ਅੰਮ੍ਰਿਤਸਰ, 25 ਮਾਰਚ ( ਹਰਸਿਮਰਨ ਸਿੰਘ ਹੁੰਦਲ ): ਭਾਰਤ ਸਰਕਾਰ ਨੇ ਸਿੱਖ ਪ੍ਰਚਾਰਕ, ਪੰਥਕ ਲੇਖਕ, ਖ਼ਾਲਸਾ ਫ਼ਤਹਿਨਾਮਾ ਦੇ ਸਹਾਇਕ ਸੰਪਾਦਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਯੂ-ਟਿਊਬ ਖਾਤਾ ਭਾਰਤ ਵਿੱਚ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਖਾਤੇ ਵੀ ਸਰਕਾਰ ਕਈ ਵਾਰ ਬੰਦ ਕਰ ਚੁੱਕੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਉਹਨਾਂ ਦੇ ਲਿਖਣ ਅਤੇ ਬੋਲਣ ਦੀ ਆਜ਼ਾਦੀ ‘ਤੇ ਹਮਲਾ ਕਰ ਰਹੀ ਹੈ, ਇਹ ਸੰਵਿਧਾਨਿਕ ਹੱਕਾਂ ‘ਤੇ ਡਾਕਾ ਹੈ, ਮਨੁੱਖੀ ਹੱਕਾਂ ਦਾ ਘਾਣ ਅਤੇ ਲੋਕਤੰਤਰ ਦਾ ਕਤਲ ਹੈ। ਉਹਨਾਂ ਕਿਹਾ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਸਰਕਾਰ ਨੂੰ ਸਿੱਖੀ ਪ੍ਰਚਾਰ ਤੋਂ ਬੇਹੱਦ ਤਕਲੀਫ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਜੋ ਯੂ-ਟਿਊਬ ਖਾਤਾ ਭਾਰਤ ਸਰਕਾਰ ਨੇ ਬੰਦ ਕੀਤਾ ਹੈ ਉਸ ਵਿੱਚ ਬਹੁਤ ਸਾਰੀਆਂ ਸਿੱਖੀ ਪ੍ਰਚਾਰ ਨਾਲ ਸੰਬੰਧਤ ਵੀਡੀਓ, ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ, ਗੁਰਮਤਿ ਅਤੇ ਸ਼ਹੀਦੀ ਸਮਾਗਮਾਂ ਦੀਆਂ ਵੀਡੀਓ ਅਤੇ ਗਤਕੇ ਨਾਲ ਸੰਬੰਧਿਤ ਵੀਡੀਓ ਸਨ ਤੇ ਕੁਝ ਵੀਡੀਓ ਦੇ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਕੀਤੇ ਗਏ ਮਾਰਚ, ਪ੍ਰਦਰਸ਼ਨ, ਸੈਮੀਨਾਰ ਆਦਿਕ ਸਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਯੂਟਿਊਬ ਨੇ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਵੀ ਭੇਜਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਕਾਰਨਾਂ ਕਰਕੇ ਭਾਰਤ ਸਰਕਾਰ ਵੱਲੋਂ ਇਹ ਸਮੱਗਰੀ ਹਟਾਈ ਗਈ ਹੈ, ਇਹ ਖਾਤਾ ਹੁਣ ਭਾਰਤ ਵਿੱਚ ਉਪਲਬਧ ਨਹੀਂ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸਰਕਾਰ ਉਹਨਾਂ ਦਾ ਫੇਸਬੁੱਕ ਖਾਤਾ ਮਹੀਨੇ ਜਾਂ ਦੋ ਮਹੀਨਿਆਂ ਬਾਅਦ ਹੀ ਬੰਦ ਕਰ ਦਿੰਦੀ ਹੈ, ਇਸ ਤੋਂ ਪਹਿਲਾਂ ਸਾਡੀ ਵੈੱਬਸਾਈਟ, ਫੇਸਬੁੱਕ ਸਫੇ, ਐਪਲੀਕੇਸ਼ਨ ਆਦਿ ਵੀ ਸਰਕਾਰ ਬੰਦ ਕਰ ਚੁੱਕੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਰਕਾਰ ਨੇ ਮਹੀਨਾਵਾਰ ਪੰਥਕ ਮੈਗਜ਼ੀਨ ਖ਼ਾਲਸਾ ਫ਼ਤਹਿਨਾਮਾ ਬੰਦ ਕਰਵਾਉਣ ਲਈ ਵੀ ਵੱਡਾ ਹਮਲਾ ਕੀਤਾ ਹੈ, ਵਾਰ-ਵਾਰ ਨੋਟਿਸ ਭੇਜ ਕੇ, ਕੇਸ ਕਰਕੇ, ਰਜਿਸਟ੍ਰੇਸ਼ਨ ਰੱਦ ਕਰਵਾਉਣ ਦੀ ਪ੍ਰਕਿਰਿਆ ਨਾਲ ਸਾਡੀ ਘੇਰਾਬੰਦੀ ਕੀਤੀ ਹੈ ਤੇ ਪੰਥਕ ਆਵਾਜ਼ ਨੂੰ ਬੰਦ ਕਰਨ ਦਾ ਸਖਤ ਰਾਹ ਅਪਣਾਇਆ ਹੋਇਆ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਖਾਲਿਸਤਾਨੀ ਚਿੰਤਕ ਅਤੇ ਪੰਥਕ ਲੇਖਕ ਭਾਈ ਸਰਬਜੀਤ ਸਿੰਘ ਘੁਮਾਣ ਦੇ ਫੇਸਬੁੱਕ ਖਾਤੇ ਅਤੇ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ ਦਾ ਆਪਣਾ ਸਾਂਝਾ ਪੰਜਾਬ ਚੈੱਨਲ ਵੀ ਸਰਕਾਰ ਬੰਦ ਕਰ ਚੁੱਕੀ ਹੈ।
Author: Gurbhej Singh Anandpuri
ਮੁੱਖ ਸੰਪਾਦਕ