ਅੰਮ੍ਰਿਤਸਰ, 4 ਅਪ੍ਰੈਲ ( ਹਰਸਿਮਰਨ ਸਿੰਘ ਹੁੰਦਲ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਬਾਬਾ ਠਾਹਰਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਜਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ 19 ਜੁਲਾਈ 1982 ਨੂੰ ਮੋਰਚਾ ਅਰੰਭਿਆ ਸੀ ਜਿਸ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਪਣਾ ਲਿਆ ਸੀ, ਜਿਸ ਵਿੱਚ ਸੈਂਕੜੇ ਸਾਥੀਆਂ ਸਮੇਤ ਪਹਿਲੀ ਗ੍ਰਿਫਤਾਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ। ਧਰਮ ਯੁੱਧ ਮੋਰਚੇ ਦੇ ਡਿਕਟੇਟਰ ਭਾਵੇਂ ਹਰਚੰਦ ਸਿੰਘ ਲੌਂਗੋਵਾਲ ਸਨ, ਪਰ ਮੋਰਚੇ ਦੀ ਜਿੰਦ ਜਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹੀ ਸਨ। ਧਰਮ ਯੁੱਧ ਮੋਰਚੇ ਦੌਰਾਨ 2 ਲੱਖ 30 ਹਜਾਰ ਸਿੰਘਾਂ ਸਿੰਘਣੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ, 200 ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਕੁਝ ਸਿੰਘ ਜੇਲ੍ਹਾਂ ਵਿੱਚ ਸ਼ਹੀਦ ਹੋਏ, ਕੁਝ ਰਸਤਾ ਰੋਕੋ ਅੰਦੋਲਨ ਵਿੱਚ ਅਤੇ ਕੁਝ ਰੇਲ ਰੋਕੋ ਅੰਦੋਲਨ ਵਿੱਚ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 4 ਅਗਸਤ 1983 ਨੂੰ ਰਸਤਾ ਰੋਕੋ ਅੰਦੋਲਨ ਦੌਰਾਨ ਜੋ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਸਨ, ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਸਿੰਘਾਂ ਨੂੰ ਕਦੇ ਯਾਦ ਹੀ ਨਹੀਂ ਕੀਤਾ, ਬਾਦਲਕਿਆਂ ਨੇ ਧਰਮ ਯੁੱਧ ਮੋਰਚੇ ਨਾਲ ਵੀ ਗਦਾਰੀ ਕੀਤੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਵੀ ਗਦਾਰੀ ਕੀਤੀ ਅਤੇ ਪੰਥ ਤੇ ਪੰਜਾਬ ਦੇ ਹੱਕਾਂ ਨਾਲ ਵੀ ਖੁੱਲ ਕੇ ਗਦਾਰੀ ਕੀਤੀ। ਜਿਸ ਸਮੇਂ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ ਹਿੰਦੁਸਤਾਨ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਹਰਚੰਦ ਸਿੰਘ ਲੌਂਗੋਵਾਲ ਤੇ ਗੁਰਚਰਨ ਸਿੰਘ ਟੌਹੜਾ ਤੇ ਹੋਰ ਅਕਾਲੀ ਲੀਡਰ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਪੈਰ ਰੱਖ ਕੇ ਬਾਹਵਾਂ ਖੜੀਆਂ ਕਰਕੇ ਬਾਹਰ ਨਿਕਲੇ। ਪ੍ਰਕਾਸ਼ ਸਿੰਘ ਬਾਦਲ ਕਿਸੇ ਦੇ ਸ਼ਗਨ ਵਿੱਚ ਖੁਸ਼ੀਆਂ ਮਨਾਉਂਦਾ ਫਿਰਦਾ ਸੀ। ਅਖੌਤੀ ਅਕਾਲੀ ਆਗੂ ਚੋਰੀ ਛੁਪੇ ਇੰਦਰਾ ਗਾਂਧੀ ਦੇ ਨਾਲ ਵੀ ਮੀਟਿੰਗਾਂ ਕਰਦੇ ਰਹੇ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਉਣ ਲਈ ਚਿੱਠੀਆਂ ਵੀ ਲਿਖਦੇ ਰਹੇ।
ਇਹਨਾਂ ਅਖੌਤੀ ਅਕਾਲੀ ਬਾਦਲਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਿਤ ਕਰ ਦਿੱਤਾ। ਜਿੱਥੇ ਸਿੱਖ ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ, ਮਹਾਨ ਸ਼ਹੀਦ, ਜਰਨੈਲਾਂ ਦੇ ਜਰਨੈਲ ਵਜੋਂ ਯਾਦ ਕਰਦੀ ਹੈ ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ ਤੇ ਟੌਹੜੇ ਵਰਗਿਆਂ ਨੂੰ ਗਦਾਰਾਂ ਦੇ ਤੌਰ ਉੱਤੇ ਲਾਹਨਤਾਂ ਪਾਉਂਦੀ ਹੈ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਕੁਰਸੀਆਂ ਡਾਹੀਆਂ ਰੱਖੀਆਂ। ਸਿੱਖ ਇਤਿਹਾਸ ਵਿੱਚ ਇੰਦਰਾ ਗਾਂਧੀ, ਬੁੱਚੜ ਬੇਅੰਤ ਸਿਹੁੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਬਦਾਲੀ, ਮੱਸੇ ਰੰਗੜ, ਲਖਪਤ ਰਾਏ ਵਾਂਗ ਖਾਲਸਾ ਪੰਥ ਫਿਟਕਾਰਦਾ ਰਹੇਗਾ। ਉਹਨਾਂ ਕਿਹਾ ਕਿ ਕਸ਼ਮੀਰ ਦੀ ਧਾਰਾ 370 ਟੁੱਟਣ ਦੀ ਹਮਾਇਤ ਕਰਕੇ ਬਾਦਲਕਿਆਂ ਨੇ ਧਰਮ ਯੁੱਧ ਮੋਰਚੇ ਦਾ ਅਤੇ ਪੰਥ ਅਤੇ ਪੰਜਾਬ ਦੇ ਵੱਧ ਅਧਿਕਾਰਾਂ ਦਾ ਵੀ ਭੋਗ ਪਾ ਦਿੱਤਾ, ਇਹਨਾਂ ਨੇ ਵੱਖਰੇ ਸਿੱਖ ਰਾਜ ਦੀ ਗੱਲ ਤਾਂ ਕੀ ਕਰਨੀ ਸੀ। ਬਾਦਲਕੇ ਪੰਥ ਅਤੇ ਪੰਜਾਬ ਦੇ ਗਦਾਰ ਹਨ, ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਾਵੇ, ਇਹਨਾਂ ਦੇ ਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਹੋਈਆਂ, ਸਿੰਘਾਂ ਦੀਆਂ ਸ਼ਹੀਦੀਆਂ ਵੀ ਹੋਈਆਂ, ਬੇਅਦਬੀ ਦੇ ਦੁਸ਼ਟਾਂ ਨੂੰ ਵੀ ਇਹਨਾਂ ਨੇ ਬਚਾਇਆ, ਸਿਰਸੇ ਵਾਲੇ ਨੂੰ ਮਾਫ ਵੀ ਕਰਵਾਇਆ ਤੇ ਗੁਰੂ ਦੀਆਂ ਗੋਲਕਾਂ ਵੀ ਲੁੱਟੀਆਂ।
Author: Gurbhej Singh Anandpuri
ਮੁੱਖ ਸੰਪਾਦਕ