ਰੋਮ 29 ਫਰਵਰੀ ( ਦਲਬੀਰ ਸਿੰਘ ਕੈਂਥ ) ਇਟਲੀ ਦਾ ਮੌਸਮ ਹਮੇਸਾਂ ਹੀ ਇੱਥੇ ਦੇ ਮੌਸਮ ਵਿਭਾਗ ਲਈ ਚਨੌਤੀ ਬਣਿਆ ਰਹਿੰਦਾ ਹੈ ਜਿਸ ਦੇ ਚੱਲਦਿਆਂ ਇਟਲੀ ਦੇ ਬਾਸਿੰਦਿਆਂ ਦਾ ਖਰਾਬ ਮੌਸਮ ਕਾਰਨ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ।ਇੱਕ ਪਾਸੇ ਇਟਲੀ ਦੀਆਂ ਨਦੀਆਂ ਵਿੱਚ ਪਾਣੀ ਘੱਟਦਾ ਜਾ ਰਿਹਾ ਹੈ ਦੂਜੇ ਪਾਸੇ ਇਟਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਏ ਹੋਏ ਹਨ।ਇਟਲੀ ਦੇ ਵੇਨੇਤੋ ਸੂਬੇ ਵਿੱਚ ਖਰਾਬ ਮੌਸਮ ,ਤੇਜ ਹਵਾਵਾਂ ਤੇ ਭਾਰੀ ਮੀਂਹ ਕਾਰਨ ਇਟਲੀ ਦੇ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ (ਨਾਗਰਿਕ ਸੁੱਰਖਿਆ ਵਿਭਾਗ)ਨੇ ਕੁਝ ਇਲਾਕਿਆ ਵਿੱਚ ਰੈੱਡ ਅਲਰਟ ਕਰ ਦਿੱਤਾ ਹੈ ਜਦੋਂ ਕਿ ਇਮਿਲੀਆ ਰੋਮਾਨਾ ਸੂਬੇ ਦੇ ਕਈ ਇਲਾਕੇ ਦੂਜੇ ਖਤਰੇ ਦੇ ਸੰਗਤਰੀ ਨਿਸ਼ਾਨ ਤੇ ਹਨ।ਇਹਨਾਂ ਇਲਾਕਿਆਂ ਭਾਰੀ ਮੀਂਹ ਵੀ ਹੈ ਤੇ ਭਾਰੀ ਬਰਫ਼ਬਾਰੀ ਵੀ ਹੈ।ਖਰਾਬ ਮੌਸਮ ਕਾਰਨ ਰੇਲ ਸੇਵਾਵਾਂ ਵੇਨਿਸ,ਮਿਲਾਨ,ਵਿਚੈਂਸਾ ਤੇ ਪਾਦੋਵਾ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀਆਂ ਹਨ ਕਈ ਰੂਟ ਤਾਂ ਮੁਅਤੱਲ ਹੀ ਕਰਨੇ ਪੈ ਰਹੇ ਹਨ।
ਵਿਚੈਂਸਾ ਇਲਾਕੇ ਵਿੱਚ ਸਕੂਲ ਵੀ ਬੰਦ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਘੱਟ ਜਾਵੇ।ਲਿਗੂਰੀਆ ਇਲਾਕੇ ਵਿੱਚ ਜਮੀਨ ਖਿਸਕਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੱਡਾ ਬਿਘਨ ਪੈ ਰਿਹਾ ਹੈ।ਜੇਨੋਆਂ ਇਲਾਕੇ ਵਿੱਚ ਖਰਾਬ ਮੌਸਮ ਦੇ ਕਾਰਨ ਹੀ ਬਿਜਲੀ ਤੇ ਦੂਰਸੰਚਾਰ ਸੇਵਾਵਾ ਠੱਪ ਹੋ ਜਾਣ ਕਾਰਨ 1000 ਲੋਕਾਂ ਦਾ ਸੰਪਰਕ ਟੁੱਟ ਗਿਆ ਹੈ ।ਇਸ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਦਾ ਪਾਣੀ ਨੱਕੋ-ਨੱਕ ਹੋਇਆ ਪਿਆ ਹੈ ਜਿਹਨਾਂ ਦੇ ਕਿਨਾਰੇ ਕਦੀਂ ਵੀ ਟੁੱਟ ਸਕਦੇ ਹਨ ।ਅਰਨੋਂ ਨਦੀਂ ਦੀ ਵਿਸੇ਼ਸ ਨਿਗਰਾਨੀ ਕੀਤੀ ਜਾ ਰਹੀ ਹੈ।ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਨੇ ਪ੍ਰਭਾਵਿਤ ਇਲਾਕਿਆਂ ਦੇ ਬਾਸਿੰਦਿਆਂ ਨੂੰ ਸੁੱਰਖਿਅਤ ਥਾਵਾਂ ਤੇ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਖਰਾਬ ਮੌਸਮ ਹੋ ਸਕਦਾ ਹੋਰ ਪ੍ਰੇਸ਼ਾਨੀਆਂ ਪੈਦਾ ਕਰੇ।
Author: Gurbhej Singh Anandpuri
ਮੁੱਖ ਸੰਪਾਦਕ