Home » ਅੰਤਰਰਾਸ਼ਟਰੀ » ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਏ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਏ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

94 Views

ਭੁੱਖ ਹੜਤਾਲ ‘ਤੇ ਬੈਠੇ ਸਿੰਘਾਂ ਦੇ ਨੁਕਸਾਨ ਦੀ ਸੂਬਾ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ : ਫ਼ੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 22 ਫਰਵਰੀ ( ਹਰਸਿਮਰਨ ਸਿੰਘ ਹੁੰਦਲ )  ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਸਾਥੀਆਂ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਪਿਛਲੇ ਕੁਝ ਦਿਨਾਂ ਤੋਂ ਭੁੱਖ ਹੜਤਾਲ ਅਰੰਭੀ ਹੋਈ ਹੈ ਤੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਰਾਸਤੀ ਮਾਰਗ ‘ਚ ਸਾਰਾਗੜ੍ਹੀ ਸਰਾਂ ਦੇ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪਰਿਵਾਰਾਂ ਨੇ ਵੀ ਧਰਨਾ ਲਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਪ੍ਰਧਾਨ ਅਤੇ ਐੱਮ.ਪੀ. ਸਰਦਾਰ ਸਿਮਰਨਜੀਤ ਸਿੰਘ ਮਾਨ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਜਥੇਦਾਰ ਬਲਵੰਤ ਸਿੰਘ ਗੋਪਾਲਾ, ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ, ਭਾਈ ਅੰਗਦ ਸਿੰਘ ਖ਼ਾਲਸਾ ਅਤੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਵੀ ਪਹੁੰਚ ਕੇ ਨਜ਼ਰਬੰਦ ਸਿੰਘਾਂ ਦੇ ਹੱਕ ‘ਚ ਅਵਾਜ਼ ਬੁਲੰਦ ਕੀਤੀ।

ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ, ਭਾਈ ਪਪਲਪ੍ਰੀਤ ਸਿੰਘ, ਹਰਜੀਤ ਸਿੰਘ, ਬਸੰਤ ਸਿੰਘ ਦੌਲਤਪੁਰਾ, ਭਗਵੰਤ ਸਿੰਘ, ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ ਬੁੱਕਣ ਵਾਲਾ ਅਤੇ ਕੁਲਵੰਤ ਸਿੰਘ ਰਾਊਕੇ ਭੁੱਖ ਹੜਤਾਲ ਕਾਰਨ ਜੇਲ੍ਹ ‘ਚ ਸਿਹਤ ਵਿਗੜ ਰਹੀ ਹੈ ਤੇ ਜੇ ਸਿੰਘਾਂ ਨੂੰ ਕੁਝ ਹੋਇਆ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੋਵੇਗੀ। ਸਰਕਾਰ ਆਪਣੇ ਘਟੀਆ ਮਨਸੂਬਿਆਂ ਤੋਂ ਬਾਜ ਆਵੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਬਲਵੰਤ ਸਿੰਘ ਗੋਪਾਲਾ ਤੇ ਅੰਗਦ ਸਿੰਘ ਕਸ਼ਮੀਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਿਛਲੇ ਤਕਰੀਬਨ ਗਿਆਰਾਂ ਮਹੀਨਿਆਂ ਤੋਂ ਡਿਬਰੂਗੜ੍ਹ ਜੇਲ ਅੰਦਰ ਨਜਰਬੰਦ ਦਸ ਸਿੱਖ ਨੌਜਵਾਨਾਂ ਵਿਰੁੱਧ ਲੱਗੀ ਐਨ.ਐਸ.ਏ ਰੱਦ ਕਰਕੇ ਉਹਨਾਂ ਨੂੰ ਪੰਜਾਬ ਤਬਦੀਲ ਕੀਤਾ ਜਾਵੇ ਅਤੇ ਉਹਨਾਂ ਵਿਰੁੱਧ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਨੂੰ ਵਿਰਾਮ ਲਾਇਆ ਜਾਵੇ। ਨਜ਼ਰਬੰਦ ਸਿੰਘਾਂ ਦੀਆਂ ਬੈਰਕਾਂ ਵਿੱਚੋਂ ਮੋਬਾਈਲ ਫੋਨ ਅਤੇ ਹੋਰ ਗ਼ੈਰ-ਕਾਨੂੰਨੀ ਸਮਾਨ ਮਿਲਣ ਦੀਆਂ ਸਰਕਾਰੀ ਖ਼ਬਰਾਂ ਨੂੰ ਕੋਰਾ ਝੂਠ ਦੱਸਦਿਆਂ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਐਨ.ਐਸ.ਏ ਅਧੀਨ ਨਜ਼ਰਬੰਦੀ ਨੂੰ ਵਧਾਉਣ ਲਈ ਜ਼ਮੀਨ ਤਿਆਰ ਕਰ ਰਹੀਆਂ ਹਨ। ਸਰਕਾਰ ਦੇ ਹੋਛੇ ਹੱਥਕੰਡਿਆਂ ਵਿਰੁੱਧ ਪ੍ਰਤੀਕਰਮ ਦਿੰਦੇ ਹੋਏ ਫ਼ੈਡਰੇਸ਼ਨ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਸਭਾ ਚੋਣਾਂ ਦੇ ਮੱਦੇਨਜਰ ਸੋਚ-ਸਮਝ ਕੇ ਪੰਜਾਬ ਦੇ ਰਾਜਸੀ ਤਾਪਮਾਨ ਨੂੰ ਉਭਾਲ ਕੇ ਰੱਖਣਾ ਚਾਹੁੰਦੀ ਹੈ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਸਿੱਖ ਕਾਰਕੁੰਨਾ ਨੂੰ ਆਪਣੇ ਏਜੰਡੇ ਦੀ ਪੂਰਤੀ ਲਈ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਜੇਲ੍ਹ ਅੰਦਰ ਬੰਦ ਸਿੱਖ ਨੌਜਵਾਨ ਆਪਣੀ ਮੰਗ ਮਨਵਾਉਣ ਲਈ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਜੇਕਰ ਉਹਨਾਂ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਵਲੋਂ ਕੈਦੀਆਂ ਦੀਆਂ ਬੈਰਕਾਂ ਅਤੇ ਬਾਥਰੂਮ ਵਿੱਚ ਗੁਪਤ ਕੈਮਰੇ ਲਗਾ ਕੇ ਉਹਨਾਂ ਉੱਤੇ ਨਜ਼ਰ ਰੱਖਣ ਦੀ ਗੱਲ ਵੀ ਸਾਹਮਣੇ ਆਈ ਹੈ, ਜੋ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਦਾ ਇਹ ਕਾਰਾ ਬਿਲਕੁਲ ਗ਼ੈਰ-ਕਾਨੂੰਨੀ ਅਤੇ ਗੋਪਨੀਯਤਾ ਦੇ ਅਧਿਕਾਰ ਦੀ ਉਲੰਘਣਾ ਹੈ।

ਉਹਨਾਂ ਨੇ ਸਰਕਾਰਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਦੇ ਨਾਲ ਵੀ ਸਰਕਾਰ ਕਦੇ ਅਜਿਹਾ ਵਰਤਾਓ ਕਰੇਗੀ ਜੋ ਸਾਡੇ ਸਿੰਘਾਂ ਨਾਲ ਹੋ ਰਿਹਾ ਹੈ ? ਜੇਕਰ ਭਾਰਤ ਦੀ ਰਾਜ ਸੱਤਾ ਹਿੰਦੂ ਹੁਕਮਰਾਨਾਂ ਦੇ ਹੱਥਾਂ ਵਿੱਚ ਹੋਣ ਦੇ ਬਾਵਜੂਦ ਵੀ 100 ਕਰੋੜ ਹਿੰਦੂ ਆਪਣੇ ਆਪ ਨੂੰ ਖਤਰੇ ‘ਚ ਮਹਿਸੂਸ ਕਰਦਾ ਹੈ ਤਾਂ ਕੇਵਲ ਦੋ ਕੁ ਕਰੋੜ ਗਿਣਤੀ ਵਾਲੀ ਸਿੱਖ ਕੌਮ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰ ਲਵੇ ? ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਮੋਰਚੇ ‘ਤੇ ਪੁੱਜ ਕੇ ਸਿੰਘਾਂ ਵਾਸਤੇ ਅਵਾਜ ਬੁਲੰਦ ਕੀਤੀ ਜਾਵੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?