ਦੇਣ ਦੇ ਖ਼ਦਸ਼ੇ ਸਾਹਮਣੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਦਿਬੜੂਗੜ੍ਹ ਜੇਲ੍ਹ ਵਿਚ ਬੰਦ ਸਿੱਖ ਨੌਜਵਾਨਾਂ ਨਾਲ ਹੋ ਰਹੇ ਮਾੜੇ ਵਿਹਾਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਇਸ ਦੀ ਨਿਰਪੱਖ ਜਾਂਚ ਕਰਾਉਂਦੀ ਪਰ ਇਸ ਦੇ ਉਲਟ ਸਿੱਖ ਨੌਜਵਾਨਾਂ ਵਲੋਂ ਪਿਛਲੇ ਦਿਨਾਂ ਤੋਂ ਭੁੱਖ ਹੜਤਾਲ ਰੱਖੇ ਜਾਣ ‘ਤੇ ਵੀ ਸਰਕਾਰ ਦੇ ਕੰਨ੍ਹ ‘ਤੇ ਜੂੰਅ ਨਹੀਂ ਸਰਕ ਰਹੀ।
ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੇ ਕੋਈ ਵੀ ਅਜਿਹਾ ਜ਼ੁਰਮ ਨਹੀਂ ਕੀਤਾ, ਜਿਸ ਦੇ ਬਦਲੇ ਉਨ੍ਹਾਂ ਨੂੰ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਦਿਬੜੂਗੜ੍ਹ ਵਰਗੀ ਜੇਲ੍ਹ ਵਿਚ ਕਾਲੇਪਾਣੀ ਵਾਲੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਤਬਦੀਲ ਕਰੇ ਅਤੇ ਉਨ੍ਹਾਂ ਨੂੰ ਕਾਨੂੰਨੀ ਅਤੇ ਨਿੱਜਤਾ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਤਾਂ ਜੋ ਸਿੱਖਾਂ ਅੰਦਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਨਾਲ ਦੁਰਵਿਹਾਰ ਕਾਰਨ ਪੈਦਾ ਹੋ ਰਹੇ ਰੋਸ ਤੇ ਵਿਤਕਰੇ ਦੀ ਭਾਵਨਾ ਦੂਰ ਹੋ ਸਕੇ।
Author: Gurbhej Singh Anandpuri
ਮੁੱਖ ਸੰਪਾਦਕ