ਅੰਮ੍ਰਿਤਸਰ, 24 ਮਈ ( ਤਾਜੀਮਨੂਰ ਕੌਰ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖਾਲਸਾ ਕਾਲਜ ਦੇ ਪ੍ਰਿੰਸੀਪਲ ਸ. ਮਹਿਲ ਸਿੰਘ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਬੀ.ਏ. ਸਮੈਸਟਰ ਦੂਜੇ ਦੇ ਵਿਦਿਆਰਥੀਆਂ ਦਾ 6 ਜੂਨ ਵਾਲੇ ਦਿਨ ਦਾ ਪੇਪਰ ਮੁਲਤਵੀ ਹੋਣਾ ਚਾਹੀਦਾ ਹੈ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 6 ਜੂਨ ਦਾ ਦਿਨ ਸਿੱਖ ਇਤਿਹਾਸ ਵਿੱਚ ਕਿੰਨੀ ਵੱਡੀ ਮਹੱਤਤਾ ਰੱਖਦਾ ਹੈ, ਇਸ ਦਿਨ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗੰਨਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖ ਰੈਫਰੈਂਸ ਲਾਈਬਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਥਾਹਰਾ ਸਿੰਘ ਅਤੇ ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ, ਅੰਮ੍ਰਿਤ ਸਰੋਵਰ ਨੂੰ ਸਿੱਖਾਂ ਦੇ ਖੂਨ ਨਾਲ ਲਾਲ ਕਰ ਦਿੱਤਾ, ਪਰਕਰਮਾ ਨੂੰ ਸਿੱਖਾਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ ਗਿਆ। ਇਸ ਦਿਨ ਸਿੱਖ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਨ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਨ। ਖਾਲਸਾ ਕਾਲਜ ਦੇ ਪ੍ਰਿੰਸੀਪਲ ਸਰਦਾਰ ਮਹਿਲ ਸਿੰਘ ਨੂੰ ਭੁੱਲਣਾ ਨਹੀਂ ਚਾਹੀਦਾ ਕਿ 6 ਜੂਨ ਨੂੰ ਭਾਰਤ ਦੀ ਫੌਜ ਵਿਰੁੱਧ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਯਾਦ ਵਿੱਚ ਇਸੇ ਖਾਲਸਾ ਕਾਲਜ ਵਿੱਚ ਲਾਇਬਰੇਰੀ ਵੀ ਸਥਾਪਿਤ ਹੈ, ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੀ ਵਿਦਿਆਰਥੀਆਂ ਦਾ ਪੇਪਰ ਰੱਖ ਦੇਣਾ ਗਲਤ ਫੈਸਲਾ ਹੈ। ਵਿਦਿਆਰਥੀਆਂ ਅਤੇ ਸਿੱਖ ਸੰਗਤਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ 6 ਜੂਨ ਵਾਲਾ ਪੇਪਰ ਮੁਲਤਵੀ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖਾਲਸਾ ਕਾਲਜ ਦਾ ਮਾਣਮੱਤਾ ਇਤਿਹਾਸ ਹੈ ਪਰ ਅਫਸੋਸ ਹੈ ਕਿ ਇਥੋਂ ਦੇ ਪ੍ਰਿੰਸੀਪਲ ਅਤੇ ਹੋਰ ਅਧਿਕਾਰੀਆਂ ਨੂੰ 6 ਜੂਨ ਦੀ ਮਹੱਤਤਾ ਨਹੀਂ ਪਤਾ ਜਾਂ ਫਿਰ ਸਭ ਕੁਝ ਜਾਣਦੇ ਹੋਏ ਵੀ ਇਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਾਂ ਫਿਰ ਸਰਕਾਰੀ ਨੀਤੀ ਤਹਿਤ ਇਹ ਪੇਪਰ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਖਾਲਸਾ ਕਾਲਜ, ਖਾਲਸਾ ਪੰਥ ਦੀ ਵਿਰਾਸਤ ਹੈ, ਅਮਾਨਤ ਹੈ। ਇੱਥੇ ਵਿਦਿਆਰਥੀਆਂ ਨੂੰ ਤੀਜੇ ਘੱਲੂਘਾਰੇ ਬਾਰੇ ਵਿਸ਼ੇਸ਼ ਤੌਰ ਤੇ ਪੜਾਇਆ ਜਾਣਾ ਚਾਹੀਦਾ ਹੈ ਅਤੇ ਖੋਜਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ ਨੂੰ ਅਪੀਲ ਕੀਤੀ ਕਿ 6 ਜੂਨ ਦਾ ਵਿਦਿਆਰਥੀਆਂ ਦਾ ਪੇਪਰ ਤੁਰੰਤ ਮੁਲਤਵੀ ਕੀਤਾ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ