ਫਤਹਿਗੜ ਸਾਹਿਬ 8 ਮਈ ( ਤਾਜੀਮਨੂਰ ਕੌਰ ) ਪੰਜਾਬ ‘ਚ 21 ਸਾਲਾਂ ਹਾਕੀ ਦੀ ਨੈਸ਼ਨਲ ਖਿਡਾਰਨ ਵੱਲੋਂ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਖਿਡਾਰਨ ਦੀ ਪਛਾਣ ਸੁਮਨਦੀਪ ਕੌਰ ਵਜੋਂ ਹੋਈ ਹੈ। ਖਿਡਾਰਨ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਤਕਰਾਰ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਥਾਣਾ ਮੂਲੇਪੁਰ ਪੁਲਿਸ ਨੇ ਪਿਤਾ ਦੀ ਸ਼ਿਕਾਇਤ ‘ਤੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰਕੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DSP ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ, ਜਿਨ੍ਹਾਂ ‘ਚੋਂ ਦੋ ਧੀ ਤੇ ਇੱਕ ਪੁੱਤਰ ਸ਼ਾਦੀਸ਼ੁਦਾ ਹੈ। ਉਸ ਦੇ ਲੜਕੇ ਬਿਕਰਮਜੀਤ ਸਿੰਘ ਦੀ ਸ਼ਾਦੀ ਲਗਭਗ ਪੰਜ ਮਹੀਨੇ ਪਹਿਲਾਂ ਹੀ ਹੋਈ ਹੈਂ, ਉਸ ਦੇ ਲੜਕੇ ਦੀ ਪਹਿਲੀ ਸ਼ਾਦੀ ਹੈ ਅਤੇ ਜਦ ਕਿ ਉਸ ਦੀ ਨੂੰਹ ਪਿੰਕੀ ਦਾ ਇਹ ਦੂਸਰਾ ਵਿਆਹ ਸੀ। ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਅਤੇ MA ਪੰਜਾਬੀ ਦੀ ਪੜ੍ਹਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ।
ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਕਿ ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸਦੀ ਭਰਜਾਈ ਪਿੰਕੀ ਉਸਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਗਾਲੀ ਗਲੋਚ ਕਰਦੇ ਹਨ। ਇਸ ਲਈ ਬਿਕਰਮਜੀਤ ਸਿੰਘ ਅਤੇ ਨੂੰਹ ਪਿੰਕੀ ਨੂੰ ਉਹਨਾਂ ਨੇ ਕਈ ਵਾਰ ਸਮਝਾਇਆ ਸੀ ਕਿ ਸੁਮਨਦੀਪ ਕੌਰ ਨੂੰ ਤੰਗ ਨਾ ਕਰਿਆ ਕਰੋ, ਪਰ ਵਿਕਰਮਜੀਤ ਸਿੰਘ ਅਤੇ ਪਿੰਕੀ ਦੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸੁਮਨਦੀਪ ਕੌਰ ਬੀਤੇ ਦਿਨ ਘਰੋਂ ਚਲੀ ਗਈ ਸੀ।
ਜਿਸ ਤੋਂ ਬਾਅਦ ਸੁਮਨਦੀਪ ਕੌਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦੀ ਲਾਸ਼ ਨਹਿਰ ਵਿੱਚੋਂ ਮਿਲ ਗਈ ਹੈ। ਜਸਪਾਲ ਸਿੰਘ ਦੇ ਬਿਆਨਾਂ ਤੇ ਬਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਦੇ ਖਿਲਾਫ ਅੱਜ ਮਾਮਲਾ ਦਰਜ ਕਰਕੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਪਿੰਕੀ ਹਾਲੇ ਫਰਾਰ ਹੈ। ਮਨਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ