ਅੰਮ੍ਰਿਤਸਰ, 8 ਮਾਰਚ ( ਹਰਸਿਮਰਨ ਸਿੰਘ ਹੁੰਦਲ ) ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਸਾਥੀਆਂ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਤਬਦੀਲੀ ਕਰਵਾਉਣ ਤੇ ਐਨ.ਐਸ.ਏ ਹਟਵਾਉਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਲੱਗੇ ਮੋਰਚੇ ‘ਚ ਅੱਜ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜੋਸ਼ੀਲੀ ਤਕਰੀਰ ਕਰਦਿਆਂ ਕਿਹਾ ਕਿ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਦੂਜੇ ਪਾਸੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ, ਤੀਜੇ ਪਾਸੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਆਦਿ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਚੌਥੇ ਪਾਸੇ ਭਾਈ ਜਗਤਾਰ ਸਿੰਘ ਜੱਗੀ ਜੌਹਲ, ਭਾਈ ਰਮਨਦੀਪ ਸਿੰਘ ਬੱਗਾ, ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਸੰਦੀਪ ਸਿੰਘ ਸੰਨੀ ਵੀ ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦ ਹਨ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਦਸ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਇਕ ਸਾਲ ਤੋਂ ਕੈਦ ਹਨ, ਕਾਲੇ ਕਾਨੂੰਨ ਐਨ.ਐਸ.ਏ. ਨੂੰ ਹਟਾਉਣ ਅਤੇ ਡਿਬਰੂਗੜ੍ਹ ਤੋਂ ਪੰਜਾਬ ਦੀ ਜੇਲ ‘ਚ ਤਬਦੀਲੀ ਕਰਨ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਸਾਥੀਆਂ ਸਮੇਤ 16 ਫਰਵਰੀ ਤੋਂ ਭੁੱਖ ਹੜਤਾਲ ਤੇ ਹਨ, 22 ਫਰਵਰੀ ਤੋਂ ਇਹਨਾਂ ਸਿੰਘਾਂ ਦੇ ਮਾਪੇ ਅੰਮ੍ਰਿਤਸਰ ਮੋਰਚਾ ਲਾ ਕੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਸੰਘਰਸ਼ਸ਼ੀਲ ਕਿਸਾਨ ਵੀ ਸ਼ੰਭੂ ਬਾਰਡਰ ‘ਤੇ ਮੋਰਚਾ ਲਾ ਕੇ ਬੈਠੇ ਹੋਏ ਹਨ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਜਾਣ ਤੋਂ ਡੱਕਿਆ ਹੋਇਆ ਹੈ, ਸ਼ੁੱਭਕਰਨ ਸਿੰਘ ਦੀ ਸ਼ਹਾਦਤ ਸਮੇਤ ਕਈ ਨੌਜਵਾਨ ਕਿਸਾਨ ਜਖਮੀ ਹੋ ਚੁੱਕੇ ਹਨ| ਇਹ ਭਾਰਤ ਦੀ ਰਾਜ ਸੱਤਾ ਤੇ ਕਾਬਜ ਹਿੰਦੂ ਹਾਕਮਾਂ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਸਾਡੀ ਦੁਰਗਤੀ ਹੋ ਰਹੀ ਹੈ।
ਇਹਨਾਂ ਹਾਲਾਤਾਂ ਲਈ ਸੂਬਾ ਅਤੇ ਕੇਂਦਰ ਸਰਕਾਰ ਜਿੰਮੇਵਾਰ ਹੈ, ਸਰਕਾਰਾਂ ਬੇ-ਰਹਿਮ ਹੋ ਕੇ ਸਿੱਖਾਂ ਦਾ ਖੂਨ ਚੂਸ ਰਹੀਆਂ ਹਨ। ਜੇਲਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ, ਭਾਈ ਪਪਲਪ੍ਰੀਤ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਧਰ ਮੋਰਚੇ ਤੇ ਬੈਠੇ ਪਰਿਵਾਰਾਂ ਦੀ ਸਿਹਤ ਵਿਗੜ ਰਹੀ ਹੈ ਪਰ ਸਰਕਾਰ ਉੱਤੇ ਕੋਈ ਅਸਰ ਨਾ ਹੋਣਾ ਇਹ ਖਤਰੇ ਦੀ ਘੰਟੀ ਹੈ। ਸਰਕਾਰਾਂ ਜਬਰ ਜੁਲਮ ਕਰਕੇ ਸਾਡੇ ਸਿੱਖੀ ਸਿਦਕ ਅਤੇ ਸਬਰ ਨੂੰ ਤੋੜਨਾ ਚਾਹੁੰਦੀਆਂ ਹਨ ਪਰ ਖਾਲਸਾ ਝੁਕੇਗਾ ਨਹੀਂ ਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਾ ਰਹੇਗਾ। ਉਹਨਾਂ ਕਿਹਾ ਕਿ ਫਸਲਾਂ ਤੇ ਨਸਲਾਂ ਦੀ ਰਾਖੀ ਲਈ ਸੰਘਰਸ਼ ਹੀ ਅਖੀਰਲਾ ਰਾਹ ਹੈ। ਜੇਕਰ ਅੰਮ੍ਰਿਤ ਛਕਾਉਣਾ, ਨਸ਼ੇ ਛਡਾਉਣਾ, ਸਿੱਖੀ ਦਾ ਪ੍ਰਚਾਰ ਕਰਨਾ, ਆਪਣੇ ਹੱਕਾਂ ਹਕੂਕਾਂ ਤੇ ਆਜ਼ਾਦੀ ਲਈ ਸੰਘਰਸ਼ ਕਰਨਾ ਗੁਨਾਹ ਹੈ ਤਾਂ ਇਹ ਗੁਨਾਹ ਹਰੇਕ ਸਿੱਖ ਕਰਨ ਨੂੰ ਤਿਆਰ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੁੱਤਰ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਾਰਸ ਹਾਂ। ਉਹਨਾਂ ਕਿਹਾ ਕਿ ਸਿੰਘਾਂ ਦੀਆਂ ਰਿਹਾਈਆਂ ਲਈ ਕੌਮੀ ਬਲਬੂਤੇ, ਸਿਆਸੀ ਸ਼ਕਤੀ ਤੇ ਕਾਨੂੰਨੀ ਚਾਰਾਜੋਈ ਦੀ ਲੋੜ ਹੈ ਅਤੇ ਪੰਥਕ ਏਕਤਾ ਸਮੇਂ ਦੀ ਮੰਗ ਹੈ। ਉਹਨਾਂ ਇਹ ਵੀ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ, ਜੁਝਾਰੂ ਸਿੰਘਾਂ, ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਨੌਜਵਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਗੁਰਬਾਣੀ ਦੇ ਲੜ ਲੱਗਣ ਤੇ ਸੰਘਰਸ਼ਸ਼ੀਲ ਹੋਣ।
Author: Gurbhej Singh Anandpuri
ਮੁੱਖ ਸੰਪਾਦਕ