ਅੰਮ੍ਰਿਤਸਰ, 5 ਅਪ੍ਰੈਲ ( ਹਰਸਿਮਰਨ ਸਿੰਘ ਹੁੰਦਲ ): ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਹਥਿਆਰਬੰਦ ਸਿੱਖ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਆਰਮਡ ਫ਼ੋਰਸ ਦੇ ਲੈਫ਼ਟੀਨੈਂਟ ਜਨਰਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਉਰਫ਼ ਬਾਬਾ ਨੰਦ ਅਤੇ ਸਾਥੀ ਸ਼ਹੀਦ ਸਿੰਘਾਂ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ 9 ਅਪ੍ਰੈਲ 2024 ਨੂੰ ਗੁ. ਸੁੱਚੇਆਣਾ ਸਾਹਿਬ, ਪਿੰਡ ਤੁਗਲਵਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਸਮੂਹ ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੇ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਰਾਗੀ, ਢਾਡੀ ਤੇ ਕਵੀਸ਼ਰ ਹਰ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਫਿਰ ਪੰਥਕ ਜਥੇਬੰਦੀਆਂ ਦੇ ਆਗੂ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਕਰਨਗੇ ਤੇ ਸਮਾਗਮ ‘ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 7 ਅਪ੍ਰੈਲ 1991 ਨੂੰ ਜਦੋਂ ਭਾਈ ਪਰਮਜੀਤ ਸਿੰਘ ਪੰਮਾ ਤੇ ਉਹਨਾਂ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਦੋਵੇਂ ਹੀ ਪਠਾਨਕੋਟ ਤੋਂ ਸਵੇਰੇ ਪੰਜ ਵਜੇ ਦੀ ਰੇਲ ਗੱਡੀ ‘ਚ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਰਹੇ ਸਨ ਤਾਂ ਜਿਵੇਂ ਹੀ ਇਹ ਟਰੇਨ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਅੱਗੋਂ ਪੰਜਾਬ ਪੁਲੀਸ ਤੇ ਪੈਰਾ ਮਿਲਟਰੀ ਫੋਰਸਾਂ ਨੇ ਪੂਰੀ ਤਰ੍ਹਾਂ ਨਾਲ ਚੁਫੇਰਿਉਂ ਘੇਰਾ ਪਾਇਆ ਹੋਇਆ ਸੀ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਤਲਾਸ਼ੀ ਦੌਰਾਨ ਸੁਰੱਖਿਆ ਫੋਰਸਾਂ ਨੇ ਭਾਈ ਸਾਹਿਬ ਨੂੰ ਦੋ ਵਾਰ ਹਿਲਾਇਆ, ਪਰ ਆਪ ਜੀ ਜਾਗਦੇ ਹੋਣ ਦੇ ਬਾਵਜੂਦ ਵੀ ਸੌਣ ਦਾ ਡਰਾਮਾ ਕਰ ਰਹੇ ਸਨ। ਇੱਕ ਵਾਰ ਤਾਂ ਪੈਰਾ ਮਿਲਟਰੀ ਫੋਰਸਾਂ ਉਸ ਡੱਬੇ ‘ਚੋਂ ਹੇਠਾਂ ਵੀ ਉੱਤਰ ਗਈਆਂ ਸਨ, ਪਰ ਮੁਖਬਰ ਦੀ ਸ਼ਾਇਦ ਪੱਕੀ ਸੂਹ ਸੀ। ਫਿਰ ਦੁਬਾਰਾ ਤੋਂ ਸੁਰੱਖਿਆ ਫੋਰਸਾਂ ਨੇ ਭਾਈ ਸਾਹਿਬ ਨੂੰ ਹਿਲਾਇਆ। ਹੁਣ ਇਸ ਵਾਰ ਪਰਮਜੀਤ ਸਿੰਘ ਆਪਣੀ ਪਿਸਟਲ ਉਹਨਾਂ ਵੱਲ ਤਾਣ ਕੇ ਉੱਠੇ ਤੇ ਚੋਰ ਅੱਖ ਨਾਲ ਆਪਣੀ ਸਿੰਘਣੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਬੜੀ ਫੁਰਤੀ ਦੇ ਨਾਲ ਹੇਠਾਂ ਉੱਤਰ ਕੇ ਗੋਲੀਆਂ ਚਲਾਈਆਂ ਤੇ ਦੌੜਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਗੋਲੀ ਸੁਰੱਖਿਆ ਕਰਮੀ ਨੂੰ ਵੀ ਲੱਗੀ, ਪਰ ਚਾਰੇ ਪਾਸਿਆ ਤੋਂ ਘੇਰਾ ਪਿਆ ਹੋਣ ਕਾਰਨ ਸੁਰੱਖਿਆ ਬਲਾਂ ਨੇ ਭਾਈ ਸਾਹਿਬ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ ਤੇ ਬਟਾਲਾ ਦੇ ਇਟੈਰੋਗੇਸ਼ਨ ਸੈਂਟਰ ਬੀਕੋ ਚ ਲੈ ਗਏ। ਅਖੀਰ 10 ਅਪ੍ਰੈਲ 1991 ਦੀਆਂ ਅਖਬਾਰਾਂ ਦੀ ਖ਼ਬਰ ਸੀ ਕੇ. ਐਲ. ਓ. ਦੇ ਮੁਖੀ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਪੁਲੀਸ ਨਾਲ ਹੋਈ ਮੁੱਠਭੇੜ ਵਿੱਚ ਹਲਾਕ। ਉਹਨਾਂ ਕਿਹਾ ਕਿ ਇਹਨਾਂ ਸ਼ਹਾਦਤਾਂ ਨੂੰ ਯਾਦ ਰੱਖਣਾ ਤੇ ਉਹਨਾਂ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਲਈ ਸੰਘਰਸ਼ਸ਼ੀਲ ਹੋਣਾ ਸੱਚੀ ਸ਼ਰਧਾਂਜਲੀ ਹੋਵੇਗੀ।
Author: Gurbhej Singh Anandpuri
ਮੁੱਖ ਸੰਪਾਦਕ