ਦੇਸ ਪੰਜਾਬ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ। ਇਸ ਨੂੰ ‘ਸਿੱਖ ਹੋਮਲੈਂਡ’ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ ਦੇ ਚੱਪੇ-ਚੱਪੇ ’ਤੇ ਸਿੱਖ ਸ਼ਹੀਦਾਂ ਦਾ ਲਹੂ ਡੁੱਲ੍ਹਿਆ ਹੈ। ਇਸ ਦੀ ਆਬੋੋ-ਹਵਾ ’ਚ ਗੁਰੂ ਕੀ ਬਾਣੀ ਘੁਲੀ ਹੋਈ ਹੈ, ਇੱਥੇ ਹੀ ਮਾਣਮੱਤਾ ਸਿੱਖ ਇਤਿਹਾਸ ਸਿਰਜਿਆ ਗਿਆ ਹੈ। ਪੰਜਾਬ ਜਿਹਾ ਹੋਰ ਕੋਈ ਦੇਸ ਨਹੀਂ।ਪੰਜਾਬ ਛੱਡਣ ਨੂੰ ਕੀਹਦਾ ਦਿਲ ਕਰਦਾ ਹੈ ? ਪਰ ਜੂਨ 1984 ’ਚ ਹਿੰਦੁਸਤਾਨ ਦੀ ਹਕੂਮਤ ਨੇ ਦੇਸ ਪੰਜਾਬ ਅਤੇ ਸਿੱਖ ਕੌਮ ਨੂੰ ਅਜਿਹੀ ਮਾਰ ਮਾਰੀ ਕਿ ਪੰਜਾਬ ਦੇ ਅਨੇਕਾਂ ਅਣਖ਼ੀ ਸਿੱਖਾਂ ਨੂੰ ਪ੍ਰਦੇਸਾਂ ’ਚ ਜਾ ਕੇ ਵੱਸਣਾ ਪਿਆ।1978 ਅਤੇ 1984 ਤੋਂ 1995 ਤੱਕ ਖ਼ਾਲਿਸਤਾਨ ਦੇ ਚੱਲੇ ਹਥਿਆਰਬੰਦ ਸਿੱਖ ਸੰਘਰਸ਼ ਦੌਰਾਨ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੇ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਤੇ, ਬੇਅੰਤ ਪਰਿਵਾਰਾਂ ਨੇ ਸਰਕਾਰ ਦਾ ਜ਼ੁਲਮ-ਤਸ਼ੱਦਦ ਆਪਣੇ ਪਿੰਡੇ ’ਤੇ ਝੱਲਿਆ, ਕਈਆਂ ਨੇ ਲੰਮੀਆਂ ਜੇਲ੍ਹਾਂ ਕੱਟੀਆਂ, ਕਈ ਜਲਾਵਤਨੀ ਹੋ ਗਏ, ਹਕੂਮਤੀ ਜ਼ੁਲਮ ਤੋਂ ਤੰਗ ਆ ਕੇ ਕਈ ਸਿੰਘਾਂ ਨੂੰ ਪੰਜਾਬ ਛੱਡ ਕੇ ਵਿਦੇਸ਼ਾਂ ’ਚ ਸ਼ਰਨ ਲੈਣੀ ਪਈ।
ਅਠਾਰ੍ਹਵੀਂ ਸਦੀ ਦਾ ਇਤਿਹਾਸ ਪੜ੍ਹ-ਸੁਣ ਕੇ ਪਤਾ ਲੱਗਦਾ ਹੈ ਕਿ ਜਦੋਂ ਮੁਗਲ ਹਕੂਮਤ ਦਾ ਜ਼ੁਲਮ ਸਿਖ਼ਰਾਂ ’ਤੇ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ, ਸਿੱਖਾਂ ਨੂੰ ਚਰਖੜ੍ਹੀਆਂ ’ਤੇ ਚਾੜ੍ਹਿਆ ਜਾ ਰਿਹਾ ਸੀ, ਘੋਰ ਤਸੀਹੇ ਦੇ ਕੇ ਮਾਰਿਆ ਜਾ ਰਿਹਾ ਸੀ ਤਾਂ ਉਸ ਸਮੇਂ ਜਿੱਥੇ ਸਿੱਖਾਂ ਨੇ ਸਿੱਖੀ ਸਿਦਕ ਦੀ ਅਦੁੱਤੀ ਮਿਸਾਲ ਪੈਦਾ ਕੀਤੀ, ਜ਼ਾਲਮ ਜਰਵਾਣਿਆਂ ਨੂੰ ਲੋਹੇ ਦੇ ਚਣੇ ਚਬਾਏ ਤੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਤਾਂ ਓਦੋਂ ਹੀ ਸੰਘਰਸ਼ ਦੀ ਇੱਕ ਨੀਤੀ ਤਹਿਤ ਸਿੱਖ ਜੰਗਲਾਂ-ਪਹਾੜਾਂ ਵੱਲ ਵੀ ਨਿਕਲ ਜਾਂਦੇ ਸਨ ਤੇ ਠੀਕ ਸਮਾਂ ਆਉਣ ’ਤੇ ਫਿਰ ਨਿੱਤਰਦੇ ਸਨ।
ਇਸੇ ਤਰ੍ਹਾਂ ਜਦੋਂ ਹਿੰਦ ਸਰਕਾਰ ਨੇ ਵੀ ਅੱਤ ਚੁੱਕ ਲਈ, ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕਰ ਦਿੱਤਾ, ਨਵੰਬਰ 1984 ’ਚ ਸਿੱਖਾਂ ਦੇ ਗਲਾਂ ’ਚ ਬਲ਼ਦੇ ਟਾਇਰ ਪਾਏ ਗਏ, ਬੀਬੀਆਂ ਦੀ ਪੱਤ ਰੋਲੀ ਗਈ, ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ’ਚ ਮਾਰਿਆ ਜਾਣ ਲੱਗਾ ਤਾਂ ਜਿੱਥੇ ਸਿੱਖ ਕੌਮ ਦੇ ਜੁਝਾਰੂ-ਸੂਰਮਿਆਂ ਨੇ ਇੱਕ ਦਹਾਕਾ ਹਕੂਮਤ ਨੂੰ ਵਖ਼ਤ ਪਾਈ ਰੱਖਿਆ, ਦਿੱਲੀ ਦਰਬਾਰ ਦੇ ਕਿੰਗਰੇ ਹਿਲ਼ਾ ਕੇ ਰੱਖ ਦਿੱਤੇ, ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਵੀ ਲੰਮੀ ਜੰਗ ਲੜੀ ਤੇ ਇੱਕ ਨਵੇਂ ਇਤਿਹਾਸ ਨੂੰ ਜਨਮ ਦਿੱਤਾ। ਤੇ ਉਹਨਾਂ ਸਮਿਆਂ ਦੌਰਾਨ ਹੀ ਕਾਫ਼ੀ ਸਿੱਖਾਂ ਨੂੰ ਆਪਣਾ ਘਰ-ਪਰਿਵਾਰ ਅਤੇ ਦੇਸ ਪੰਜਾਬ ਤਿਆਗਣਾ ਵੀ ਪਿਆ।
ਉਹਨਾਂ ਜੁਝਾਰੂ ਅਤੇ ਅਣਖ਼ੀਲੇ ਸਿੱਖਾਂ ਨੇ ਡਰ ਕੇ ਪੰਜਾਬ ਨਹੀਂ ਛੱਡਿਆ, ਉਹ ਝੁਕੇ-ਲਿਫ਼ੇ ਨਹੀਂ ਸਨ। ਉਹਨਾਂ ਨੇ ਆਪਣੀ ਤਾਕਤ ਅਤੇ ਸਮਰੱਥਾ ਤੋਂ ਵੱਧ ਕੇ ਸਰਕਾਰ ਨਾਲ਼ ਟੱਕਰ ਲਈ। ਤਾਂ ਹੀ ਉਹਨਾਂ ਸਿੰਘਾਂ ਦੇ ਖ਼ੌਫ਼ ਤੋਂ ਹਿੰਦ ਸਰਕਾਰ ਅੱਜ ਵੀ ਥਰ-ਥਰ ਕੰਬਦੀ ਹੈ। ਵਿਦੇਸ਼ਾਂ ਵਿੱਚ ਜਾ ਕੇ ਵੀ ਉਹ ਸਿੱਖ ਚੈਨ ਨਾਲ਼ ਨਹੀਂ ਬੈਠੇ, ਉਹਨਾਂ ਨੇ ਆਪਣੇ ਪੰਥ ਅਤੇ ਪੰਜਾਬ ਨੂੰ ਵਿਸਾਰਿਆ ਨਹੀਂ, ਉਹਨਾਂ ਨੇ ਖ਼ਾਲਿਸਤਾਨ ਦੇ ਸੰਘਰਸ਼ ਤੋਂ ਮੂੰਹ ਨਹੀਂ ਮੋੜਿਆ, ਉਹ ਓਥੇ ਰਹਿ ਕੇ ਜੋ ਕਰ ਸਕਦੇ ਸਨ ਉਹਨਾਂ ਕੀਤਾ। ਅਜਿਹੇ ਸਿੱਖਾਂ ਤੋਂ ਵਾਰੇ-ਵਾਰੇ ਜਾਣ ਨੂੰ ਦਿਲ ਕਰਦਾ ਹੈ।
ਬਥੇਰੇ ਲੋਕ ਅਜਿਹੇ ਵੀ ਹਨ ਜੋ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਧਰਮ, ਬੋਲੀ, ਸੱਭਿਆਚਾਰ, ਪਹਿਰਾਵੇ ਅਤੇ ਮਿੱਟੀ ਤੋਂ ਦੂਰ ਹੋ ਜਾਂਦੇ ਹਨ ਪਰ ਧੰਨ ਹਨ ਉਹ ਸਿੰਘ-ਸੂਰਮੇ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਸਿੱਖ ਧਰਮ ਨੂੰ ਪ੍ਰਫੁੱਲਤ ਕੀਤਾ, ਖ਼ਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦੀਆਂ ’ਤੇ ਪਹੁੰਚਾਇਆ, ਸ਼ਹੀਦਾਂ ਦੀ ਬਾਤ ਪਾਈ, ਮਨੁੱਖੀ ਹੱਕਾਂ ਲਈ ਜ਼ੋਰਦਾਰ ਆਵਾਜ਼ ਉਠਾਈ, ਸਰਬੱਤ ਦੇ ਭਲੇ ਦੇ ਉਪਦੇਸ਼ ਨੂੰ ਕਮਾਇਆ। ਜਿਸ ਤੋਂ ਪ੍ਰਭਾਵਿਤ ਹੋ ਕੇ ਸੰਸਾਰ ਭਰ ਦੇ ਲੋਕ ਕਹਿਣ ਲਗ ਪਏ ਹਨ ਕਿ ਸਿੱਖ ਮਹਾਨ ਹਨ, ਸਿੱਖ ਇਮਾਨਦਾਰ ਹਨ, ਸਿੱਖਾਂ ਨਾਲ਼ ਭਾਰਤ ’ਚ ਅਨਿਆਂ ਹੋ ਰਿਹਾ ਹੈ, ਸਿੱਖ ਗ਼ੁਲਾਮ ਹਨ, ਸਿੱਖ ਬਾਗ਼ੀ ਹਨ, ਸਿੱਖਾਂ ਦਾ ਖ਼ਾਲਿਸਤਾਨ ਲਈ ਸੰਘਰਸ਼ ਜਾਇਜ਼ ਹੈ, ਅਜ਼ਾਦੀ ਦੀ ਗੱਲ ਕਰਨਾ ਸਿੱਖਾਂ ਦਾ ਹੱਕ ਹੈ।
ਪੰਥ ਅਤੇ ਪੰਜਾਬ ਦਾ ਜਦੋਂ ਵੀ ਕੋਈ ਸੰਘਰਸ਼ ਚੱਲਦਾ ਹੈ, ਮੋਰਚਾ ਲੱਗਦਾ ਹੈ, ਮੁੱਦਾ ਭਖ਼ਦਾ ਹੈ ਤਾਂ ਵਿਦੇਸ਼ਾਂ ’ਚ ਵੱਸਦੇ ਸਿੱਖ ਹਰ ਪੱਖ ਤੋਂ ਸ਼ਾਨਦਾਰ ਰੋਲ ਅਦਾ ਕਰਦੇ ਹਨ। ਵਿਦੇਸ਼ਾਂ ਦੇ ਸਿੱਖਾਂ ਨੇ ਕਦੇ ਵੀ ਪੰਥ ਅਤੇ ਪੰਜਾਬ ਨੂੰ ਇਕੱਲਾ ਨਹੀਂ ਛੱਡਿਆ। ਉਹ ਵੀ ਜਾਣਦੇ ਹਨ ਕਿ ਸਾਡੀ ਵੀ ਸ਼ਾਨ ਪੰਥ ਅਤੇ ਪੰਜਾਬ ਕਰਕੇ ਹੈ ਤੇ ਪੰਜਾਬ ਜਿਉਂਦਾ ਰਹੇਗਾ ਤਾਂ ਸਾਡਾ ਵੀ ਮਾਣ ਬਰਕਰਾਰ ਰਹੇਗਾ। ਇਸ ਲਈ ਪੰਥ ਅਤੇ ਪੰਜਾਬ ਦੀ ਹੋਂਦ ਨਾਲ ਹੀ ਸਾਡੀ ਸਭ ਦੀ ਹੋਂਦ ਹੈ। ਸਰਕਾਰਾਂ ਪੰਥ ਅਤੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ, ਸਿੱਖਾਂ ਨੂੰ ਪੰਜਾਬ ਬਚਾਉਣਾ ਪਏਗਾ, ਸਾਨੂੰ ਸੰਘਰਸ਼ ਲੜਨਾ ਪਏਗਾ। ਪੰਜਾਬ ਲਈ ਹਰੇਕ ਸਿੱਖ ਅਤੇ ਪੰਜਾਬੀ ਨੂੰ ਚਿੰਤਤ ਅਤੇ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ਦਿਨ ਖ਼ਾਲਿਸਤਾਨ ਬਣੇਗਾ।
ਮੈਂ ਸਮਝਦਾ ਹਾਂ ਕਿ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ। ਪਰ ਆਪਣੇ ਪੰਥ ਅਤੇ ਪੰਜਾਬ ਨੂੰ ਭੁੱਲ ਜਾਣਾ ਤਾਂ ਤਬਾਹੀ ਹੈ। ਵਿਦੇਸ਼ ਜਾਣਾ, ਘੁੰਮਣਾ-ਫਿਰਨਾ, ਕਾਰੋਬਾਰ ਵਧਾਉਣਾ ਅਤੇ ਆਰਥਿਕ ਤੌਰ ’ਤੇ ਮਜਬੂਤ ਹੋਣਾ ਤੇ ਫਿਰ ਕੁਝ ਸਾਲਾਂ ਬਾਅਦ ਵਾਪਸ ਮੁੜ ਆਉਣ ਵਿੱਚ ਤਾਂ ਸਾਡੀ ਭਲਾਈ ਹੈ। ਅਸੀਂ ਆਪਣੇ ਮੂਲ ਅਤੇ ਜੜ੍ਹਾਂ ਤੋਂ ਨਾ ਟੁੱਟੀਏ। ਵਿਦੇਸ਼ ਜਾਣ ਦੀ ਦੌੜ ਵਿੱਚ ਕਈ ਨੌਜਵਾਨ ਬੇਵਜ੍ਹਾ ਪੰਜਾਬ ਨੂੰ ਨਿੰਦ-ਭੰਡ ਰਹੇ ਹਨ, ਜਦ ਕਿ ਪੰਜਾਬ ਦਾਤਾ ਹੈ, ਪੰਜਾਬ ’ਚ ਬਹੁਤ ਕੁਝ ਕਰਨ ਵਾਲ਼ਾ ਹੈ, ਇਹ ਸਾਡੇ ਪੁਰਖ਼ਿਆਂ ਦੀ ਧਰਤੀ ਹੈ, ਸਾਨੂੰ ਚਾਹੀਦਾ ਹੈ ਕਿ ਪੰਜਾਬ ’ਚ ਰਹਿ ਕੇ ਆਪਣੇ ਕਾਰੋਬਾਰ ਚਲਾਉਣ ਦੀ ਕੋਸ਼ਿਸ਼ ਕਰੀਏ।
ਹਿੰਦ ਹਕੂਮਤ ਸਾਨੂੰ ਸਿੱਖੀ ਤੋਂ ਬਾਗ਼ੀ ਕਰਨਾ ਚਾਹੁੰਦੀ ਹੈ, ਸਾਨੂੰ ਪੰਜਾਬ ਦੀ ਧਰਤੀ ਤੋਂ ਦੂਰ ਕਰਨਾ ਚਾਹੁੰਦੀ ਹੈ, ਇਹ ਪੰਜਾਬ ਸਾਡਾ ਹੈ, ਅਸੀਂ ਸੰਘਰਸ਼ ਕੀਤੇ ਹਨ, ਖ਼ੂਨ ਡੋਲ੍ਹਿਆ ਹੈ, ਹੁਣ ਇਸ ਨੂੰ ਗ਼ੈਰਾਂ ਦੇ ਹੱਥ ਕਿਉਂ ਦਿੰਦੇ ਜਾ ਰਹੇ ਹਾਂ। ਸਿੱਖੋ! ਹਕੂਮਤੀ ਜਾਲ ’ਚ ਨਾ ਫਸੋ, ਪੰਜਾਬ ਵਿਰੋਧੀ ਬਿਰਤਾਂਤ ਨੂੰ ਤੋੜਨ ਦੀ ਲੋੜ ਹੈ। ਪੰਜਾਬ ਲਈ ਜੂਝਣ ਵਾਲੇ ਅਤੇ ਆਵਾਜ਼ ਬੁਲੰਦ ਕਰਨ ਵਾਲੇ ਸਭਨਾਂ ਵੀਰਾਂ-ਭੈਣਾਂ ਦਾ ਧੰਨਵਾਦ ਹੈ। ਇਹ ਓਹੀ ਪੰਜਾਬ ਹੈ ਜਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਗੋਰੇ ਵੀ ਇੱਥੇ ਨੌਕਰੀਆਂ ਕਰਨ ਆਉਂਦੇ ਸਨ, ਪੰਜਾਬ ਐਨਾ ਅਮੀਰ ਤੇ ਖ਼ੁਸ਼ਹਾਲ ਸੀ।
ਦੇਸ ਪੰਜਾਬ ਜ਼ਿੰਦਾਬਾਦ!
ਲੇਖਕ -ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : +9188722-93883
Author: Gurbhej Singh Anandpuri
ਮੁੱਖ ਸੰਪਾਦਕ