Home » ਸੰਪਾਦਕੀ » ਖ਼ਾਲਿਸਤਾਨ ਦਾ ਸੰਘਰਸ਼ ਜਿਉਂਦਾ ਅਤੇ ਜਾਗਦਾ

ਖ਼ਾਲਿਸਤਾਨ ਦਾ ਸੰਘਰਸ਼ ਜਿਉਂਦਾ ਅਤੇ ਜਾਗਦਾ

77 Views
ਜੂਨ 1984 ਘੱਲੂਘਾਰਾ ਵਾਪਰੇ ਨੂੰ ਚਾਲੀ ਸਾਲ ਹੋ ਚੁੱਕੇ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਸਮੇਤ ਸਮੂਹ ਸ਼ਹੀਦਾਂ ਦੇ ਨਿਸ਼ਾਨੇ ਪ੍ਰਤੀ ਇਹ ਸਵਾਲ ਕੌਮ ਦੇ ਸਾਹਮਣੇ ਖੜ੍ਹਾ ਹੈ ਕਿ ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਕਿਵੇਂ ਕਰਨੀ ਹੈ ?
ਭਾਰਤੀ ਮੀਡੀਆ ਵੱਲੋਂ ਇਹ ਗੱਲ ਬੜੇ ਜ਼ੋਰ-ਸ਼ੋਰ ਨਾਲ਼ ਪ੍ਰਚਾਰੀ ਜਾਂਦੀ ਹੈ ਕਿ ਖ਼ਾਲਿਸਤਾਨ ਦੇ ਸੰਘਰਸ਼ ਦਾ ਲੱਕ ਟੁੱਟ ਚੁੱਕਾ ਹੈ, ਮੁੱਠੀ-ਭਰ ਖ਼ਾਲਿਸਤਾਨੀਆਂ ਦਾ ਇਹ ਇੱਕ ਗੁਆਚਿਆ ਸੁਪਨਾ ਬਣ ਕੇ ਰਹਿ ਗਿਆ ਹੈ! ਭਾਰਤੀ ਮੀਡੀਆ ਵਿੱਚ ਇਹੋ ਜਿਹੇ ਬਿਆਨ ਛਾਏ ਰਹਿੰਦੇ ਹਨ ਜਿਨ੍ਹਾਂ ਦਾ ਮੂਲ-ਤੱਤ ਇਹ ਹੁੰਦਾ ਹੈ ਕਿ ‘ਖ਼ਾਲਿਸਤਾਨੀ ਸੰਘਰਸ਼’ ਖ਼ਤਮ ਹੋ ਗਿਆ ਹੈ! ਇਸ ਪ੍ਰਾਪੇਗੰਢੇ ਦਾ ਅਸਰ ਇਸ ਹੱਦ ਤਕ ਹੋ ਚੁੱਕਾ ਹੈ ਕਿ ਕੁਝ ਸਿੱਖ ਹੀ ਕਹਿਣ ਲਗ ਪਏ ਹਨ ਕਿ ਉਹਨਾਂ ਨੂੰ ਖ਼ਾਲਿਸਤਾਨ ਦੀ ਲੋੜ ਨਹੀਂ ਜਾਂ ਹੁਣ ਖ਼ਾਲਿਸਤਾਨ ਨਹੀਂ ਬਣਨਾ!
ਇੱਕ ਪਾਸੇ ਭਾਰਤੀ ਮੀਡੀਆ ਕਹਿੰਦਾ ਹੈ ਕਿ ਖ਼ਾਲਿਸਤਾਨ ਦਾ ਸੰਘਰਸ਼ ਖ਼ਤਮ ਹੋ ਚੁੱਕਾ ਹੈ ਤੇ ਦੂਜੇ ਪਾਸੇ ਮੀਡੀਆ ਕੋਈ ਵੀ ਅਜਿਹਾ ਮੌਕਾ ਨਹੀਂ ਛੱਡਦਾ ਜਿਸ ਦਿਨ ਖ਼ਾਲਿਸਤਾਨ ਨੂੰ ‘ਹਊਆ’ ਬਣਾ ਕੇ ਪੇਸ਼ ਨਾ ਕੀਤਾ ਜਾਵੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਸਟੇਟ ਹਿੰਦੂਆਂ ਨੂੰ ਡਰਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਡਰਿਆ ਹੋਇਆ ਹਿੰਦੂ ਉਹਨਾਂ ਨੂੰ ਆਪਣੀ ਹਿਫ਼ਾਜ਼ਤ ਲਈ ਬਿਨਾਂ ਸਵਾਲ ਕੀਤਿਆਂ ਵੋਟ ਦਿੰਦਾ ਰਹੇ। ਜੇ ਖ਼ਾਲਿਸਤਾਨੀ ਮੁੱਠੀ ਭਰ ਹਨ ਤਾਂ ਫਿਰ ਭਾਰਤੀ ਹਕੂਮਤ ਖ਼ਾਲਿਸਤਾਨੀ ਸੰਘਰਸ਼ ਤੋਂ ਐਨਾ ਡਰਦੀ ਕਿਉਂ ਹੈ ? ਭਾਰਤੀ ਏਜੰਸੀਆਂ ਦੇਸ਼-ਵਿਦੇਸ਼ ਵਿੱਚ ਖ਼ਾਲਿਸਤਾਨੀ ਆਗੂਆਂ ਦੇ ਕਤਲ ਕਿਉਂ ਕਰਵਾ ਰਹੀਆਂ ਹਨ ? ਖ਼ਾਲਿਸਤਾਨ ਦੇ ਸੰਘਰਸ਼ ਨੂੰ ਦਬਾਉਣ ਲਈ ਕਰੋੜਾਂ-ਅਰਬਾਂ ਰੁਪਈਆ ਕਿਉਂ ਖਰਚਿਆ ਜਾ ਰਿਹਾ ਹੈ ?
ਦਰਅਸਲ ਖ਼ਾਲਿਸਤਾਨ ਦਾ ਮੁੱਦਾ ਹੁਣ ਪੰਜਾਬ ਪੱਧਰ ਤਕ ਮੁਕਾਮੀ ਮੁੱਦਾ ਨਹੀਂ ਰਿਹਾ, ਇਹ ਅੰਤਰ-ਰਾਸ਼ਟਰੀ ਮੁੱਦਾ ਬਣ ਚੁੱਕਾ ਹੈ ਅਤੇ ਇਸ ਦਾ ਸਿਹਰਾ ਵਿਸ਼ਵ ਭਰ ਵਿੱਚ ਫੈਲੇ ਸਿੱਖ ਭਾਈਚਾਰੇ ਨੂੰ ਜਾਂਦਾ ਹੈ ਜਿਸ ਨੇ ਇਸ ਸੋਚ ਅਤੇ ਵਿਚਾਰਧਾਰਾ ਨੂੰ ਪ੍ਰਚਲਿਤ ਅਤੇ ਪ੍ਰਚੰਡ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਅੰਦਰ ਵੀ ਸਿੱਖ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਅਤੇ ਵਾਰਿਸ ਪੰਜਾਬ ਦੇ ਆਦਿ ਸਰਗਰਮ ਹਨ ਜਿਨ੍ਹਾਂ ਨੇ ਖ਼ਾਲਿਸਤਾਨ ਦਾ ਝੰਡਾ ਐਨੇ ਬਿਖੜੇ ਸਮਿਆਂ ਵਿੱਚ ਵੀ ਉੱਚਾ ਚੁੱਕ ਕੇ ਰੱਖਿਆ ਹੋਇਆ ਹੈ ਕਿ ਉਹ ਲਹਿਰਾਂ ਦੇ ੳੇੁਲ਼ਟ ਖ਼ਾਲਿਸਤਾਨ ਦੀ ਕਿਸ਼ਤੀ ਉਤਾਰ ਕੇ ਰਾਜਨੀਤਿਕ ਪਿੜ ਵਿੱਚ ਲੜ ਰਹੇ ਹਨ।
ਕੁੱਲ ਮਿਲ਼ਾ ਕੇ ਦੇਸ਼ ਅਤੇ ਵਿਦੇਸ਼ ਵਿੱਚ ਖ਼ਾਲਿਸਤਾਨ ਦਾ ਮੁੱਦਾ ਸੁਰਖ਼ੀਆਂ ਵਿੱਚ ਬਣਿਆ ਰਹਿੰਦਾ ਹੈ। ਕਿਸੇ ਵੇਲ਼ੇ ਭਾਰਤ, ਖ਼ਾਲਿਸਤਾਨ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ ਤੇ ਹੁਣ ਭਾਰਤੀ ਨੀਤੀ-ਘਾੜਿਆਂ ਨੇ ਪਾਕਿਸਤਾਨ ਦੇ ਨਾਲ਼ ਕੈਨੇਡਾ-ਅਮਰੀਕਾ ਨੂੰ ਵੀ ਲਪੇਟ ਲਿਆ ਹੈ। ਭਾਰਤੀ ਮੀਡੀਆ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉੱਤੇ ਵੀ ਖ਼ਾਲਿਸਤਾਨ ਦੇ ਸਮਰਥਕ ਹੋਣ ਦਾ ਲੇਬਲ ਲਾ ਦਿੱਤਾ ਸੀ। ਕੀ ਇਹ ਖ਼ਾਲਿਸਤਾਨੀ ਸੰਘਰਸ਼ ਦੇ ਜੀਵਤ ਹੋਣ ਦਾ ਪ੍ਰਮਾਣ ਨਹੀਂ ਹੈ ?
ਸਿੱਖਸ ਫ਼ਾਰ ਜਸਟਿਸ ਦੇ ਆਗੂ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਖ਼ਾਲਿਸਤਾਨ ਰੈਫ਼ਰੰਡਮ ਰਾਹੀਂ ਵਿਦੇਸ਼ਾਂ ਵਿੱਚ ਖ਼ਾਲਿਸਤਾਨ ਦੀ ਖ਼ੂਬ ਚਰਚਾ ਛੇੜੀ ਹੋਈ ਹੈ। ਪੰਜਾਬ ਦੀਆਂ ਖ਼ਾਲਿਸਤਾਨੀ ਜਥੇਬੰਦੀਆਂ ਵੀ ਜ਼ੋਰ ਦੇ ਰਹੀਆਂ ਹਨ ਕਿ ਯੂ.ਐੱਨ.ਓ. ਜਾਂ ਭਾਰਤ ਸਰਕਾਰ, ਖ਼ਾਲਿਸਤਾਨ ਦੇ ਹਾਂ ਜਾਂ ਨਾ ਪੱਖੀ ਹੁੰਗਾਰੇ ਬਾਰੇ ਪੰਜਾਬ ‘ਚ ਕਨੂੰਨੀ ਰੈਫ਼ਰੰਡਮ ਕਰਵਾਵੇ, ਸਾਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ 6 ਜੂਨ 2020 ਨੂੰ ਘੱਲੂਘਾਰੇ ਦਿਹਾੜੇ ‘ਤੇ ਇਹ ਕਹਿ ਦਿੱਤਾ ਸੀ ਕਿ “ਦੁਨੀਆਂ ਭਰ ’ਚ ਵੱਸਦਾ ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ।” ਫਿਰ ਉਹਨਾਂ ਨੇ ਸਿੱਖ ਰਾਜ ਦੀ ਪ੍ਰਾਪਤੀ ਲਈ ਰਾਜਸੀ ਲਹਿਰ ਸਿਰਜਣ ਦੀ ਗੱਲ ਵੀ ਕਹੀ। ਉਹਨਾਂ ਦੇ ਇਸ ਕਥਨ ਨੇ ਖ਼ਾਲਿਸਤਾਨ ਦੇ ਸੰਘਰਸ਼ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਕ ਵਾਰ ਫੇਰ ਮੋਹਰ ਲਾ ਦਿੱਤੀ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਖ਼ਾਲਿਸਤਾਨੀ ਮੁੱਠੀ ਭਰ ਨਹੀਂ, ਬਲਕਿ ਢਾਈ ਕਰੋੜ ਹਨ। ਉਸ ਦਿਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਕਹਿਣਾ ਪਿਆ ਕਿ “ਕੋਈ ਵੀ ਸਿੱਖ ਖ਼ਾਲਿਸਤਾਨ ਤੋਂ ਇਨਕਾਰੀ ਨਹੀਂ ਹੋ ਸਕਦਾ।”
10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤਾਂ ਅੱਜ ਵੀ ਹਿੱਕ ਠੋਕ ਕੇ ਖ਼ਾਲਿਸਤਾਨ ਦੀ ਗੱਲ ਕਰਦੇ ਹਨ, ਭਾਵੇਂ ਕਿ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ। ਬੁੜ੍ਹੈਲ ਜੇਲ੍ਹ ’ਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਸਪਸ਼ਟ ਕਿਹਾ ਕਿ “ਸਾਨੂੰ ਰਿਹਾਈ ਮਿਲ਼ੇ ਜਾਂ ਨਾ ਮਿਲ਼ੇ, ਪਰ ਖ਼ਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼ ਬੁਲੰਦ ਰਹਿਣਾ ਚਾਹੀਦਾ ਹੈ, ਸਾਡੀ ਜ਼ਿੰਦਗੀ ਚਾਹੇ ਜੇਲ੍ਹਾਂ ਵਿੱਚ ਹੀ ਬੀਤ ਜਾਵੇ।”
ਸੰਨ 2020-21 ’ਚ ਕਾਲ਼ੇ ਖੇਤੀ ਕਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਦੌਰਾਨ ਵੀ ਖ਼ਾਲਿਸਤਾਨ ਦਾ ਮੁੱਦਾ ਭਖ਼ਿਆ ਰਿਹਾ ਤੇ ਇਸ ਸੰਘਰਸ਼ ਦਾ ਸਮਰਥਨ ਕਰਨ ਵਾਲ਼ੀਆਂ ਅੰਤਰ-ਰਾਸ਼ਟਰੀ ਹਸਤੀਆਂ ਨੂੰ ਵੀ ਭਾਰਤੀ ਮੀਡੀਆ ਤੇ ਭਾਰਤ ਸਰਕਾਰ ਨੇ ਖ਼ਾਲਿਸਤਾਨੀ ਸਮਰਥਕ ਐਲਾਨ ਦਿੱਤਾ ਤੇ ਇਸ ਸੰਘਰਸ਼ ਨਾਲ਼ ਜੁੜੇ ਹਰ ਇੱਕ ਵਿਅਕਤੀ ਤੇ ਕਿਸਾਨਾਂ ਨੂੰ ਵੀ ਖ਼ਾਲਿਸਤਾਨੀ ਕਿਹਾ ਗਿਆ। ਸਿੱਖਾਂ ਨੇ ਕਿਹਾ ਕਿ “ਹਾਂ, ਸਾਨੂੰ ਖ਼ਾਲਿਸਤਾਨੀ ਹੋਣ ’ਤੇ ਮਾਣ ਹੈ।” ਦੂਜੇ ਸੂਬਿਆਂ ਦੇ ਲੋਕਾਂ ਨੇ ਵੀ ਕਿਹਾ ਕਿ “ਜੇ ਸਿੱਖ ਖ਼ਾਲਿਸਤਾਨੀ ਨੇ ਤਾਂ ਅਸੀਂ ਵੀ ਖ਼ਾਲਿਸਤਾਨੀ ਹਾਂ, ਪੂਰਾ ਭਾਰਤ ਹੀ ਖ਼ਾਲਿਸਤਾਨ ਬਣਨਾ ਚਾਹੀਦਾ ਹੈ।” ਇਹ ਗੱਲਾਂ ਖ਼ਾਲਿਸਤਾਨੀ ਸੰਘਰਸ਼ ਦੀ ਪਵਿੱਤਰਤਾ ਅਤੇ ਜਾਹੋ-ਜਲਾਲ ਦਾ ਸਬੂਤ ਸਨ। ਜਦੋਂ 26 ਜਨਵਰੀ 2021 ਨੂੰ ਦਿੱਲੀ ਦੇ ਲਾਲ ਕਿਲ੍ਹੇ ’ਤੇ ਭਾਈ ਜੁਗਰਾਜ ਸਿੰਘ ‘ਵਾਂ’ ਨੇ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਇਆ ਤਾਂ ਹਿੰਦੂ-ਮੀਡੀਆ ਨੇ ਉਸ ਨੂੰ ‘ਖ਼ਾਲਿਸਤਾਨ ਦਾ ਝੰਡਾ’ ਕਹਿ ਕੇ ਚੀਕ-ਚਿਹਾੜਾ ਪਾਇਆ ਤੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਵੀ ‘ਖ਼ਾਲਿਸਤਾਨੀ ਐਕਟਰ’ ਕਹਿ ਕੇ ਭੰਡਿਆ।
ਸੋ, ਖ਼ਾਲਿਸਤਾਨ ਦਾ ਸੰਘਰਸ਼ ਜਿਉਂਦਾ ਅਤੇ ਜਾਗਦਾ ਹੈ, ਇਹ ਵੱਖ-ਵੱਖ ਪੜ੍ਹਾਵਾਂ ‘ਚੋਂ ਨਿਕਲਦਾ ਹੋਇਆ ਜਾਰੀ ਹੈ। ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਵੀ ਦਸ ਸਾਲ ਪੂਰੀ ਸਿਖਰ ‘ਤੇ ਲੜਿਆ ਗਿਆ ਤੇ ਜ਼ਮਹੂਰੀਅਤ, ਲੋਕਤੰਤਰਿਕ ਅਤੇ ਰਾਜਨੀਤਿਕ ਢੰਗ ਨਾਲ਼ ਸੰਘਰਸ਼ ਅੱਜ ਵੀ ਜਾਰੀ ਹੈ। ਜਿਨ੍ਹਾਂ ਸਿੱਖਾਂ ਨੇ ਭਾਰਤ ‘ਚ ਗ਼ੁਲਾਮੀ ਦਾ ਸੰਤਾਪ ਭੋਗਿਆ ਜਾਂ ਪੜ੍ਹਿਆ-ਸੁਣਿਆ ਉਹ ਕੌਮੀ ਅਜ਼ਾਦੀ ਦੇ ਸੁਪਨੇ ਲੈਂਦੇ ਹਨ। ਹਰ ਸਿੱਖ ਜਦੋਂ ਸਵੇਰੇ-ਸ਼ਾਮ ਸਰਬੱਤ ਦੇੇ ਭਲੇ ਦੀ ਅਰਦਾਸ ਕਰ ਕੇ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਪੜ੍ਹਦਾ ਹੈ ਤਾਂ ਉਸ ਅੰਦਰ ਕਿਤੇ ਨਾ ਕਿਤੇ ਰਾਜ ਕਰਨ ਦੀ ਭਾਵਨਾ ਘੁਸਲਵੱਟੇ ਲੈ ਰਹੀ ਹੁੰਦੀ ਹੈ। ਰਾਜਨੀਤਿਕ ਅਹੁਦਿਆਂ ‘ਤੇ ਬਿਰਾਜਮਾਨ ਹੋਣ ਕਰਕੇ ਕਈ ਸਿੱਖ ਖੁੱਲ੍ਹ ਕੇ ਖ਼ਾਲਿਸਤਾਨ ਦੀ ਹਮਾਇਤ ਨਹੀਂ ਕਰਦੇ ਪਰ ਉਹ ਸਿੱਖਾਂ ਨਾਲ਼ ਹੋਈਆਂ ਵਧੀਕੀਆਂ ਦੀ ਗੱਲ ਕਰ ਕੇ ਆਪਣਾ ਪੱਖ ਗਾਹੇ-ਬਗਾਹੇ ਜ਼ਰੂਰ ਪੇਸ਼ ਕਰ ਜਾਂਦੇ ਹਨ।
ਭਾਰਤ ਸਰਕਾਰ ਨੂੰ ਵੀ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਖ਼ਾਲਿਸਤਾਨ ਦੀ ਅਜ਼ਾਦੀ ਲਈ ਸਿੱਖਾਂ ਦਾ ਦਿਲ ਧੜਕਦਾ ਹੈ, ਦੇਸ਼ਾਂ-ਵਿਦੇਸ਼ਾਂ ਵਿੱਚ ਲੱਖਾਂ ਸਿੱਖ, ਖ਼ਾਲਿਸਤਾਨ ਦੇ ਹਮਾਇਤੀ ਹਨ। ਸਿੱਖਾਂ ਅੰਦਰੋਂ ਰਾਜ ਕਰਨ ਦੀ ਭਾਵਨਾ ਖ਼ਤਮ ਨਹੀਂ ਕੀਤੀ ਜਾ ਸਕਦੀ। ਭਾਰਤ ਸਰਕਾਰ ਇਹਨਾਂ ਸਭ ਗੱਲਾਂ ਤੋਂ ਚਿੰਤਤ ਹੈ ਤੇ ਖ਼ਾਲਿਸਤਾਨ ਦੇ ਸੰਘਰਸ਼ ਉੱਤੇ ਅੱਤਵਾਦ ਦਾ ਲੇਬਲ ਲਾ ਕੇ ਇਸ ਨੂੰ ਬਦਨਾਮ ਕਰਦੀ ਆ ਰਹੀ ਹੈ। ਪਰ ਸਰਕਾਰ ਦੇ ਹੱਥੋਂ ਇਹ ਗੱਲ ਨਿਕਲ਼ ਚੁੱਕੀ ਹੈ ਕਿਉਂਕਿ ਖ਼ਾਲਿਸਤਾਨ ਦੇ ਸੰਘਰਸ਼ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਅਤੇ ਬੁਲੰਦੀ ਹਾਸਲ ਹੋ ਚੁੱਕੀ ਹੈ।
ਕੈਨੇਡਾ ’ਚ 18 ਜੂਨ 2023 ਨੂੰ ਖ਼ਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਹੋਈ ਸ਼ਹਾਦਤ ਤੋਂ ਬਾਅਦ ਪੂਰੀ ਦੁਨੀਆਂ ’ਚ ਖ਼ਾਲਿਸਤਾਨ ਦਾ ਮੁੱਦਾ ਛਾ ਗਿਆ। ਹਰੇਕ ਦੇਸ਼ ਦੇ ਲੋਕਾਂ ਨੂੰ ਖ਼ਾਲਿਸਤਾਨ ਬਾਰੇ ਪਤਾ ਲਗ ਗਿਆ, ਖ਼ਾਲਿਸਤਾਨ ਦੀ ਗੱਲ ਸੰਸਾਰ ਭਰ ਦੇ ਮੀਡੀਆ ਚੈੱਨਲਾਂ ਤੇ ਅਖ਼ਬਾਰਾਂ ’ਚ ਚੱਲੀ, ਇੱਕ ਵਾਰ ਤਾਂ ਸਾਰੇ ਪਾਸੇ ‘ਖ਼ਾਲਿਸਤਾਨ-ਖ਼ਾਲਿਸਤਾਨ’ ਹੋ ਗਈ। ਹੁਣ ਸਿੱਖ ਹੀ ਨਹੀਂ ਬਲਕਿ ਦੁਨੀਆਂ ਦੇ ਵੱਡੇ ਮੁਲਕ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਵੀ ਖ਼ਾਲਿਸਤਾਨ ਉੱਤੇ ਚਰਚਾ ਕਰਦੇ ਹਨ। ਇਸ ਵਕਤ ਖ਼ਾਲਿਸਤਾਨ, ਖ਼ਾਲਸਾ ਪੰਥ ਦੀਆਂ ਬਰੂਹਾਂ ’ਤੇ ਹੈ, ਪਰ ਕੀ ਸਿੱਖ ਇਸ ਮੌਕੇ ਦਾ ਲਾਹਾ ਅਤੇ ਖ਼ਾਲਿਸਤਾਨ ਲੈਣ ਲਈ ਤਿਆਰ ਹਨ! ਅਗਲੇ ਸਾਲਾਂ ਵਿੱਚ ਸੰਘਰਸ਼ਸ਼ੀਲ ਸਿੱਖਾਂ ਨੂੰ ਪੂਰੀ ਮਜ਼ਬੂਤੀ ਨਾਲ਼ ਮੈਦਾਨ ਵਿੱਚ ਆਉਣਾ ਪਵੇਗਾ। ਯੂਰਪੀ ਸੰਘ ਦੇ ‘ਨਾਟੋ’ ਦੀ ਕਮੇਟੀ ਦੇ ਮੁਖੀ ਨੇ ‘ਅਜ਼ਾਦ ਸਿੱਖ ਸਟੇਟ’ ਦੇ ਸੰਕੇਤ ਦਿੱਤੇ ਹਨ। ਖ਼ਾਲਿਸਤਾਨੀ ਸੰਘਰਸ਼ ਦੀ ਹਮਾਇਤ ਦਿਨੋਂ-ਦਿਨ ਵਧ ਰਹੀ ਹੈ।
ਅੰਤਰ-ਰਾਸ਼ਟਰੀ ਮੰਚ ’ਤੇ ਇਹ ਚਰਚਾ ਛਿੜਨ ਦੇ ਆਸਾਰ ਹਨ ਕਿ ‘ਖ਼ਾਲਿਸਤਾਨ’ ਸਿਰਜ ਕੇ ਸਿੱਖਾਂ ਨਾਲ਼ ਓਵੇਂ ਇਨਸਾਫ਼ ਕੀਤਾ ਜਾਵੇ ਜਿਵੇਂ ਯਹੂਦੀਆਂ ਲਈ ‘ਇਜ਼ਰਾਈਲ’ ਸਿਰਜਿਆ ਗਿਆ ਸੀ। ਦੂਜੇ ਪਾਸੇ ਖ਼ਾਲਿਸਤਾਨ ਦੇ ਸੰਘਰਸ਼ ਦੇ ਹੱੱਕ ’ਚ ਬਣ ਰਹੀ ਲਹਿਰ ਨੂੰ ਅਸਫ਼ਲ ਕਰਨ ਲਈ ਭਾਰਤ ਸਰਕਾਰ ਹਰ ਹਰਬਾ ਵਰਤ ਰਹੀ ਹੈ। ਪਰ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕਰਕੇ ਭਾਰਤ ਦਾ ਅੱਤਵਾਦੀ ਚਿਹਰਾ ਨੰਗਾ ਹੋ ਚੁੱਕਾ ਹੈ। ਦੁਨੀਆਂ ਨੂੰ ਪਤਾ ਲਗ ਗਿਆ ਹੈ ਕਿ ਸਿੱਖਾਂ ਨਾਲ਼ ਭਾਰਤ ’ਚ ਅਨਿਆਂ ਹੋ ਰਿਹਾ ਹੈ, ਸਿੱਖ ਭਾਰਤ ਤੋਂ ਬਾਗ਼ੀ ਹਨ ਤੇ ਉਹ ਆਪਣਾ ਕੌਮੀ ਘਰ ਖ਼ਾਲਿਸਤਾਨ ਸਿਰਜਣਾ ਚਾਹੁੰਦੇ ਹਨ।
ਵਿਦੇਸ਼ਾਂ ਵਿੱਚ ਸਿੱਖਾਂ ਦੀ ਚੜ੍ਹਤ ਵੱਧਦੀ ਜਾ ਰਹੀ ਹੈ, ਦਿਨੋਂ-ਦਿਨ ਹਲਾਤ ਖ਼ਾਲਿਸਤਾਨ ਦੇ ਪੱਖ ਵਿੱਚ ਭੁਗਤਦੇ ਜਾ ਰਹੇ ਹਨ। ਸੰਸਾਰ ਭਰ ’ਚ ਖ਼ਾਲਿਸਤਾਨ ਦੀਆਂ ਗੂੰਜਾਂ ਪੈ ਰਹੀਆਂ ਹਨ, ਖ਼ਾਲਿਸਤਾਨ ਦਾ ਸੂਰਜ ਬੁਲੰਦ ਹੋ ਰਿਹਾ ਹੈ। ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ‘ਪਾਤਸ਼ਾਹੀ ਦਾਵਾ’ ਬਖ਼ਸ਼ਿਆ ਹੈ, ਗੁਰੂ ਨੇ ਸਿੱਖਾਂ ਦੀ ਝੋਲ਼ੀ ਵਿੱਚ ਰਾਜ ਅਵੱਸ਼ ਪਾਉਣਾ ਹੈ, ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ, ਖ਼ਾਲਿਸਤਾਨ ਬਣ ਕੇ ਰਹੇਗਾ। ਪ੍ਰਣਾਮ ਸ਼ਹੀਦਾਂ ਨੂੰ!
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)
ਮੋ: 88722-93883
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?