ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਨ – ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ, 6 ਮਾਰਚ- ( ਹਰਸਿਮਰਨ ਸਿੰਘ ਹੁੰਦਲ ) ਪਿਛਲੇ 28 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ ਤਿੰਨ ਬੰਦੀ ਸਿੰਘਾਂ ਇੰਜੀਨੀਅਰ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਉਨ੍ਹਾਂ ਵਿਚ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਿੰਘ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ ਹਨ ਅਤੇ ਉਹ ਬੰਦੀਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਕਿ ਜਲਦ ਹੀ ਇਨ੍ਹਾਂ ਸਾਰੇ ਬੰਦੀ ਸਿੰਘਾਂ ਨੂੰ ਪੱਕੀ ਰਿਹਾਈ ਵੀ ਮਿਲੇ।
ਇਸ ਮੌਕੇ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਨੇ ਆਖਿਆ ਕਿ ਮੌਜੂਦਾ ਸਮੇਂ ਵਿਚ ਖ਼ਾਲਸਾ ਪੰਥ ਦੀ ਆਪਸੀ ਏਕਤਾ ਦੀ ਸਭ ਤੋਂ ਤਰਜੀਹੀ ਲੋੜ ਹੈ। ਪੰਥਕ ਏਕਤਾ ਹੋਵੇ ਤਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਡੇ ਅੱਗੇ ਝੁਕੇਗੀ ਅਤੇ ਹਰ ਬਾਹਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਦਹਾਕਿਆਂ ਦੀ ਨਜ਼ਰਬੰਦੀ ਵੀ ਉਨ੍ਹਾਂ ਦੀ ਆਤਮਿਕ ਚੜ੍ਹਦੀਕਲਾ ਵਿਚ ਫਰਕ ਨਹੀਂ ਪਾ ਸਕੀ ਪਰ ਪੰਥ ਦੇ ਬਿਖੜੇ ਹਾਲਾਤਾਂ ਨੂੰ ਵੇਖ ਕੇ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ, ਗੁਰੂ ਦੇ ਹੁਕਮ ਅਨੁਸਾਰ ਕੀਤਾ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਨਜ਼ਰਬੰਦੀ ਲਈ ਕਿਸੇ ’ਤੇ ਕੋਈ ਗਿਲ੍ਹਾ-ਸ਼ਿਕਵਾ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਆਪਣੀ ਨਜ਼ਰਬੰਦੀ ਦਾ ਸਮਾਂ ਉਨ੍ਹਾਂ ਦੇ ਗੁਰਬਾਣੀ ਅਤੇ ਸਿਮਰਨ ਦਾ ਆਸਰਾ ਲੈ ਕੇ ਕੱਟਿਆ ਹੈ ਅਤੇ ਉਹ ਅੱਜ ਵੀ ਚੜ੍ਹਦੀ ਕਲਾ ਨਾਲ ਪੰਥ ਦੀ ਹਰ ਤਰ੍ਹਾਂ ਸੇਵਾ ਕਰਨ ਲਈ ਤਿਆਰ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਨਿਜੀ ਸਹਾਇਕ ਸ. ਜਸਪਾਲ ਸਿੰਘ ਤੇ ਸ. ਅਜੀਤ ਸਿੰਘ, ਭਗਵਾਨ ਸਿੰਘ ਅਤੇ ਬਾਸ਼ਰਤ ਜਮਾਨਤ ‘ਤੇ ਰਿਹਾਅ ਹੋਏ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ