ਰੋਮ 25 ਫਰਵਰੀ ( ਦਲਵੀਰ ਸਿੰਘ ਕੈਂਥ ) ਭਾਈ ਹਰਪਾਲ ਸਿੰਘ ਪਾਲਾ ਸਾਬਕਾ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਜੋ ਕਿ ਪਿਛਲੇ ਦਿਨੀ ਇੱਕ ਦੁਖਦ ਘਟਨਾ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। (ਉਹ ਘਟਨਾ ਅਜੇ ਤਫਤੀਸ਼ ਅਧੀਨ ਹੈ)ਅੱਜ ਮਿਤੀ 24 ਫਰਵਰੀ ਨੂੰ ਉਹਨਾਂ ਦੀ ਮ੍ਰਿਤਕ ਦੇਹ ਨੂੰ ਸਵੇਰੇ 9.30 ਵਜੇ ਆਖਰੀ ਦਰਸ਼ਨਾਂ ਅਤੇ ਅੰਤਿਮ ਅਰਦਾਸ ਲਈ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਲਿਆਂਦਾ ਗਿਆ ਸੀ। ਭਾਈ ਸਾਹਿਬ ਦਾ ਇਲਾਕੇ ਅਤੇ ਸਾਰੀ ਇਟਲੀ ਵਿੱਚ ਸੰਗਤਾਂ ਨਾਲ ਇਨਾਂ ਪਿਆਰ ਸੀ ਕਿ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਬਹੁਤ ਵੱਡਾ ਇਕੱਠ ਹੋਇਆ। ਸੰਗਤਾਂ ਵੱਲੋਂ ਲਗਭਗ 45 ਮਿੰਟ ਨਾਮ ਸਿਮਰਨ ਕੀਤਾ ਗਿਆ ਉਪਰੰਤ ਅਰਦਾਸ ਹੋਈ। ਇਸ ਮੌਕੇ ਨੋਵੇਲਾਰਾ ਸ਼ਹਿਰ ਦੀ ਮੇਅਰ ਐਲੇਨਾ ਕਰਲੈਤੀ ਨੇ ਸੰਗਤਾਂ ਨਾਲ ਸ਼ਬਦਾਂ ਦੀ ਸਾਂਝ ਵੀ ਕੀਤੀ।ਇਸ ਮੌਕੇ ਚਰਚ ਦੇ ਪਾਦਰੀ ਡੋਨ ਕਾਮੀਲੋ ਅਤੇ ਸਾਬਕਾ ਮੇਅਰ ਨੇ ਵੀ ਸ਼ਿਰਕਤ ਕੀਤੀ ਅਤੇ ਇਟਲੀ ਭਰ ਤੋਂ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਮਾਤਾ ਵੈਸ਼ਣੋ ਮੰਦਿਰ ਨੋਵੇਲਾਰਾ ਵੱਲੋਂ ਵੀ ਅੰਤਿਮ ਸੰਸਕਾਰ ਵਿੱਚ ਹਾਜ਼ਰੀ ਭਰੀ ਗਈ।
ਇਸ ਮੌਕੇ ਸਿਵਲ ਪ੍ਰੋਟੈਕਸ਼ਨ ਨੋਵੇਲਾਰਾ ਦੀ ਟੀਮ ਵੀ ਹਾਜ਼ਰ ਸੀ। ਕਰੀਬ 12 ਵਜੇ ਮੋਦੇਨਾਂ ਸ਼ਹਿਰ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉੱਪਰੰਤ ਸਾਧ ਸੰਗਤ ਗੁਰਦੁਆਰਾ ਸਾਹਿਬ ਨੋਵੇਲਾਰਾ ਵਿਖੇ ਪਹੁੰਚੀ ਅਤੇ ਅਲਾਹਣੀਆਂ ਦੀ ਬਾਣੀ ਦਾ ਜਾਪ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਇਲਾਕਾ ਨਿਵਾਸੀ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਭਾਈ ਸਾਹਿਬ ਦੇ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਗਏ ਜਿਨਾਂ ਦੇ ਭੋਗ ਐਤਵਾਰ 3 ਮਾਰਚ 2024 ਨੂੰ ਪਾਏ ਜਾਣਗੇ। ਇਸੇ ਤਰ੍ਹਾਂ ਭਾਈ ਸਾਹਿਬ ਜੀ ਦੇ ਪਰਿਵਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਨਾਂ ਦੇ ਭੋਗ ਵੀ 3 ਮਾਰਚ ਨੂੰ ਹੀ ਪਾਏ ਜਾਣਗੇ। ਪ੍ਰਬੰਧਕ ਕਮੇਟੀ ਅਤੇ ਪਰਿਵਾਰ ਵੱਲੋਂ ਸਾਰੀ ਇਲਾਕਾ ਅਤੇ ਇਟਲੀ ਨਿਵਾਸੀ ਸਾਧ ਸੰਗਤ ਨੂੰ ਅਪੀਲ ਹੈ ਕਿ ਭਾਈ ਸਾਹਿਬ ਨਮਿੱਤ ਰੱਖੇ ਸਮਾਗਮ ਵਿੱਚ ਹੁੰਮਹੁੰਮਾ ਕੇ ਪਹੁੰਚੇ।
Author: Gurbhej Singh Anandpuri
ਮੁੱਖ ਸੰਪਾਦਕ