ਬਾਦਲਕੇ, ਕਾਂਗਰਸੀ, ਭਾਜਪਾ ਤੇ ਝਾੜੂ ਵਾਲੇ ਪੰਥ ਤੇ ਪੰਜਾਬ ਦੇ ਹਿਤੈਸ਼ੀ ਨਹੀਂ : ਈਮਾਨ ਸਿੰਘ ਮਾਨ
ਅੰਮ੍ਰਿਤਸਰ, 27 ਅਪ੍ਰੈਲ ( ਤਾਜੀਮਨੂਰ ਕੌਰ ): ਅੱਜ ਨਿਊ ਅੰਮ੍ਰਿਤਸਰ ਦੀ ਡਾਕਟਰ ਐਵੀਨਿਊ ਵਿਖੇ ਵੱਖ-ਵੱਖ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਵਾਰਿਸ ਪੰਜਾਬ ਦੇ ਆਗੂਆਂ ਦੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਹਿਮ ਮੀਟਿੰਗ ਹੋਈ। ਮੀਟਿੰਗ ‘ਚ ਵਿਚਾਰਾਂ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਥਕ ਉਮੀਦਵਾਰ ਸ. ਈਮਾਨ ਸਿੰਘ ਮਾਨ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ (ਸਪੁੱਤਰ ਸ਼ਹੀਦ ਬਾਬਾ ਪਿਆਰਾ ਸਿੰਘ ਜੀ), ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਹਰਮਨਦੀਪ ਸਿੰਘ ਪੂਰਨ ਸਮਰਥਨ ਕਰਦਿਆਂ ਸਿਰੋਪੇ ਅਤੇ ਦੁਸ਼ਾਲੇ ਪਾ ਕੇ ਸ਼ਾਨਦਾਰ ਸਨਮਾਨ ਕੀਤਾ। ਇਸ ਮੌਕੇ ਸ. ਈਮਾਨ ਸਿੰਘ ਮਾਨ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਹਰਮਨਦੀਪ ਸਿੰਘ, ਸ. ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖ ਨੌਜਵਾਨੀ ਦੇ ਝੂਠੇ ਪੁਲੀਸ ਮੁਕਾਬਲੇ ਬਣਾਏ। ਬਾਦਲਾਂ ਨੇ ਵੀ ਹਮੇਸ਼ਾ ਪੰਥ ਤੇ ਪੰਜਾਬ ਨਾਲ ਗ਼ੱਦਾਰੀ ਕੀਤੀ, ਇਹਨਾਂ ਦੇ ਰਾਜ ‘ਚ ਬਰਗਾੜੀ ਤੇ ਬਹਿਬਲ ਕਾਂਡ ਵਾਪਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਸਿਰਸੇ ਵਾਲੇ ਨਾਲ ਯਾਰੀ ਨਿਭਾਈ।
ਭਾਜਪਾ ਨੇ ਹਮੇਸ਼ਾ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ, ਸਿੱਖੀ ਦਾ ਹਿੰਦੂਕਰਨ ਕਰਨ ‘ਚ ਕੋਈ ਕਸਰ ਬਾਕੀ ਨਾ ਛੱਡੀ ਤੇ ਅੱਜ ਵੀ ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਕਤਲ ਕਰਵਾ ਚੁੱਕੀ ਹੈ। ਆਮ ਆਦਮੀ ਪਾਰਟੀ ਸਿਰਫਿਰਿਆਂ ਦੀ ਪਾਰਟੀ ਹੈ ਜੋ ਦਿੱਲੀ ਤੋਂ ਚੱਲਦੀ ਹੈ, ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੱਖ ਨੌਜਵਾਨਾਂ ਤੇ ਐਨ.ਐਸ.ਏ. ਲਗਾ ਕੇ ਜੁਲਮੀ ਵਤੀਰਾ ਕੀਤਾ ਹੈ। ਪੰਥਕ ਆਗੂਆਂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਰਦਾਰ ਇਮਾਨ ਸਿੰਘ ਮਾਨ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ ਉਹਨਾਂ ਦਾ ਸਾਥ ਦੇਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਵਾਰਸ ਸਰਦਾਰ ਇਮਾਨ ਸਿੰਘ ਮਾਨ ਦੇ ਹੱਕ ‘ਚ ਖੁੱਲ੍ਹ ਕੇ ਨਿੱੱਤਰਨ। ਇਸ ਮੌਕੇ ਜਨਰਲ ਸਕੱਤਰ ਸ. ਉਪਕਾਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ, ਬਲਵਿੰਦਰ ਸਿੰਘ ਕਾਲਾ, ਸ਼ਮਸ਼ੇਰ ਸਿੰਘ ਪੱਧਰੀ ਜਿਲ੍ਹਾ ਪ੍ਰੈਸ ਸਕੱਤਰ, ਰਵੀਸ਼ੇਰ ਸਿੰਘ ਯੂਥ ਆਗੂ, ਸਿਮਰਨਜੀਤ ਸਿੰਘ, ਹਰਸਿਮਰਨਜੀਤ ਸਿੰਘ ਤੇ ਜਸਕਰਨ ਸਿੰਘ ਨੰਗਲ ਸਮੇਤ ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ ਹਾਜ਼ਰ ਸੀ।
Author: Gurbhej Singh Anandpuri
ਮੁੱਖ ਸੰਪਾਦਕ