ਕਾਂਗਰਸ, ਭਾਜਪਾ, ਬਾਦਲਕੇ, ਝਾੜੂ ਵਾਲੇ ਪੰਥ ਤੇ ਪੰਜਾਬ ਦੇ ਹਿਤੈਸ਼ੀ ਨਹੀਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 11 ਅਪ੍ਰੈਲ ( ਹਰਸਿਮਰਨ ਸਿੰਘ ਹੁੰਦਲ ): ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਆਰਮਡ ਫ਼ੋਰਸ ਦੇ ਲੈਫ਼ਟੀਨੈਂਟ ਜਨਰਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਦਾ 33ਵਾਂ ਮਹਾਨ ਸ਼ਹੀਦੀ ਸਮਾਗਮ ਗੁ. ਸੁੱਚੇਆਣਾ ਸਾਹਿਬ, ਪਿੰਡ ਤੁਗਲਵਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਪਰਿਵਾਰ ਵੱਲੋਂ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਅਤੇ ਕਵੀਸ਼ਰ ਭਾਈ ਸੁਲੱਖਣ ਸਿੰਘ ਰਿਆੜ ਦੇ ਜਥੇ ਵੱਲੋਂ ਜੋਸ਼ੀਲੀਆਂ ਵਾਰਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਫਿਰ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਬੀਬੀ ਸੰਦੀਪ ਕੌਰ (ਚੇਅਰਮੈਨ ਸ਼ਹੀਦ ਭਾਈ ਧਰਮ ਸਿੰਘ ਟਰੱਸਟ), ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਗੁਰਿੰਦਰ ਸਿੰਘ ਬਾਜਵਾ, ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਭਾਈ ਰਣਵੀਰ ਸਿੰਘ ਬੈਂਸਤਾਨੀ, ਕਿਸਾਨ ਆਗੂ ਭਾਈ ਬਖਤਾਵਰ ਸਿੰਘ ਲਾਧੂਪੁਰ, ਪੰਥਕ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ, ਗੁਰਦੁਆਰਾ ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਭਾਈ ਅੰਗਰੇਜ਼ ਸਿੰਘ ਮੋਗਾ, ਭਾਈ ਪਾਰਸ ਸਿੰਘ ਖ਼ਾਲਸਾ ਆਦਿ ਨੇ ਸਿੱਖ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਸਮੂਹ ਜਥੇਬੰਦੀਆਂ ਨੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਦੀ ਜੁਝਾਰੂ ਸਿੰਘਣੀ ਬੀਬੀ ਕੁਲਵਿੰਦਰ ਕੌਰ ਖਾਲਸਾ ਦਾ ਸ਼ਾਨਦਾਰ ਸਨਮਾਨ ਕੀਤਾ ਅਤੇ ਸਮਾਪਤੀ ‘ਤੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ‘ਚ ਸ਼ਹੀਦਾਂ ਦੇ ਪਰਿਵਾਰਾਂ, ਜੁਝਾਰੂ ਸਿੰਘਾਂ-ਸਿੰਘਣੀਆਂ, ਧਰਮੀ ਫ਼ੌਜੀਆਂ ਤੇ ਪੰਥਕ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਤੀਜਾ) ਕਿਤਾਬਾਂ ਵੀ 200 ਦੀ ਗਿਣਤੀ ‘ਚ ਵੰਡੀਆਂ ਗਈਆਂ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹਾਦਤਾਂ ਨੂੰ ਯਾਦ ਰੱਖਣਾ ਤੇ ਕੌਮੀ ਨਿਸ਼ਾਨੇ ਲਈ ਸੰਘਰਸ਼ਸ਼ੀਲ ਹੋਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਬੀਬੀ ਕੁਲਵਿੰਦਰ ਕੌਰ ਖਾਲਸਾ ਦੇ ਸਿੱਖੀ ਸਿਦਕ ਤੇ ਸਿਰੜ ਨੂੰ ਪ੍ਰਣਾਮ ਹੈ। ਕਾਂਗਰਸ, ਭਾਜਪਾ, ਬਾਦਲਕੇ ਤੇ ਝਾੜੂ ਪਾਰਟੀ ਵਾਲੇ ਪੰਥ ਤੇ ਪੰਜਾਬ ਦੇ ਹਿਤੈਸ਼ੀ ਨਹੀਂ, ਪੰਥ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਖਾਲਿਸਤਾਨ ਵਿੱਚ ਹੀ ਮੁਮਕਿਨ ਹੈ।
ਇਸ ਮੌਕੇ ਪਰਮਿੰਦਰ ਸਿੰਘ ਬਸਰਾ ਚੇਅਰਮੈਨ ਬਲਾਕ ਸੰਮਤੀ ਕਾਹਨੂੰਵਾਨ, ਪ੍ਰਿੰਸੀਪਲ ਧਿਆਨ ਸਿੰਘ ਸੰਧੂ ਨਾਥਪੁਰ, ਅਮਨਦੀਪ ਸਿੰਘ ਰੰਧਾਵਾ, ਸਰਪੰਚ ਜਗੀਰ ਸਿੰਘ ਸਰਪੰਚ, ਬਲਜਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਨੈਨੋਕੋਟ, ਕਰਨੈਲ ਸਿੰਘ ਘੋੜੇਬਾਹਾ, ਹੌਲਦਾਰ ਬਲਵਿੰਦਰ ਸਿੰਘ ਧੁੱਪਸੜੀ (ਬੁਲਾਰੇ ਸਾਬਕਾ ਸੈਨਿਕ ਸੰਘਰਸ਼ ਕਮੇਟੀ), ਮੰਗਲ ਸਿੰਘ ਸਾਬਕਾ ਸਰਪੰਚ, ਬੀਬੀ ਨਿਰਪ੍ਰੀਤ ਕੌਰ, ਬੀਬੀ ਕੁਲਬੀਰ ਕੌਰ ਤੇ ਹੋਰ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਭਾਈ ਜਗਜੀਤ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ, ਭਾਈ ਪਰਦੀਪ ਸਿੰਘ, ਭਾਈ ਨਵਪ੍ਰੀਤ ਸਿੰਘ ਰਿਆੜ ਸਮੇਤ ਨੌਜਵਾਨਾਂ ਨੇ ਲੰਗਰ ਦੀ ਸੇਵਾ ਬਾਖੂਬੀ ਨਿਭਾਈ।
Author: Gurbhej Singh Anandpuri
ਮੁੱਖ ਸੰਪਾਦਕ