ਰੋਮ 29 ਫਰਵਰੀ ( ਦਲਵੀਰ ਸਿੰਘ ਕੈਂਥ ) ਇਟਲੀ ਵਿੱਚ ਇਨੀਂ ਦਿਨੀ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਇਟਲੀ ਵਿੱਚ ਜਨਮੇ ਬੱਚੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਹਰਿਆਣਾ ਦੇ ਕਰਨਾਲ ਜ਼ਿਲੇ ਅੰਦਰ ਪੈਂਦੇ ਪਿੰਡ ਜੂੰਡਲਾਂ ਤੋਂ 1993 ਵਿੱਚ ਕੰਮ ਕਾਰ ਲਈ ਇਟਲੀ ਆਏ ਸ਼੍ਰੀ ਸਤੀਸ਼ ਕੁਮਾਰ ਅਤੇ ਸ਼੍ਰੀਮਤੀ ਸ਼ਸ਼ੀ ਬਾਲਾ ਦੀ ਬੇਟੀ ਅਲੀਸ਼ਾ ਕੁਮਾਰ ਨੇ ਪੜ੍ਹਾਈ ਵਿੱਚ ਅੱਵਲ ਦਰਜਾ ਪ੍ਰਾਪਤ ਕਰਕੇ ਆਪਣਾ ਨਾਮ ਦਰਜ ਕਰਵਾਇਆ ਹੈ।
ਇਹ ਪਰਿਵਾਰ ਇਟਲੀ ਦੀ ਲੰਬਾਰਦੀਆ ਸਟੇਟ ਅੰਦਰ ਪੈਂਦੇ ਜ਼ਿਲ੍ਹਾ ਲੋਧੀ ਦੇ ਸ਼ਹਿਰ ਉਸਾਝੋ ਵਿਖੇ ਰਹਿੰਦਾ ਹੈ। ਅਲੀਸ਼ਾ ਕੁਮਾਰ ਜਿਸਦਾ ਜਨਮ ਇਟਲੀ ਦਾ ਹੈ ਉਸਨੇ ਸਤੰਬਰ 20180ਵਿੱਚ “ਉਨੀਵਰਸੀਤਾ ਕਾਤੋਲੀਕਾ ਦੈਲ ਸਾਕਰੋ ਕੂਓਰੇ” ਪਿਆਚੇਂਸਾ ਤੋਂ ਗਲੋਬਲ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਬੀਤੀ 23 ਫਰਵਰੀ ਨੂੰ ਅਲੀਸ਼ਾ ਕੁਮਾਰ ਨੂੰ ਗਲੋਬਲ ਬਿਜਨਸ ਮੈਨੇਜਮੈਂਟ ਦੇ ਫਾਈਨਲ ਦੀ ਡਿਗਰੀ ਮਿਲੀ। ਜਿਸ ਵਿੱਚ ਉਸਨੇ 110 ਵਿੱਚੋਂ 110 + ਨੰਬਰ ਪ੍ਰਾਪਤ ਕੀਤੇ। ਉਸਦੀ ਇਸ ਉਪਲਬਧੀ ਤੇ ਬੋਲਦਿਆਂ ਯੂਨੀਵਰਸਿਟੀ ਦੇ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ 110 ਵਿੱਚੋਂ 110 + ਅੰਕ ਹਾਸਲ ਕਰਨ ਤੇ ਉਸਦੀ ਪ੍ਰਸ਼ੰਸਾ ਕੀਤੀ। ਜ਼ਿਕਰ ਯੋਗ ਹੈ ਕਿ ਅਲੀਸ਼ਾ ਕੁਮਾਰ ਪੜ੍ਹਾਈ ਦੇ ਨਾਲ-ਨਾਲ ਇਕ ਸਾਲ ਤੋਂ ਨੌਕਰੀ ਵੀ ਕਰ ਰਹੀ ਹੈ।
ਅਲੀਸ਼ਾ ਕੁਮਾਰ ਦੀ ਮਾਤਾ ਸ਼੍ਰੀਮਤੀ ਸ਼ਸ਼ੀ ਬਾਲਾ ਅਤੇ ਪਿਤਾ ਸ੍ਰੀ ਸਤੀਸ਼ ਕੁਮਾਰ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਬਹੁਤ ਮਿਹਨਤੀ ਹੈ ਅਤੇ ਪੜ੍ਹਾਈ ਵਿੱਚ ਉਹ ਸ਼ੁਰੂ ਤੋਂ ਹੀ ਬਹੁਤ ਅੱਗੇ ਰਹੀ ਹੈ। ਉਹਨਾਂ ਦੇ ਪਰਿਵਾਰ ਵਿੱਚ ਅਲੀਸ਼ਾ ਤੋਂ ਇਲਾਵਾ ਇੱਕ ਬੇਟਾ ਵੀ ਹੈ। ਉਹਨਾਂ ਨੇ ਕਿਹਾ ਕਿ ਅਲੀਸ਼ਾ ਦੀ ਇਸ ਉਪਲਬਧੀ ਤੇ ਉਹਨਾਂ ਨੂੰ ਮਾਣ ਹੈ ਅਤੇ ਉਹਨਾਂ ਨੂੰ ਇਲਾਕਾ ਨਿਵਾਸੀ ਲੋਕਾਂ ਰਿਸ਼ਤੇਦਾਰਾਂ ਅਤੇ ਸਬੰਧੀਆਂ ਵੱਲੋਂ ਬਹੁਤ ਸਾਰੇ ਵਧਾਈ ਦੇ ਸੰਦੇਸ਼ ਮਿਲ ਰਹੇ ਹਨ। ਉਹ ਸਭ ਦਾ ਵਧਾਈ ਸੰਦੇਸ਼ਾਂ ਲਈ ਧੰਨਵਾਦ ਕਰਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ