ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਪੰਥਕ ਉਮੀਦਵਾਰ ਈਮਾਨ ਸਿੰਘ ਮਾਨ ਦੇ ਹੱਕ ਵਿੱਚ ਕਰਵਾਇਆ ਵੱਡਾ ਇਕੱਠ

98
ਸ੍ਰੀ ਅੰਮ੍ਰਿਤਸਰ ਦੀ ਪਵਿੱਤਰਤਾ ਤੇ ਸੁੰਦਰਤਾ ਲਈ ਵਿਸ਼ੇਸ਼ ਕਾਰਜ ਕੀਤੇ ਜਾਣਗੇ

ਅੰਮ੍ਰਿਤਸਰ, 27 ਅਪ੍ਰੈਲ ( ਤਾਜੀਮਨੂਰ ਕੌਰ ) ਬੀਤੇ ਕੱਲ੍ਹ ਸ੍ਰੀ ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸਥਿਤ ਗੁਰਬਖਸ਼ ਨਗਰ ਵਿਖੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਦੇ ਘਰ ਦੇ ਬਾਹਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਵੱਡਾ ਇਕੱਠ ਕੀਤਾ ਗਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਤੋਂ ਪੰਥਕ ਉਮੀਦਵਾਰ ਸ. ਇਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਮੇਤ ਪੁੱਜੇ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਬੜੀ ਗਰਮ ਜੋਸ਼ੀ ਦੇ ਨਾਲ ਸਰਦਾਰ ਇਮਾਨ ਸਿੰਘ ਮਾਨ ਦਾ ਸਵਾਗਤ ਕੀਤਾ। ਫਿਰ ਵੱਡੇ ਇਕੱਠ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਰਦਾਰ ਇਮਾਨ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਸ. ਬਲਵਿੰਦਰ ਸਿੰਘ ਕਾਲਾ, ਬੀਬੀ ਰਸ਼ਪਿੰਦਰ ਕੌਰ ਗਿੱਲ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਅਤੇ ਵਾਰਸ ਪੰਜਾਬ ਦੇ ਆਗੂ ਭਾਈ ਹਰਮਨਦੀਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਸਰਦਾਰ ਇਮਾਨ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੁੰਦਰਤਾ ਤੇ ਪਵਿੱਤਰਤਾ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ, ਇਹ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਵਸਾਈ ਹੋਈ ਨਗਰੀ ਹੈ, ਇੱਥੇ ਮਹਾਨ ਇਤਿਹਾਸ ਰਚਿਆ ਗਿਆ ਹੈ, ਪਰ ਸਿਆਸਤਦਾਨਾ ਨੇ ਗੁਰੂ ਕੀ ਨਗਰੀ ਵੱਲ ਕਦੇ ਵੀ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਬਾਰਡਰ ਖੋਲਣੇ ਚਾਹੀਦੇ ਹਨ ਤਾਂ ਜੋ ਉਹਨਾਂ ਨਾਲ ਵਪਾਰ ਦਾ ਰਾਹ ਖੁੱਲ ਸਕੇ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕੇ ਤੇ ਆਰਥਿਕ ਪੱਖੋਂ ਪੰਜਾਬ ਮਜਬੂਤ ਹੋ ਸਕੇ। ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਉੱਤੇ ਚਾਰੇ ਪਾਸਿਓਂ ਹਮਲੇ ਹੋ ਰਹੇ ਹਨ। ਈਮਾਨ ਸਿੰਘ ਮਾਨ ਨੇ ਮੋਦੀ ਅਤੇ ਭਾਜਪਾ ਉੱਤੇ ਖਾਸ ਤੌਰ ਤੇ ਨਿਸ਼ਾਨੇ ਲਗਾਏ, ਉਹਨਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ, ਉਹਨਾਂ ਇਹ ਵੀ ਕਿਹਾ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੋਵੇ ਉਹ ਕਾਂਗਰਸੀ ਕਦੇ ਵੀ ਪਾਰਲੀਮੈਂਟ ਵਿੱਚ ਸਿੱਖਾਂ ਨਾਲ ਇਨਸਾਫ ਦੀ ਗੱਲ ਨਹੀਂ ਕਰ ਸਕਦੇ, ਇਸੇ ਤਰ੍ਹਾਂ ਬਰਗਾੜੀ ਅਤੇ ਬਹਿਬਲ ਕਾਂਡ ਬਾਦਲਕਿਆਂ ਨੇ ਕਰਵਾਇਆ ਸੀ ਜਿਸ ਵਿੱਚ ਉਹ ਦੋਸ਼ੀ ਹਨ। ਇਮਾਨ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰਿਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਭਾਜਪਾ, ਬਾਦਲ, ਕਾਂਗਰਸ, ਝਾੜੂ ਪਾਰਟੀ ਨੂੰ ਨਕਾਰ ਕੇ ਪੰਥਕ ਉਮੀਦਵਾਰਾਂ ਨੂੰ ਜਤਾਇਆ ਜਾਵੇ, ਸਾਰੀਆਂ ਪਾਰਟੀਆਂ ਪੰਥ ਅਤੇ ਪੰਜਾਬ ਵਾਸੀਆਂ ਨੂੰ ਕੁੱਟਦੀਆਂ, ਲੁੱਟਦੀਆਂ ਹਨ, ਹੁਣ ਪੰਜਾਬ ਵਿੱਚ ਪੰਥਕ ਉਭਾਰ ਅਤੇ ਪੰਥਕ ਸ਼ਕਤੀ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਦੁਸ਼ਮਣ ਤਾਕਤਾਂ ਤੋਂ ਬਚਾਇਆ ਜਾ ਸਕੇ। ਉਨਾ ਕਿਹਾ ਕਿ ਚੋਣ ਨਿਸ਼ਾਨ ਬਾਲਟੀ ਨੂੰ ਵੋਟਾਂ ਪਾ ਕੇ ਮਾਨ ਦਲ ਦੇ ਉਮੀਦਵਾਰਾਂ ਨੂੰ ਕਾਮਯਾਬ ਕੀਤਾ ਜਾਵੇ। ਸਰਦਾਰ ਅੰਗਦ ਸਿੰਘ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਵਿਕਾਸ ਨੂੰ ਸਿਆਸਤਦਾਨਾਂ ਨੇ ਹਮੇਸ਼ਾ ਅਣਗੌਲਿਆਂ ਕੀਤਾ, ਪੰਥਕ ਸਖਸ਼ੀਅਤਾਂ ਦਾ ਸਿਆਸੀ ਸ਼ਕਤੀਕਰਨ ਬਹੁਤ ਜਰੂਰੀ ਹੈ, ਇਸ ਕਰਕੇ ਪੰਥਕ ਉਮੀਦਵਾਰਾਂ ਨੂੰ ਜਤਾਇਆ ਜਾਵੇ। ਬੀਬੀ ਰਸ਼ਪਿੰਦਰ ਕੌਰ ਗਿੱਲ ਨੇ ਕਿਹਾ ਕਿ ਜਿਸ ਕਾਂਗਰਸ ਨੇ ਪੰਥ ਅਤੇ ਪੰਜਾਬ ਤੇ ਕਹਿਰ ਕੀਤਾ ਉਸ ਦਾ ਹੁਣ ਤੱਕ ਖਾਤਮਾ ਹੋ ਜਾਣਾ ਚਾਹੀਦਾ ਸੀ। ਭਾਈ ਭੁਪਿੰਦਰ ਸਿੰਘ 6 ਜੂਨ ਨੇ ਭਾਜਪਾ ਅਤੇ ਝਾੜੂ ਪਾਰਟੀ ਦੀਆਂ ਕਈ ਪੋਲਾਂ ਖੋਲੀਆਂ ਅਤੇ ਸਭ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਯੋਧੇ ਵੀਰ ਗਤਕਾ ਅਖਾੜਾ ਦੇ ਭਾਈ ਪਾਰਸ ਸਿੰਘ ਖਾਲਸਾ ਨੇ ਵੀ ਜੋਸ਼ੀਲੀ ਤਕਰੀਰ ਕੀਤੀ। ਸਮਾਪਤੀ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਰਦਾਰ ਇਮਾਨ ਸਿੰਘ ਮਾਨ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਈਮਾਨ ਸਿੰਘ ਮਾਨ ਨੇ ਭਾਈ ਭੁਪਿੰਦਰ ਸਿੰਘ 6 ਜੂਨ ਨੂੰ ਸਿਰੋਪਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਵੀ ਸ਼ਾਮਿਲ ਕੀਤਾ। ਇਸ ਮੌਕੇ ਸ. ਬਲਬੀਰ ਸਿੰਘ, ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਸੁਖਵਿੰਦਰ ਸਿੰਘ ਨਿਜਾਮਪੁਰ, ਜਸਕਰਨ ਸਿੰਘ ਪੰਡੋਰੀ, ਮਨਿੰਦਰ ਸਿੰਘ, ਮਾਸਟਰ ਅਮਰਨਾਥ, ਅਰੂਨ ਧਵਨ, ਮਾਸਟਰ ਕਾਂਸ਼ੀ ਰਾਮ, ਵਿਸ਼ਵਨਾਥ, ਕਸਤੂਰੀ ਲਾਲ, ਸੋਹਨ ਸਿੰਘ, ਰਜਿੰਦਰ ਸਿੰਘ ਕਾਲਾ, ਜੀਤ ਸਿੰਘ, ਗੁਰਮੀਤ ਸਿੰਘ ਸੂਰਜ , ਜਸਵਿੰਦਰ ਸਿੰਘ ਬਹੋੜੂ, ਰਵੀ ਸਿੰਘ, ਇੰਜੀਨੀਅਰ ਮਨਿੰਦਰ ਸਿੰਘ, ਹਰਪਾਲ ਸਿੰਘ ਬਹੋੜੁ, ਦਿਲਬਾਗ ਸਿੰਘ, ਸਰਦਾਰ ਹਰਭਜਨ ਸਿੰਘ, ਵਰਿੰਦਰ ਸਿੰਘ ਡਾਕਟਰ ਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਕਾਕਾ ਰਾਜੂ, ਸੋਨੂੰ ਆਦਿ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?