ਸ਼ਹੀਦ ਭਾਈ ਰਣਜੀਤ ਸਿੰਘ ਕੜਾਕਾ ਵਲਟੋਹਾ ਦੀ ਯਾਦ ਚ ਕਰਾਇਆ ਸਮਾਗਮ
ਅੰਮ੍ਰਿਤਸਰ, 26 ਮਈ ( ਤਾਜੀਮਨੂਰ ਕੌਰ ) ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦੇ ਜੁਝਾਰੂ ਅਮਰ ਸ਼ਹੀਦ ਭਾਈ ਰਣਜੀਤ ਸਿੰਘ ਕੜਾਕਾ ਉਰਫ ਭਾਈ ਹਰਜੀਤ ਸਿੰਘ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਗ੍ਰਹਿ ਵਿਖੇ ਪਿੰਡ ਵਲਟੋਹਾ, ਜ਼ਿਲਾ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੂਨ 1984 ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖੀ ਸਵੈਮਾਣ ਅਤੇ ਖਾਲਿਸਤਾਨ ਦੀ ਆਜ਼ਾਦੀ ਖਾਤਰ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਜੋ ਖਾਲਸਾ ਪੰਥ ਦਾ ਮਾਣ ਹਨ ਤੇ ਇਹਨਾਂ ਦੇ ਕਰਕੇ ਹੀ ਅਸੀਂ ਸਿਰ ਉੱਚਾ ਕਰਕੇ ਜਿਉਂਦੇ ਹਾਂ। ਉਹਨਾ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿਧਾਂਤ ਕਿ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਫਿਰ ਹਥਿਆਰ ਉਠਾਉਣਾ ਜਾਇਜ਼ ਅਤੇ ਧਰਮ ਹੈ ਤੇ ਪਹਿਰਾ ਦਿੰਦਿਆਂ ਹੀ ਇਹ ਸਿੰਘ ਸ਼ਸਤਰਧਾਰੀ ਹੋ ਕੇ ਹਿੰਦੁਸਤਾਨ ਦੇ ਜਬਰ ਜੁਲਮ ਦੇ ਖਿਲਾਫ ਲੜੇ। ਉਹਨਾਂ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ, ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜ ਸ਼ਹੀਦਾਂ ਦੀ ਬਾਣੀ ਦਰਜ ਹੈ, ਦੋ ਵਾਰ ਸ਼ਹੀਦ ਸ਼ਬਦ ਦਾ ਜ਼ਿਕਰ ਆਇਆ ਹੈ, ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਤੋਂ ਬਾਅਦ ਸਭ ਤੋਂ ਸਤਿਕਾਰਯੋਗ ਤੇ ਉੱਚੀ ਪਦਵੀ ਸ਼ਹੀਦਾਂ ਦੀ ਹੀ ਹੈ। ਸ਼ਹੀਦ ਭਾਈ ਰਣਜੀਤ ਸਿੰਘ ਕੜਾਕਾ ਜੋ ਬਾਣੀ ਬਾਣੇ ਦੇ ਧਾਰਨੀ ਅਤੇ ਗੁਰਸਿੱਖ ਯੋਧੇ ਸਨ, ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਅਤੇ ਸ਼ਸਤਰਧਾਰੀ ਹੋ ਕੇ ਆਪਣੇ ਧਰਮ ਦੀ ਰਾਖੀ ਕਰੀਏ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅੱਜ ਭਾਵੇਂ ਭਾਰਤ ਸਰਕਾਰ ਅਤੇ ਹਿੰਦੂ ਮੀਡੀਆ ਸਾਡੇ ਜੁਝਾਰੂ ਸ਼ਹੀਦਾਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਕਹਿ ਕੇ ਨਿੰਦਦਾ, ਭੰਡਦਾ ਤੇ ਬਦਨਾਮ ਕਰਦਾ ਹੈ ਪਰ ਇਹ ਸਾਡੀ ਕੌਮ ਦੇ ਧਰਮੀ ਯੋਧੇ ਸਨ ਤੇ ਸਿੱਖ ਕੌਮ ਦੇ ਰਾਖੇ ਸਨ ਜਿਨ੍ਹਾਂ ਨੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਪਣੀਆਂ ਜਾਨਾਂ ਧਰਮ ਯੁੱਧ ਵਿੱਚ ਵਾਰ ਦਿੱਤੀਆਂ। ਕੌਮੀ ਘਰ ਖਾਲਿਸਤਾਨ ਬਣਨ ਤੇ ਇਹਨਾਂ ਸ਼ਹੀਦਾਂ ਦੀ ਯਾਦਗਾਰ ਹਰੇਕ ਪਿੰਡ ਵਿੱਚ ਬਣਾਈ ਜਾਵੇਗੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਿੰਡ ਵਲਟੋਹਾ ਦੇ 20 ਤੋਂ ਵੀ ਵੱਧ ਸ਼ਹੀਦ ਹਨ ਜਿਨਾਂ ਦਾ ਇਤਿਹਾਸ ਅਸੀਂ ਤਵਾਰੀਖ ਸ਼ਹੀਦ ਏ ਖਾਲਿਸਤਾਨ ਭਾਗ ਤੀਜਾ ਕਿਤਾਬ ਵਿੱਚ ਛਾਪ ਚੁੱਕੇ ਹਾਂ। ਇਸ ਮੌਕੇ ਸ਼ਹੀਦ ਰਣਜੀਤ ਸਿੰਘ ਕੜਾਕਾ ਦੇ ਭਰਾ ਸ. ਜੋਗਾ ਸਿੰਘ, ਕਾਰਜ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਬਚਿੱਤਰ ਸਿੰਘ, ਜੀਤ ਸਿੰਘ, ਹਰਵੰਤ ਸਿੰਘ, ਦਿਲਬਾਗ ਸਿੰਘ, ਗੁਰਭੇਜ ਸਿੰਘ, ਹਰਜੀਤ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ