*ਹੋਲੇ ਮੁਹੱਲੇ ਮੌਕੇ ਨਿਹੰਗ ਸਿੰਘਾਂ ਨੇ 16 ਪ੍ਰਾਣੀਆਂ ਨੂੰ ਛਕਾਈ ਖੰਡੇ ਬਾਟੇ ਦੀ ਪਹੁਲ*
ਇਟਲੀ / ਬੈਰਗਾਮੋ ( ਦਲਵੀਰ ਸਿੰਘ ਕੈਂਥ )-ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਸਮੇਸ ਪਿਤਾ ਦੇ ਥਾਪੜੇ ਦੇ ਰੰਗਾਂ ਵਿੱਚ ਗਹਿਗਚ ਹੋ ਆਪਣੀ ਸਾਸ਼ਤਰ ਵਿੱਦਿਆ ਦੇ ਹੈਰਤ ਅੰਗੇਜ ਕਾਰਨਾਮੇ ਸੰਗਤਾਂ ਨੂੰ ਦਿਖਾਉਂਦੇ ਹਨ ।ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀE ਨੇ ਹੋਲਾ-ਮੁੱਹਲਾ ਦਿਵਸ ਸਿੰਘਾਂ ਨੂੰ ਸਾਸ਼ਤਰ ਵਿੱਦਿਆ ਵਿੱਚ ਨਿਪੁੰਨ ਕਰਨ ਤੇ ਉਹਨਾਂ ਦੇ ਹੌਸਲੇ ਫੌਲਾਦੀ ਬਣਾਉਣ ਲਈ 1701 ਈ:ਨੂੰ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ ਹੀ ਸ਼ਰੂ ਕੀਤਾ ਸੀ।
ਯੂਰਪ ਦੀ ਧਰਤੀ ਇਟਲੀ ਦਾ ਮਸ਼ਹੂਰ ਹੋਲਾ ਮੁਹੱਲਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ)ਵੱਲੋਂ ਯੂਰਪ ਦੀਆਂ ਸਮੂਹ ਸੰਗਤਾਂ ,ਦਲ ਖਾਲਸਾ ਦੇ ਨਿਹੰਗ ਸਿੰਘਾਂ ਅਤੇ ਸਮੂਹ ਗੁਰਦੁਆਰਾ ਸਾਹਿਬ ਸਭਾਵਾਂ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਲਾਲ ਦੇ ਠਾਠਾਂ ਮਾਰਦੇ ਸਿੱਖ ਸੰਗਤਾਂ ਦੇ ਚੜ੍ਹਦੀ ਕਲਾ ਦੇ ਜੈਕਾਰਿਆਂ ਦੀ ਗੂੰਜ ਵਿੱਚ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ ਜਿਸ ਵਿੱਚ ਜਿੱਥੇ ਹਜ਼ਾਰਾਂ ਸੰਗਤਾਂ ਸ਼ਰਧਾਂ ਦੇ ਰੰਗਾਂ ਵਿੱਚ ਰੰਗੀਆਂ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਉੱਥੇ ਹੀ ਇਸ ਸਿੱਖ ਧਰਮ ਦੇ ਵਿਸ਼ਾਲ ਹਜੂਮ ਵਿੱਚ ਭਾਰਤ ਦੀ ਧਰਤੀ ਤੋਂ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ,ਜੱਥੇਦਾਰ ਸਿੰਘ ਸਾਹਿਬ ਬਾਬਾ ਤਰਲੋਕ ਸਿੰਘ ਤੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਹੁਰਾਂ ਵੀ ਯੂਰਪ ਦੇ ਵਿਸ਼ਾਲ ਹੋਲੇ ਮੁੱਹਲੇ ਤਿਉਹਾਰ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ।
ਇਸ ਮੌਕੇ ਨਿਹੰਗ ਸਿੰਘਾਂ ਨੇ ਵਿਸ਼ੇਸ਼ ਅੰਮ੍ਰਿਤ ਸੰਚਾਰ ਸਮਾਗਮ ਵੀ ਕਰਵਾਇਆ ਜਿਸ ਵਿੱਚ 16 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਹੁਲ ਛੱਕੀ।ਖਾਲਸੇ ਦੀ ਪਹਿਚਾਣ ਨੂੰ ਪ੍ਰਤੱਖ ਕਰਦੇ ਇਸ ਹੋਲੇ ਮੁਹੱਲੇ ਦੇ ਸਲਾਂਘਾਯੋਗ ਆਯੋਜਨ ਲਈ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੇਵਾਦਾਰ ਜਿਹਨਾਂ ਨੇ ਸੰਗਤਾਂ ਨੂੰ ਇਟਲੀ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮੁੱਹਲੇ ਦੇ ਦਰਸ਼ਨ ਦੀਦਾਰ ਕਰਵਾਏ ਵਿਸ਼ੇਸ ਵਧਾਈ ਦੇ ਪਾਤਰ ਹਨ ਤੇ ਇਸ ਕਾਰਜ ਨੂੰ ਨੇਪੜੇ ਚਾੜਨ ਲਈ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਨੇ ਪਹੁੰਚੀਆਂ ਸੰਗਤਾਂ ਦਾ ਕੋਟਿਨ ਕੋਟਿ ਸੁਕਰਾਨਾ ਕਰਦਿਆਂ ਕਿਹਾ ਕਿ ਬੈਰਗਾਮੋ ਦੀ ਧਰਤੀ ਉਪੱਰ ਸ਼੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮੁੱਹਲੇ ਜਿਹਾ ਜਾਹੋ ਜਲਾਲ ਦਿਖਾਉਣ ਲਈ ਸੰਗਤਾਂ ਹੀ ਪ੍ਰਮੁੱਖ ਹਨ ਜਿਹਨਾਂ ਦੀ ਹਾਜ਼ਰੀ ਨੇ ਖਾਲਸੇ ਦੀ ਚੜ੍ਹਦੀ ਕਲਾ ਦੇ ਕਾਰਜ ਸੰਪੂਰਨ ਕੀਤੇ।
ਇਸ ਹੋਲੇ ਮੁੱਹਲੇ ਦੇ ਮੈਦਾਨ ਵਿੱਚ ਯੂਰਪ ਭਰ ਤੋਂ ਆਈਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਸਿੰਘਾਂ ਨੇ ਆਪਣੀ ਗੱਤਕਾ ਕਲਾ ਦੇ ਹੈਰਤ ਅੰਗੇਜ ਕਾਰਨਾਮੇ ਤੇ ਘੌੜ ਸਵਾਰੀ ਦੇ ਜੌਹਰ ਦਿਖਾਉਂਦਿਆਂ ਬੋਲੇ ਸੋ ਨਿਹਾਲ ਜੈਕਾਰਿਆ ਨਾਲ ਧੰਨ-ਧੰਨ ਕਰਵਾਈ।ਮੁੱਹਲੇ ਦੀਆਂ ਤਮਾਮ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਗੁਰੂ ਦੇ ਲੰਗਰ ਅਤੁੱਟ ਵਰਤੇ।ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਹੋਲੇ ਮੁਹੱਲੇ ਵਿੱਚ ਆਈਆਂ ਲਾਡਲੀਆਂ ਫੌਜ਼ਾ ਤੇ ਗੁਰਦੁਆਰਾ ਪ੍ਰਬੰਧਕ ਦੇ ਆਗੂਆਂ ਦਾ ਵਿਸੇ਼ਸ ਸਨਮਾਨ ਵੀ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ