ਸਿੱਖਾਂ ਦਾ ਵੱਖਰੇ ਰਾਜ-ਭਾਗ ਤੋਂ ਬਿਨਾਂ ਗੁਜ਼ਾਰਾ ਨਹੀਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 12 ਅਪ੍ਰੈਲ ( ਹਰਸਿਮਰਨ ਸਿੰਘ ਹੁੰਦਲ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜੁਝਾਰੂ-ਜਰਨੈਲ ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਤੇ ਸਮੂਹ ਸਾਥੀ ਸਿੰਘਾਂ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਗੁ. ਸ਼ਹੀਦਾਂ, ਪਿੰਡ ਦਿਆਲਗੜ੍ਹ, ਜ਼ਿਲ੍ਹਾ ਗੁਰਦਾਸਪੁਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਖ਼ਾਲਸਾ ਸੇਵਾ ਟਰੱਸਟ ਬਟਾਲਾ ਦੀਆਂ ਬੱਚੀਆਂ ਨੇ ਗੁਰਬਾਣੀ ਦਾ ਮਨਮੋਹਕ ਕੀਰਤਨ ਕੀਤਾ ਅਤੇ ਢਾਡੀ ਜਥਾ ਗੱਜਣ ਸਿੰਘ ਗੜਗੱਜ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸੰਤ ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਪੰਥਕ ਪੱਤਰਕਾਰ ਭਾਈ ਬਲਵਿੰਦਰ ਸਿੰਘ ਪੱਖੋਕੇ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਇਨਸਾਫ ਮੋਰਚੇ ਦੇ ਆਗੂ ਭਾਈ ਗੁਰਿੰਦਰ ਸਿੰਘ ਬਾਜਵਾ, ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਭਾਈ ਕਰਨੈਲ ਸਿੰਘ ਘੋੜੇਬਾਹਾ, ਪੰਥਕ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ, ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਕੈਪਟਨ ਬਲਬੀਰ ਸਿੰਘ ਬਾਠ, ਭਾਈ ਧਰਮਿੰਦਰ ਸਿੰਘ ਆਦੋਵਾਲੀ, ਭਾਈ ਗੁਰਿੰਦਰ ਸਿੰਘ ਜੱਜ ਤੇ ਭਾਈ ਸੁਖਵਿੰਦਰ ਸਿੰਘ ਫੌਜੀ ਆਦਿ ਨੇ ਸਿੱਖ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਭਾਈ ਬਲਵਿੰਦਰ ਸਿੰਘ ਪੱਖੋਕੇ ਨੇ ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਦੇ ਭਰਾ ਭਾਈ ਕੁਲਵੰਤ ਸਿੰਘ ਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ, ਜੁਝਾਰੂ ਸਿੰਘਾਂ-ਸਿੰਘਣੀਆਂ, ਧਰਮੀ ਫ਼ੌਜੀਆਂ ਤੇ ਪੰਥਕ ਸ਼ਖ਼ਸੀਅਤਾਂ ਦਾ ਮਾਇਕੀ ਸੇਵਾ ਅਤੇ ਸਿਰੋਪਿਆਂ ਨਾਲ ਸਨਮਾਨ ਕੀਤਾ। ਲੇਖਕ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਤੀਜਾ) ਕਿਤਾਬਾਂ ਵੀ ਸੰਗਤਾਂ ਨੂੰ ਵੰਡੀਆਂ।
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਰਣਜੀਤ ਸਿੰਘ ਦਿਆਦਗੜ੍ਹ ਨੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹਿੰਦ ਸਰਕਾਰ ਨਾਲ ਹਥਿਆਰਬੰਦ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਸੀ, ਉਹਨਾਂ ਦੀ ਕੁਰਬਾਨੀ ਦਲੇਰੀ ਅਤੇ ਸ਼ਹਾਦਤ ਨੂੰ ਪ੍ਰਣਾਮ ਹੈ। ਸਿੱਖਾਂ ਦਾ ਵੱਖਰੇ ਰਾਜਭਾਗ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਖਾਲਿਸਤਾਨ ਵਿੱਚ ਸਿੱਖਾਂ ਦਾ ਧਰਮ, ਬੋਲੀ, ਸਭਿਆਚਾਰ, ਪਹਿਰਾਵਾ ਸੁਰੱਖਿਤ ਰਹੇਗਾ। ਦਰਬਾਰ ਸਾਹਿਬ ਉੱਤੇ ਹਮਲੇ ਨਾਲ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ, ਇਹ ਜ਼ਰੂਰ ਹੋਂਦ ਵਿੱਚ ਆਵੇਗਾ। ਉਹਨਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਅੱਜ ਵੀ ਕੀਤੇ ਜਾ ਰਹੇ ਹਨ। ਭਾਰਤ ਦਾ ਕਾਤਲ ਚਿਹਰਾ ਪੂਰੀ ਦੁਨੀਆ ਵਿੱਚ ਨੰਗਾ ਹੋ ਚੁੱਕਾ ਹੈ। ਸਰਕਾਰ ਨੇ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ, ਸੰਦੀਪ ਸਿੰਘ ਦੀਪ ਸਿੱਧੂ, ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰਕੇ ਸਿੱਖ ਸੰਘਰਸ਼ ਨੂੰ ਸੱਟ ਮਾਰਨ ਦਾ ਯਤਨ ਕੀਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ