ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਜਲੀਲ ਕਰ ਰਹੀ ਸਰਕਾਰ : ਫ਼ੈਡਰੇਸ਼ਨ ਭਿੰਡਰਾਂਵਾਲਾ
ਅੰਮ੍ਰਿਤਸਰ, 21 ਫਰਵਰੀ ( ਹਰਸਿਮਰਨ ਸਿੰਘ ਹੁੰਦਲ ): ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਨਜ਼ਰਬੰਦ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸਾਥੀਆਂ ਦੇ ਕਮਰੇ ਅਤੇ ਬਾਥਰੂਮਾਂ ਦੇ ਵਿੱਚ ਕੈਮਰੇ ਲਗਾ ਕੇ ਹਿੰਦ ਸਰਕਾਰ ਸਿੰਘਾਂ ਨੂੰ ਜਲੀਲ ਕਰਨ ਦਾ ਯਤਨ ਕਰ ਰਹੀ ਹੈ। ਸਰਕਾਰ ਨੂੰ ਇਹਨਾਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਉੱਤੋਂ ਐਨ.ਐਸ.ਏ. ਹਟਾ ਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਜਲਦ ਤਬਦੀਲ ਕੀਤਾ ਜਾਵੇ। ਉਹਨਾਂ ਨੇ ਸਰਕਾਰਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਦੇ ਨਾਲ ਵੀ ਸਰਕਾਰ ਕਦੇ ਅਜਿਹਾ ਵਰਤਾਓ ਕਰੇਗੀ ਜੋ ਸਾਡੇ ਸਿੰਘਾਂ ਨਾਲ ਹੋ ਰਿਹਾ ਹੈ ? ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅਜਿਹਾ ਵਰਤਾਓ ਕਰਕੇ ਭਾਰਤ ਸਰਕਾਰ ਹੋਰਾਂ ਸਿੱਖ ਨੌਜਵਾਨਾਂ ਦੇ ਮਨਾਂ ਵਿੱਚ ਇਹ ਡਰ-ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ ਕਿ ਜਿਹੜਾ ਵੀ ਨੌਜਵਾਨ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਅਤੇ ਖਾਲਿਸਤਾਨ ਦੀ ਗੱਲ ਕਰੇਗਾ ਉਸ ਦੇ ਨਾਲ ਵੀ ਅਜਿਹਾ ਵਿਹਾਰ ਕੀਤਾ ਜਾਵੇਗਾ।
ਹਿੰਦੁਸਤਾਨ ਦੇ ਦੋਹਰੇ ਕਾਨੂੰਨ ਦਾ ਸਿੱਖ ਹੁਣ ਤੋਂ ਹੀ ਸ਼ਿਕਾਰ ਨਹੀਂ ਹੋ ਰਹੇ ਬਲਕਿ 1947 ਤੋਂ ਹੀ ਸਿੱਖਾਂ ਦੇ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਸਮਾਂ ਮੰਗ ਕਰਦਾ ਹੈ ਕਿ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਇੱਕ ਮੰਚ ‘ਤੇ ਇਕੱਤਰ ਹੋ ਕੇ ਭਾਰਤ ਦੀ ਫਾਸ਼ੀਵਾਦੀ ਸਰਕਾਰ ਦੇ ਵਿਰੁੱਧ ਸੰਘਰਸ਼ ਛੇੜਨ। ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਜੇਕਰ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਾ ਅੱਤਵਾਦੀ ਨਹੀਂ, ਗੁਨਾਹਗਾਰ ਨਹੀਂ ਤਾਂ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲੇ, ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦੇ ਉੱਤੇ ਐਨ.ਐਸ.ਏ., ਯੂ.ਏ.ਪੀ.ਏ. ਕਿਉਂ ਲਗਾਈ ਜਾ ਰਹੀ ਹੈ ? ਜਦ ਕਿ ਖਾਲਿਸਤਾਨ ਦੇ ਰਾਹ ਵੀ ਸਾਨੂੰ ਹਿੰਦ ਹਕੂਮਤ ਨੇ ਤੋਰਿਆ ਹੈ। ਜੇਕਰ ਭਾਰਤ ਦੀ ਰਾਜ ਸੱਤਾ ਹਿੰਦੂ ਹੁਕਮਰਾਨਾਂ ਦੇ ਹੱਥਾਂ ਵਿੱਚ ਹੋਣ ਦੇ ਬਾਵਜੂਦ ਵੀ 100 ਕਰੋੜ ਹਿੰਦੂ ਆਪਣੇ ਆਪ ਨੂੰ ਖਤਰੇ ‘ਚ ਮਹਿਸੂਸ ਕਰਦਾ ਹੈ ਤਾਂ ਕੇਵਲ ਦੋ ਕੁ ਕਰੋੜ ਗਿਣਤੀ ਵਾਲੀ ਸਿੱਖ ਕੌਮ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰ ਲਵੇ ? ਜਦ ਕਿ ਸਾਡੇ ਗੁਰਧਾਮਾਂ ਦੇ ਉੱਤੇ ਹਮਲਾ ਅਤੇ ਸਾਡੀ ਨਸਲਕੁਸ਼ੀ ਹੋਈ ਹੈ। ਉਹਨਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਜੇਕਰ ਭਾਈ ਅੰਮ੍ਰਿਤਪਾਲ ਸਿੰਘ, ਭਾਈ ਪਪਲਪ੍ਰੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਭਗਵੰਤ ਸਿੰਘ, ਭਾਈ ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ ਬੁੱਕਣ ਵਾਲਾ, ਕੁਲਵੰਤ ਸਿੰਘ ਰਾਊਕੇ ਆਦਿ ਸਿੰਘਾਂ ਨੂੰ ਕੁਝ ਹੋਇਆ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੋਵੇਗੀ। ਸਰਕਾਰ ਆਪਣੇ ਘਟੀਆ ਮਨਸੂਬਿਆਂ ਤੋਂ ਬਾਜ ਆ ਕੇ ਸਾਡੇ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਅੰਮ੍ਰਿਤ ਛਕਾਉਣਾ, ਸਿੱਖੀ ਦਾ ਪ੍ਰਚਾਰ ਕਰਨਾ, ਨਸ਼ੇ ਛੁਡਾਉਣੇ ਵੀ ਸਰਕਾਰਾਂ ਦੀਆਂ ਨਿਗ੍ਹਾ ਦੇ ਵਿੱਚ ਵੱਡਾ ਗੁਨਾਹ ਬਣ ਚੁੱਕਾ ਹੈ ਤੇ ਹਿੰਦੂ ਹਾਕਮ ਤਾਂ ਅੰਗਰੇਜ਼ਾਂ ਅਤੇ ਮੁਗਲਾਂ ਨਾਲੋਂ ਵੀ ਵੱਧ ਜਾਲਮ ਨਿਕਲੇ ਹਨ।
Author: Gurbhej Singh Anandpuri
ਮੁੱਖ ਸੰਪਾਦਕ