ਸੂਰੀ ਦੇ ਮੁੰਡੇ ਨੇ ਬੋਲੀ ਭੱਦੀ ਸ਼ਬਦਾਵਲੀ, ਸਿੰਘਾਂ ਨੇ ਲਾਏ ਖ਼ਾਲਿਸਤਾਨ ਦੇ ਨਾਅਰੇ
ਮਾਹੌਲ ਖਰਾਬ ਕਰਨ ਵਾਲੇ ਸ਼ਿਵ ਸੈਨਿਕਾਂ ਨੂੰ ਨੱਥ ਪਾਵੇ ਸਰਕਾਰ : ਪੰਥਕ ਆਗੂ
ਅੰਮ੍ਰਿਤਸਰ, 26 ਅਪ੍ਰੈਲ ( ਤਾਜੀਮਨੂਰ ਕੌਰ ): ਸ਼ਿਵ ਸੈਨਾ ਦੇ ਪ੍ਰਧਾਨ ਸੁਧੀਰ ਸੂਰੀ ਨੂੰ ਸੋਧਣ ਵਾਲੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੀ ਅੱਜ ਅੰਮ੍ਰਿਤਸਰ ਕਚਹਿਰੀ ਵਿੱਚ ਤਰੀਕ ‘ਤੇ ਪੰਥਕ ਜਥੇਬੰਦੀਆਂ ਅਤੇ ਸ਼ਿਵ ਸੈਨਿਕਾਂ ‘ਚ ਉਸ ਸਮੇਂ ਤਕਰਾਰ ਪੈਦਾ ਹੋ ਗਿਆ ਜਦ ਸੁਧੀਰ ਸੂਰੀ ਦਾ ਪਰਿਵਾਰ ਕਚਹਿਰੀ ਦੇ ਬਾਹਰ ਸੜਕ ‘ਤੇ ਬੈਠਣ ਦਾ ਡਰਾਮਾ ਕਰਨ ਲੱਗਾ, ਮੌਕੇ ‘ਤੇ ਹਾਜ਼ਰ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਤੁਰੰਤ ਓਥੋਂ ਹਟਾਉਣ ਲਈ ਜੱਦੋ-ਜਹਿਦ ਕੀਤੀ। ਪਰ ਜਦੋਂ ਵਾਪਸੀ ‘ਤੇ ਸਿੰਘ ਓਥੋਂ ਲੰਘਣ ਲੱਗੇ ਤਾਂ ਸੁਧੀਰ ਸੂਰੀ ਦੇ ਮੁੰਡੇ ਨੇ ਖ਼ਾਲਿਸਤਾਨ ਦੇ ਖ਼ਿਲਾਫ਼ ਅਤੇ ਸਿੰਘਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ, ਜਿਸ ਉਪਰੰਤ ਜੋਸ਼ ਵਿੱਚ ਆ ਕੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਦੋਵਾਂ ਧਿਰਾਂ ਨੇ ਇੱਕ ਦੂਜੇ ਨੂੰ ਲਲਕਾਰਿਆ, ਪਰ ਪੁਲਿਸ ਦੀ ਮੁਸਤੈਦੀ ਨਾਲ ਇਹ ਟਕਰਾਅ ਹੋਣੋਂ ਬਚ ਗਿਆ। ਜਦ ਪੰਥਕ ਜਥੇਬੰਦੀਆਂ ਦੇ ਆਗੂ ਸਵੇਰੇ ਕਚਹਿਰੀ ‘ਚ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨਾਲ ਇਕੱਠੇ ਹੋਏ ਤਾਂ ਪੁਲਿਸ ਅਫ਼ਸਰਾਂ ਨੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕ ਲਿਆ, ਪੁਲਿਸ ਅਫ਼ਸਰ ਖ਼ੁਦ ਹੀ ਸੰਨੀ ਦੇ ਦੋਵੇਂ ਭਰਾਵਾਂ ਨੂੰ ਅੰਦਰ ਤਰੀਕ ‘ਤੇ ਲੈ ਕੇ ਗਏ ਤੇ ਵਾਪਸੀ ‘ਤੇ ਸੂਰੀ ਦੇ ਪਰਿਵਾਰ ਦੇ ਗ਼ਲਤ ਵਿਹਾਰ ਕਰਕੇ ਗੜਬੜ ਪੈਦਾ ਹੋ ਗਈ। ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸੁਧੀਰ ਸੂਰੀ ਦਾ ਪਰਿਵਾਰ ਅਤੇ ਸਮਰਥਕ ਹਰ ਵਾਰ ਮਾਹੌਲ ਖਰਾਬ ਕਰਦੇ ਹਨ ਤੇ ਇਸ ਵਾਰ ਵੀ ਉਹਨਾਂ ਨੇ ਸਿੰਘਾਂ ਨੂੰ ਲਲਕਾਰਿਆ ਸੀ। ਉਹਨਾਂ ਕਿਹਾ ਕਿ ਪਿਛਲੀ ਵਾਰ ਵੀ ਭਾਈ ਸੰਦੀਪ ਸਿੰਘ ਸੰਨੀ ਦੇ ਦੋਵਾਂ ਭਰਾਵਾਂ ਨੂੰ ਸੂਰੀ ਦੇ ਸਮਰਥਕਾਂ ਨੇ ਧਮਕਾਇਆ ਸੀ। ਅੱਜ ਅਸੀਂ ਜਦੋਂ ਕਚਹਿਰੀ ‘ਚੋਂ ਬਾਹਰ ਨਿਕਲ ਰਹੇ ਸੀ ਤਾਂ ਸੂਰੀ ਸਮਰਥਕਾਂ ਨੇ ਸਾਨੂੰ ਵੇਖ ਕੇ ਬਕਵਾਸ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਪਹਿਲਾਂ ਸੁਧੀਰ ਸੂਰੀ ਨੇ ਵੀ ਸਿੱਖੀ ਅਤੇ ਸਿੱਖਾਂ ਖ਼ਿਲਾਫ਼ ਬਕਵਾਸ ਕਰਕੇ ਆਪਣੀ ਮੌਤ ਨੂੰ ਖੁਦ ਸਹੇੜਿਆ ਸੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ ਕਿ ਸੁਧੀਰ ਸੂਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੂੰ ਨੱਥ ਪਾਈ ਜਾਵੇ। ਇਸ ਮੌਕੇ ਸੰਦੀਪ ਸਿੰਘ ਸੰਨੀ ਦੇ ਦੋਵੇਂ ਭਰਾ ਹਰਦੀਪ ਸਿੰਘ, ਮਨਦੀਪ ਸਿੰਘ, ਭਾਈ ਤੇਜਬੀਰ ਸਿੰਘ ਦਮਦਮੀ ਟਕਸਾਲ ਅਜਨਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਪ੍ਰਧਾਨ ਜਥਾ ਸਿਰਲੱਥ ਖਾਲਸਾ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਪੰਜਾਬ ਸਿੰਘ ਸੁਲਤਾਨਵਿੰਡ ਨਿਹੰਗ ਮੁਖੀ ਤਰਨਾ ਦਲ ਪੰਜ ਹੱਥਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਉਪਕਾਰ ਸਿੰਘ ਸੰਧੂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਜਤਿੰਦਰ ਸਿੰਘ ਹੈਪੀ ਨਿਹੰਗ, ਕੁਲਦੀਪ ਸਿੰਘ ਧਾਰੜ ਤੇ ਹੋਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ