ਅੰਮ੍ਰਿਤਸਰ/ਤਰਨ ਤਾਰਨ, 29 ਮਈ ( ਤਾਜੀਮਨੂਰ ਕੌਰ ) ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਸ. ਤਰਸੇਮ ਸਿੰਘ ਦੀ ਅਗਵਾਈ ਵਿੱਚ ਕਸਬਾ ਭਿਖੀਵਿੰਡ ਅਤੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਸਿੱਖ ਨੌਜਵਾਨਾਂ ਵੱਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਅਤੇ ਪੰਥਕ ਸ਼ਖ਼ਸੀਅਤਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ. ਅੰਗਦ ਸਿੰਘ ਕਸ਼ਮੀਰ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਕਵੀਸ਼ਰ ਗੁਰਜੰਟ ਸਿੰਘ ਬੈਂਕਾ ਆਦਿ ਨੇ ਸ਼ਮੂਲੀਅਤ ਕੀਤੀ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ ਦੇ ਵਿੱਚ ਨਜ਼ਰਬੰਦ ਹਨ। ਰੋਡ ਸ਼ੋਅ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵਾਲੇ ਵੱਡੇ ਬੋਰਡ ਅਤੇ ਝੰਡੇ ਨੌਜਵਾਨਾਂ ਨੇ ਫੜੇ ਹੋਏ ਸਨ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਵੀ ਗਜਾਏ ਗਜਾਏ ਜਾ ਰਹੇ ਸਨ। ਕਸਬਾ ਭਿੱਖੀਵਿੰਡ ਅਤੇ ਆਸ ਪਾਸ ਦੀਆਂ ਸੰਗਤਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੇ ਵਿੱਚ ਭਰਪੂਰ ਸਾਥ ਦਿੱਤਾ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪਿੰਡਾਂ ਦੀਆਂ ਸੰਗਤਾਂ ਵੱਲੋਂ ਆਪ ਮੁਹਾਰੇ ਵੱਡੇ ਇਕੱਠ ਕੀਤੇ ਜਾ ਰਹੇ ਹਨ, ਸਿੱਖ ਨੌਜਵਾਨਾਂ ਦੀ ਮਿਹਨਤ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ। ਵਿਰਸਾ ਸਿੰਘ ਵਲਟੋਹਾ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ, ਉਸ ਵੱਲੋਂ ਜੋ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਉਹ ਸ਼ੋਭਾ ਨਹੀਂ ਦਿੰਦੀ। ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸਿੱਖ ਕੌਮ ਉੱਤੇ ਇਨਾ ਜੁਲਮ ਕੀਤਾ ਕਿ ਕੌਮ ਕਦੇ ਭੁੱਲ ਨਹੀਂ ਸਕਦੀ। ਭਾਜਪਾ ਤੋਂ ਤਾਂ ਕਦੇ ਪੰਥ ਅਤੇ ਪੰਜਾਬ ਦੇ ਭਲੇ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਕਾਂਗਰਸ ਅਤੇ ਬਾਦਲਕਿਆਂ ਦੇ ਵਾਂਗ ਹੀ ਝਾੜੂ ਪਾਰਟੀ ਨਿਕਲੀ ਹੈ ਜਿਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਉੱਤੇ ਐਨ.ਐਸ.ਏ. ਲਗਾ ਕੇ ਜੇਲਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਵੱਲੋਂ ਕੀਤੇ ਜੁਲਮ ਦਾ ਜਵਾਬ ਵੋਟ ਨਾਲ ਦਿੱਤਾ ਜਾਵੇ। ਇੰਨੇ ਭਾਰੀ ਸਮਰਥਨ ਨੂੰ ਵੇਖ ਕੇ ਮਹਿਸੂਸ ਹੋ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦਾ ਡੰਕਾ ਵੱਜ ਚੁੱਕਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ ਵਿੱਚੋਂ ਬਾਹਰ ਆਉਣ ਅਤੇ ਜਿੱਤ ਨਾਲ ਸਿੱਖ ਨੌਜਵਾਨਾਂ ਦਾ ਉਤਸ਼ਾਹ ਹੋਰ ਵੀ ਵਧੇਗਾ ਅਤੇ ਪੰਥਕ ਲਹਿਰ ਬੁਲੰਦ ਹੋਵੇਗੀ। ਉਹਨਾਂ ਕਿਹਾ ਕਿ ਵੋਟ ਤੰਤਰ ਨੂੰ ਖਾਲਿਸਤਾਨ ਦੇ ਸੰਘਰਸ਼ ਦੀ ਮਜਬੂਤੀ ਲਈ ਵਰਤਣਾ ਇੱਕ ਨੀਤੀ ਹੈ।
ਸ. ਅੰਗਦ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਭਰਵਾਂ ਇਕੱਠ ਅਤੇ ਸੰਗਤਾਂ ਵੱਲੋਂ ਮਿਲ ਰਹੇ ਭਰਵੇਂ ਸਮਰਥਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਸਿੱਖਾਂ ਦੇ ਹੋ ਰਹੇ ਸਿਆਸੀ ਸ਼ਕਤੀਕਰਨ ਤੋਂ ਸਿੱਖ ਅਦਾਰੇ ਐਸਜੀਪੀਸੀ ਅਤੇ ਅਕਾਲ ਤਖਤ ਸਾਹਿਬ ਬਾਦਲ ਪਰਿਵਾਰ ਕਬਜ਼ੇ ਚੋਂ ਬਾਹਰ ਆਉਣਗੇ। ਪੰਥ ਅਤੇ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਦੇ ਉੱਤੇ ਸਿਆਸੀ ਲੋਕਾਂ ਦਾ ਕਬਜ਼ਾ ਹੈ, ਜੇਕਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪੰਥਕ ਉਮੀਦਵਾਰਾਂ ਨੂੰ ਵੋਟ ਤਾਕਤ ਮਿਲਦੀ ਹੈ ਤਾਂ ਉਹ ਛੇਤੀ ਹੀ ਆਪਣੀਆਂ ਸੰਸਥਾਵਾਂ ਦੀ ਸੇਵਾ ਸੰਭਾਲ ਦਾ ਕਾਰਜ ਵੀ ਆਪਣੇ ਹੱਥਾਂ ਵਿੱਚ ਲੈ ਲੈਣਗੇ, ਇਸ ਵੋਟ ਨੇ ਪੰਥ ਦਾ ਭਵਿੱਖ ਵੀ ਤੈਅ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ, ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਮਲੋਆ, ਲੁਧਿਆਣਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਅਤੇ ਹੋਰ ਸਾਡੇ ਪੰਥਕ ਉਮੀਦਵਾਰ ਜਿੱਤਦੇ ਹਨ ਤਾਂ ਅਗਲੀ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਵੀ ਖਾਲਸਾ ਪੰਥ ਦੇ ਕੋਲ ਹੋਵੇਗੀ।
Author: Gurbhej Singh Anandpuri
ਮੁੱਖ ਸੰਪਾਦਕ