ਬੰਦੀ ਸਿੰਘਾਂ ਰਿਹਾਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
ਅੰਮ੍ਰਿਤਸਰ, 13 ਅਪ੍ਰੈਲ ( ਹਰਸਿਮਰਨ ਸਿੰਘ ਹੁੰਦਲ ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ‘ਤੇ ਪਹਿਰਾ ਦਿੰਦਿਆਂ ਖ਼ਾਲਸੇ ਦੇ ਪ੍ਰਗਟ ਦਿਹਾੜੇ (ਵੈਸਾਖੀ) ‘ਤੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬੀਬਾ ਕਮਲਜੀਤ ਕੌਰ ਨਿਹੰਗ, ਭੁਝੰਗੀ ਗੁਰਪੰਥ ਪ੍ਰਥਮ ਸਿੰਘ ਤੇ ਗੁਰਬਾਜ਼ ਸਿੰਘ ਵੱਲੋਂ ਆਪਣੇ ਘਰ ਅਤੇ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਏ ਗਏ ਅਤੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਵੀ ਕੀਤੇ ਗਏ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖ਼ਾਲਸਾਈ ਨਿਸ਼ਾਨ ਸਾਹਿਬ ਜੋ ਪੰਥ ਅਤੇ ਪੰਜਾਬ ਦੇ ਬਾਗ਼ੀ ਸੁਭਾਅ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹ ਸਾਨੂੰ ਕੌਮੀ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਅਤੇ ਖ਼ਾਲਸਾ ਬਾਗ਼ੀ ਜਾਂ ਬਾਦਸ਼ਾਹ ਹੋਣ ਦਾ ਅਹਿਸਾਸ ਜਗਾਉਂਦਾ ਹੈ।
ਉਹਨਾਂ ਕਿਹਾ ਕਿ 13 ਅਪ੍ਰੈਲ 1978 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ 13 ਸ਼ਹੀਦਾਂ ਨੂੰ ਵੀ ਸਾਡਾ ਪ੍ਰਣਾਮ ਹੈ। ਉਹਨਾਂ ਕਿਹਾ ਕਿ ਪਤਿਤਪੁਣੇ ਅਤੇ ਨਸ਼ਿਆਂ ‘ਚ ਗਲਤਾਨ ਹੋ ਚੁੱਕੋ ਨੌਜਵਾਨੋ ਕੌਮ ਨੂੰ ਤੁਹਾਡੀ ਲੋੜ ਹੈ, ਆਓ ਕਲਗੀਧਰ ਪਾਤਸ਼ਾਹ ਦੇ ਚਰਨਾਂ ‘ਚ ਸਿਰ ਭੇਟਾ ਕਰੀਏ ਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ-ਬਾਣੇ ਦੇ ਧਾਰਨੀ ਤੇ ਸ਼ਸਤਰਧਾਰੀ ਹੋਈਏ। ਇਸ ਤੋਂ ਇਲਾਵਾ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ ਆਦਿ ਸਿੰਘਾਂ ਨੇ ਵੀ ਆਪਣੇ ਘਰਾਂ ਤੇ ਨਿਸ਼ਾਨ ਸਾਹਿਬ ਝੁਲਾਏ।
Author: Gurbhej Singh Anandpuri
ਮੁੱਖ ਸੰਪਾਦਕ