Home » ਧਾਰਮਿਕ » ਇਤਿਹਾਸ » ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ

86 Views
ਸੰਨ 1947 ‘ਚ ਹਿੰਦੂਆਂ ਨੂੰ ਮਿਲਿਆ ਹਿੰਦੁਸਤਾਨ, ਮੁਸਲਮਾਨਾਂ ਨੂੰ ਮਿਲਿਆ ਪਾਕਿਸਤਾਨ ਪਰ ਤੀਜੀ ਕੌਮ ਭਾਵ ਸਿੱਖਾਂ ਨੂੰ ਕੀ ਮਿਲਿਆ ?
ਸਿੱਖਾਂ ਦੇ ਹਿੱਸੇ ਆਈ ਗ਼ੁਲਾਮੀ ਅਤੇ ਉਜਾੜਾ।
ਜਦ ਅਸਾਨੀ ਨਾਲ਼ ਸਿੱਖਾਂ ਨੂੰ ਆਪਣਾ ਵੱਖਰਾ ਦੇਸ਼ ਮਿਲ਼ ਸਕਦਾ ਸੀ ਉਸ ਸਮੇਂ ਸਿੱਖ ਆਗੂਆਂ ਨੇ ਆਪਣੀ ਕਿਸਮਤ ਹਿੰਦੁਸਤਾਨ ਨਾਲ਼ ਜੋੜ ਲਈ, ਪਰ ਹਿੰਦੁਸਤਾਨ ਦੇ ਹਿੰਦੂਤਵੀ ਹੁਕਮਰਾਨਾਂ ਨੇ ਸਿੱਖਾਂ ਨੂੰ ਬੇਗ਼ਾਨਗੀ ਦਾ ਅਹਿਸਾਸ ਕਰਵਾਇਆ ਤੇ ‘ਜ਼ਰਾਇਮ ਪੇਸ਼ਾ ਕੌਮ’ ਐਲਾਨ ਦਿੱਤਾ। ਸਿੱਖਾਂ ‘ਤੇ ਜ਼ੁਲਮ ਢਾਹ ਕੇ ਦਿੱਲੀ ਦਰਬਾਰ ਨੇ ਦੱਸ ਦਿੱਤਾ ਕਿ ਰਾਜਾ ਕੌਣ ਤੇ ਪਰਜਾ ਕੌਣ। ਪੰਜਾਬੀ ਸੂਬੇ ਦੀ ਮੰਗ ਵੇਲ਼ੇ ਤਾਂ ਪੰਜਾਬ ‘ਚ ਰਹਿਣ ਵਾਲ਼ੇ ਹਿੰਦੂ ਵੀ ਸਿੱਖਾਂ ਨਾਲ਼ ਦਗਾ ਕਮਾ ਗਏ।
ਜਦ ਭਾਰਤ ਦੀਆਂ ਚੀਨ ਅਤੇ ਪਾਕਿਸਤਾਨ ਨਾਲ਼ ਜੰਗਾਂ ਹੋਈਆਂ ਤਾਂ ਸਿੱਖ ਫ਼ੌਜੀ ਪੂਰੀ ਬਹਾਦਰੀ ਨਾਲ਼ ਲੜੇ ਤੇ ਉਹਨਾਂ ਦੇਸ਼ ਦੀ ਰਾਖੀ ਲਈ ਵਧ-ਚੜ੍ਹ ਕੇ ਜਾਨਾਂ ਵਾਰੀਆਂ ਪਰ ਅਕ੍ਰਿਤਘਣ ਹਿੰਦੂਤਵੀਆਂ ਨੇ ਸਿੱਖਾਂ ਨਾਲ਼ ਗੁਲ਼ਾਮਾਂ ਵਾਲ਼ਾ ਵਤੀਰਾ ਜਾਰੀ ਰੱਖਿਆ।
ਹਿੰਦ ਹਕੂਮਤ ਨੇ ਸਿੱਖਾਂ ਨੂੰ ਹਰ ਪਲ ਸਤਾਈ ਰੱਖਿਆ ਤੇ ਇਸ ਮੁਲਕ ’ਚ ਇੱਕ ਦਿਨ ਵੀ ਸਿੱਖਾਂ ਨੂੰ ਅਰਾਮ ਨਾਲ਼ ਨਹੀਂ ਬੈਠਣ ਦਿੱਤਾ, ਸਿੱਖਾਂ ਦੇ ਹੱਕਾਂ ਅਤੇ ਜਜ਼ਬਾਤਾਂ ਦੀ ਰੱਤਾ ਪ੍ਰਵਾਹ ਨਾ ਕੀਤੀ ਗਈ ਸਗੋਂ ਹਿੰਦੂ ਬਹੁ-ਗਿਣਤੀ ਨੂੰ ਖ਼ੁਸ਼ ਕਰਨ ਲਈ ਸਿੱਖਾਂ ਦੇ ਜਜ਼ਬਾਤਾਂ ਨੂੰ ਪੈਰਾਂ ਹੇਠ ਦਰੜਿਆ, ਤੇ ਸਿੱਖ ਭਾਵਨਾਵਾਂ ਦੀ ਰੱਜ ਕੇ ਖਿੱਲੀ ਉਡਾਈ ਗਈ।
ਜਦੋਂ ਸਮੇਂ-ਸਮੇਂ ਤੇ ਸਿੱਖਾਂ ਨੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿੱਢਿਆ ਜੋ ਪੂਰਨ ਸ਼ਾਂਤਮਈ ਜਾਬਤੇ ‘ਚ ਰਹਿ ਕੇ ਕੀਤਾ ਜਾਂਦਾ ਸੀ, ਉਸ ਨੂੰ ਕੁਚਲਣ ਲਈ ਸਿੱਖਾਂ ‘ਤੇ ਬੇ-ਤਹਾਸ਼ਾ ਤਸ਼ੱਦਦ ਅਤੇ ਅੱਤਿਆਚਾਰ ਕੀਤਾ ਜਾਂਦਾ ਰਿਹਾ।
ਸਿੱਖਾਂ ਦਾ ਧਰਮ, ਇਤਿਹਾਸ, ਬੋਲੀ, ਸੱਭਿਆਚਾਰ ਅਤੇ ਰਵਾਇਤਾਂ ਨੂੰ ਮਲੀਆਮੇਟ ਕਰਨ ਲਈ ਬ੍ਰਾਹਮਣੀ ਹਕੂਮਤ ਨੇ ਕਈ ਚਾਲਾਂ ਚੱਲੀਆਂ, ਅੱਤ ਘਿਨਾਉਣੀਆਂ ਸਾਜ਼ਿਸ਼ਾਂ ਰਚੀਆਂ, ਸਕੀਮਾ ਘੜ੍ਹੀਆਂ, ਮਾਰੂ-ਨੀਤੀਆਂ ਅਪਣਾਈਆਂ, ਕਈ ਵਿੰਗੇ-ਟੇਢੇੇ ਪੈਂਤੜੇ ਖੇਡੇ, ਕਦੇ ਦੁਸ਼ਮਣ ਬਣ ਕੇ ਤੇ ਕਦੇ ਭਰਾ ਬਣ ਕੇ ਸਿੱਖਾਂ ਨੂੰ ਬਦਨਾਮ ਅਤੇ ਖ਼ਤਮ ਕਰਨ ਦਾ ਯਤਨ ਕੀਤਾ। ਸਿੱਖਾਂ ਨੂੰ ਸਿੱਖੀ ਤੋਂ ਬਾਗ਼ੀ ਕਰਨ ਲਈ ਹਰ ਹਰਬਾ ਵਰਤਿਆ। ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ਧ੍ਰੋਹੀ ਅਤੇ ਦਹਿਸ਼ਤਗਰਦ ਕਹਿ ਕੇ ਨਿਸ਼ਾਨਾ ਬਣਾਇਆ ਗਿਆ।
ਇਹਨਾਂ ਹਲਾਤਾਂ ‘ਚ ਸਿੱਖਾਂ ਵਿੱਚ ਜੁਝਾਰੂਪੁਣੇ ਦੀ ਘਾਟ ਦਿਸ ਰਹੀ ਸੀ, ਤੇ ਸਿੱਖ ਬਲ਼ੀ ਦੇ ਬੱਕਰੇ ਜਿਹੇ ਬਣਦੇ ਜਾ ਰਹੇ ਸਨ। ਸਿੱਖਾਂ ਨੂੰ ਆਸ ਦੀ ਕਿਰਨ ਕਿਤੋਂ ਵੀ ਨਜ਼ਰੀਂ ਨਹੀਂ ਸੀ ਪੈ ਰਹੀ।
ਆਖ਼ਰ, ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਤੇ ਖ਼ਾਲਸਾ ਪੰਥ ਨੂੰ ਇੱਕ ਸੂਰਜ ਭਾਵ ਸੰਤ-ਸਿਪਾਹੀ ਜਰਨੈਲ ਬਖ਼ਸ਼ਿਸ਼ ਕੀਤਾ।
“ਫਿਰ ਉੱਠਿਆ ਇੱਕ ਸੂਰਮਾ, ਜਰਨੈਲਾਂ ਦਾ ਜਰਨੈਲ।”
ਜਿਸ ਨੇ ਬਿਖੜੇ ਹਲਾਤਾਂ ਅਤੇ ਔਖੇ ਸਮੇਂ ‘ਚ ਸਿੱਖਾਂ ਦੀ ਬਾਂਹ ਫੜੀ ਤੇ ਸੰਘਰਸ਼ ਦੀ ਵਾਗਡੋਰ ਸੰਭਾਲ਼ੀ।
ਖ਼ਾਲਸਾਈ ਪ੍ਰੰਪਰਾਵਾਂ ਅਤੇ ਸਿਧਾਂਤਾਂ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਦੁਬਾਰਾ ਸੁਰਜੀਤ ਕਰ ਦਿੱਤਾ ਤੇ ਅਜਿਹਾ ਮਹੌਲ ਸਿਰਜਿਆ ਕਿ ਹਰ ਪਾਸੇ ਖ਼ਾਲਸਈ ਜਾਹੋ-ਜਲਾਲ ਪ੍ਰਚੰਡ ਹੋ ਗਿਆ।
ਸਿੱਖ ਜਗਤ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸ਼ਖ਼ਸੀਅਤ ‘ਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖ਼ਸ਼ ਸਿੰਘ ਜੀ, ਜਥੇਦਾਰ ਬਘੇਲ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਜਰਨੈਲ ਹਰੀ ਸਿੰਘ ਜੀ ਨਲੂਆ, ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਅਤੇ ਬਾਬਾ ਸ਼ਾਮ ਸਿੰਘ ਜੀ ਅਟਾਰੀ ਜਿਹੇ ਅਠਾਰਵੀਂ ਸਦੀ ਦੇ ਯੋਧਿਆਂ ਤੇ ਜਰਨੈਲਾਂ ਦੀ ਰੂਹ ਦੇ ਦਰਸ਼ਨ-ਦੀਦਾਰੇ ਕੀਤੇ।
ਗੁੁਰੂ ਪਾਤਸ਼ਾਹ ਦੀ ਪਾਵਨ ਬਖ਼ਸ਼ਿਸ਼ ‘ਨਾਮ-ਬਾਣੀ’ ਨਾਲ਼ ਨਿਹਾਲ ਹੋਏ ਇਸ ਜਰਨੈਲ ਨੇ ਚਿਰਾਂ ਤੋਂ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਇਆ ਤੇ ਆਪਣੇ ਅਣਖ਼ੀ ਬੋਲਾਂ ਨਾਲ਼ ਸਿੱਖ ਜਵਾਨੀ ਨੂੰ ਹਲੂਣਿਆ ਅਤੇ ਝੰਜੋੜਿਆ।
ਸਿੱਖੀ ਮਾਰਗ ਤੋਂ ਭਟਕੀ ਹੋਈ ਨੌਜਵਾਨੀ ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰ ਕੇ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਆਪਣੀ ਜ਼ਿੰਦਗੀ ਜਿਊਣ ਲੱਗੀ। ਘਰ-ਘਰ ਵਿੱਚ ਇਲਾਹੀ ਬਾਣੀ ਦੀਆਂ ਗੂੰਜਾਂ ਪੈਣ ਲੱਗੀਆਂ। ਪੰਜਾਬ ‘ਚ ਹਰ ਪਾਸੇ ਨੀਲੀਆਂ-ਪੀਲੀਆਂ ਦਸਤਾਰਾਂ ਇੰਝ ਦਿਸਣੀਆਂ ਸ਼ੁਰੂ ਹੋ ਗਈਆਂ ਜਿਵੇਂ ਖ਼ਾਲਸੇ ਦਾ ਦੇਸ਼ ਖ਼ਾਲਿਸਤਾਨ ਬਣ ਗਿਆ ਹੋਵੇ, ਸਾਡਾ ਖੁੱਸਿਆ ਖ਼ਾਲਸਾ ਰਾਜ ਮੁੜ ਸਥਾਪਿਤ ਹੋ ਗਿਆ ਹੋਵੇ ਜਾਂ ਖ਼ਾਲਸਈ ਰੰਗ ’ਚ ਰੰਗਿਆ ਸਮੁੱਚਾ ਖ਼ਾਲਸਾ ਪੰਥ ਹੋਲੇ-ਮਹੱਲੇ ਜਾਂ ਵਿਸਾਖੀ ਦੇ ਦਿਹਾੜੇ ‘ਤੇ ਸ੍ਰੀ ਅਨੰਦਪੁਰ ਸਾਹਿਬ ਇਕੱਤਰ ਹੋਇਆ ਹੋਵੇ।
ਇਹ ਉਹ ਸਮਾਂ ਸੀ, ਜਦ ਸਕੂਲਾਂ-ਕਾਲਜਾਂ ‘ਚ ਕਾਮਰੇਡਾਂ ਅਤੇ ਕਈ ਇਲਾਕਿਆਂ ’ਚ ਨਰਕਧਾਰੀਆਂ ਦਾ ਕਾਫ਼ੀ ਜ਼ੋਰ ਸੀ ਪਰ ਸੰਤ ਜੀ ਨੇ ਸਿੱਖੀ ਦਾ ਪ੍ਰਚਾਰ ਐਨਾ ਧੜੱਲੇ ਨਾਲ਼ ਅਤੇ ਗੱਜ-ਵੱਜ ਕੇ ਕੀਤਾ ਕਿ ਹਰ ਪਾਸੇ ਖ਼ਾਲਸਾ ਜੀ ਕੇ ਬੋਲ-ਬਾਲੇ ਹੋ ਗਏ।
ਸੰਤਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਸ਼ੇ ਅਨੁਸਾਰ ਸਿੱਖਾਂ ‘ਚ ਇੱਕ ਨਵੀਂ ਚੇਤਨਾ, ਜਾਗ੍ਰਿਤੀ ਅਤੇ ਕ੍ਰਾਂਤੀ ਲਿਆਂਦੀ। ਸਿੱਖ ਨੌਜਵਾਨਾਂ ‘ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵਾਲ਼ਾ ਪੰਥਕ ਜਜ਼ਬਾ ਪੈਦਾ ਹੋ ਗਿਆ ਤੇ ਹੁਣ ਹਰ ਇੱਕ ਨੌਜਵਾਨ ਆਪਣੇ ਧਰਮ ਹੇਤ ਸੀਸ ਵਾਰਨ ਲਈ ਕਾਹਲ਼ਾ ਨਜ਼ਰ ਆਉਂਦਾ ਸੀ।
ਸੰਤਾਂ ਨੇ ਰਵਾਇਤੀ ਅਕਾਲੀਆਂ ਨਾਲ਼ੋਂ ਬਿਲਕੁਲ ਹੀ ਵੱਖਰਾ ਰਾਹ ਅਪਣਾਇਆ ਅਤੇ ਗਾਂਧੀਵਾਦ ਦਾ ਪੂਰੀ ਤਰ੍ਹਾਂ ਖਹਿੜਾ ਛੱਡ ਕੇ ਖ਼ਾਲਸਈ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਸਿੱਖਾਂ ਨੂੰ ਪ੍ਰੇਰਨਾ ਦਿੱਤੀ।
ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਜਦ ਨਰਕਧਾਰੀਆਂ ਨੇ ਸਿੱਖਾਂ ਨੂੰ ਵੰਗਾਰਿਆ ਤਾਂ ਸੰਤ ਜੀ ਹਿੱਕ ਤਾਣ ਕੇ ਡਟ ਗਏ।
“ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥”
ਸੰਤਾਂ ਨੇ ਸਿੱਖੀ ਦੇ ਦੋਖੀਆਂ ਨੂੰ ਲਲਕਾਰਿਆ ਤੇ ਨਰਕਧਾਰੀਆਂ ਨੂੰ ਨੱਥ ਪਾਉਣ ਲਈ ਖ਼ਾਲਸਈ ਸੰਘਰਸ਼ ਦਾ ਆਗਾਜ਼ ਕੀਤਾ ਤੇ ਆਖ਼ਰ ਨਰਕਧਾਰੀਆਂ ਦਾ ਮੁਖੀ ਪਾਪੀ ਗੁਰਬਚਨਾ ਨਰਕਾਂ ਦੇ ਰਾਹ ਤੋਰ ਦਿੱਤਾ ਗਿਆ।
ਸਿੱਖੀ ਅਤੇ ਸਿੱਖਾਂ ਵਿਰੁੱਧ ਜ਼ਹਿਰ ਉਗਲ਼ਵੀਆਂ ਲਿਖਤਾਂ ਲਿਖਣ ਵਾਲ਼ੇ ਲਾਲ਼ਾ ਜਗਤ ਨਰਾਇਣ ਨੂੰ ਵੀ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ ਗਈ।
“ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥”
ਲਾਲ਼ਾ ਜਗਤ ਨਰਾਇਣ ਕਤਲ ਕੇਸ ’ਚ ਜੇਕਰ ਸੰਤ ਜਰਨੈਲ ਸਿੰਘ ਜੀ ਨੇ 20 ਸਤੰਬਰ 1981 ਨੂੰ ਗ੍ਰਿਫਤਾਰੀ ਵੀ ਦਿੱਤੀ ਤਾਂ ਉਹ ਵੀ ਪੂਰੇ ਖ਼ਾਲਸਈ ਜਾਹੋ-ਜਲਾਲ ਨਾਲ਼। ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਖ ਕੌਮ ’ਚ ਰੋਹ ਦੇ ਉਬਾਲ਼ੇ ਫਟਣ ਲੱਗੇ, ਜਬਰਦਸਤ ਰੋਸ ਮੁਜ਼ਾਹਰੇ ਹੋਏ ਤੇ ਸੰਤਾਂ ਦੀ ਰਿਹਾਈ ਲਈ ਦਲ ਖ਼ਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਸਮੇਤ ਪੰਜ ਸਿੰਘਾਂ ਨੇ ਇੰਡੀਆ ਦਾ ਹਵਾਈ ਜਹਾਜ਼ ਹਾਈਜੈਕ ਕਰ ਲਿਆ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਖ਼ਾਲਿਸਤਾਨ ਦੀ ਗੂੰਜਾਂ ਪਾ ਦਿੱਤੀਆਂ।
ਹਿੰਦ ਸਰਕਾਰ ਇਸ ਕਤਲ ਕੇਸ ’ਚ ਸੰਤਾਂ ਨੂੰ ਦੋਸ਼ੀ ਸਾਬਤ ਨਾ ਕਰ ਸਕੀ ਤੇ ਮਜ਼ਬੂਰਨ ਸੰਤਾਂ ਨੂੰ ਛੱਡਣਾ ਪਿਆ। ਸੰਤਾਂ ਨੇ ਰਿਹਾਅ ਹੋਣ ਉਪਰੰਤ ਕਿਹਾ ਕਿ “ਜੇਕਰ ਮੈਂ ਨਿਰਦੋਸ਼ ਸੀ ਤਾਂ ਮੈਨੂੰ ਗ੍ਰਿਫਤਾਰ ਕਿਉਂ ਕੀਤਾ ? ਤੇ ਜੇਕਰ ਮੈਂ ਦੋਸ਼ੀ ਆਂ ਤਾਂ ਮੈਨੂੰ ਰਿਹਾਅ ਕਿਉਂ ਕੀਤਾ ?” ਸੰਤਾਂ ਦੇ ਇਹਨਾਂ ਸਵਾਲਾਂ ਦਾ ਸਰਕਾਰ ਕੋਲ਼ ਕੋਈ ਜਵਾਬ ਨਹੀਂ ਸੀ।
ਸੰਤ ਜੀ ਅਕਸਰ ਹੀ ਕਿਹਾ ਕਰਦੇ ਸਨ ਕਿ “ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ, ਨਿਰਦੋਸ਼ੇ ਸਿੰਘਾਂ ਦਾ ਖ਼ੂਨ ਪੀਂਦਾ ਤੇ ਧੀਆਂ-ਭੈਣਾਂ ਦੀ ਇੱਜਤਾਂ ਲੁੱਟਦਾ ਉਸ ਦੁਸ਼ਟ ਨੂੰ ਗੱਡੀ ਚਾੜ੍ਹ ਕੇ ਮੇਰੇ ਕੋਲ਼ ਆਓ, ਮੈਂ ਪੂਰੀ ਜ਼ਿੰਮੇਵਾਰੀ ਨਾਲ਼ ਸਾਂਭਾਂਗਾ।  ਮੇਰੇ ਸਰੀਰ ਦੇ ਭਾਵੇਂ ਸਰਕਾਰ ਟੁਕੜੇ-ਟੁਕੜੇ ਕਰ ਦੇਵੇ ਪਰ ਮੈਂ ਉਸ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗਾ।”
“ਸਾਡਾ ਕਿਸੇ ਨਾਲ਼ ਜਾਤੀ ਤੌਰ ’ਤੇ ਕੋਈ ਵੈਰ ਨਹੀਂ, ਤੇ ਨਾ ਹੀ ਕਿਸੇ ਨਾਲ਼ ਕੋਈ ਈਰਖਾ ਹੈ, ਪਰ ਜੇ ਸਾਡੇ ਧਰਮ ’ਤੇ ਕੋਈ ਹਮਲਾ ਕਰੇਗਾ ਤਾਂ ਖ਼ਾਲਸਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।” ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਦੀਵਾਨ ਹਾਲ ਮੰਜੀ ਸਾਹਿਬ ਦੀ ਸਟੇਜ ਤੋਂ ਇਹ ਬੋਲ ਪੂਰੀ ਦ੍ਰਿੜ੍ਹਤਾ ਸਹਿਤ ਪ੍ਰਗਟਾਅ ਕੇ ਦੁਨੀਆਂ ਨੂੰ ਦੱਸ ਦਿੱਤਾ ਕਿ “ਅਸੀਂ ਕਿਸੇ ਧਰਮ ਜਾਂ ਬੰਦੇ ਦੇ ਵੈਰੀ ਨਹੀਂ, ਪਰ ਸਾਡੇ ਧਰਮ ਅਨੁਸਾਰ ਜਿੱਥੇ ਜ਼ੁਲਮ ਕਰਨਾ ਪਾਪ ਹੈ, ਓਥੇ ਜ਼ੁਲਮ ਸਹਿਣਾ ਵੀ ਪਾਪ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਨਾ ਕਿਸੇ ਤੇ ਜਬਰ-ਜ਼ੁਲਮ ਕਰਨਾ ਹੈ ਅਤੇ ਨਾ ਹੀ ਕਿਸੇ ਜ਼ੁਲਮ ਅੱਗੇ ਭੇਡਾਂ-ਬੱਕਰੀਆਂ ਬਣਨਾ ਹੈ ਸਗੋਂ ਮਰਦਾਂ ਵਾਂਗ ਦੁਸ਼ਮਣ ਦੀ ਹਿੱਕ ‘ਚ ਵੱਜਣਾ ਹੈ।”
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥”
ਸੰਤਾਂ ਨੇ ਦੱਸ ਦਿੱਤਾ ਕਿ ਖ਼ਾਲਸਾ ਸਦਾ ਹੀ ਸੱਚ ’ਤੇ ਪਹਿਰਾ ਦਿੰਦਾ ਹੈ ਅਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਮੁੱਖ ਸਿਧਾਂਤ ਹੈ। ਖ਼ਾਲਸਾ ਹਮੇਸ਼ਾਂ ‘ਗੁਰਸਿਖ ਮੀਤ ਚਲਹੁ ਗੁਰ ਚਾਲੀ’ ਦਾ ਧਾਰਨੀ ਬਣਿਆ ਰਹਿੰਦਾ ਹੈ। ਖ਼ਾਲਸੇ ਨੇ ਬੋਲਣਾ ਵੀ ਸੱਚ ਹੈ ਤੇ ਵੇਖਣਾ ਵੀ ਸੱਚ ਹੈ ਤੇ ਕਮਾਉਣਾ ਵੀ ਸੱਚ ਹੈ। ਖ਼ਾਲਸੇ ਦੀ ਸੋਚਣੀ ਵੀ ਸੱਚੀ ਹੈ ਤੇ ਕੰਮ ਵੀ ਸੱਚੇ ਹਨ ਕਿਉਂਕਿ ਖ਼ਾਲਸਾ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਜੋ ਜੁੱਗਾਂ-ਜੁਗਾਂਤਰਾਂ ਤੋਂ ਸੱਚ ਹੈ ਅਤੇ ਰਹੇਗਾ।
“ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”
ਸੱਚ ਦੀ ਆਵਾਜ਼ ਅੱਗੇ ਕੋਈ ਜ਼ਾਲਮ, ਜਾਬਰ, ਪਖੰਡੀ ਤੇ ਹੰਕਾਰੀ ਟਿਕ ਨਹੀਂ ਸਕਿਆ ਹੈ। ਖ਼ਾਲਸੇ ਦੀ ਅਵਾਜ਼ ਕਰੋੜਾਂ ਝੂਠ ਦੀਆਂ ਅਵਾਜ਼ਾਂ ’ਤੇ ਭਾਰੂ ਹੈ। ਝੂਠ ਵਿਰੁੱਧ ਅੜ ਜਾਣਾ ਅਤੇ ਜ਼ੁਲਮ ਵਿਰੁੱਧ ਲੜਨਾ, ਖ਼ਾਲਸੇ ਦਾ ਇਤਿਹਾਸਕ ਵਿਰਸਾ ਅਤੇ ਧਰਮ ਹੈ।
“ਅਸੁਰ ਸੰਘਾਰਬੇ ਕਉ ਦੁਰਜਨ ਕੇ ਮਾਰਬੇ ਕਉ॥
ਸੰਕਟ ਨਿਵਾਰਬੇ ਕਉ ਖ਼ਾਲਸਾ ਬਨਾਯੋ ਹੈ॥”
ਸੰਤਾਂ ਨੇ ਐਲਾਨ ਕੀਤਾ ਕਿ ਮੇਰੇ ਜਿਊਂਦੇ ਜੀਅ ਸਰਕਾਰ ਕਿਸੇ ਸਿੱਖ ਨੂੰ ਹੱਥ ਤਾਂ ਲਾ ਕੇ ਵਿਖਾਵੇ। ਸੰਤਾਂ ਨੇ ਹਰੇਕ ਸਿੱਖ ਦੇ ਦਰਦ ਨੂੰ ਦਿਲੋਂ ਮਹਿਸੂਸ ਕੀਤਾ ਤੇ ਉਸ ਦਰਦ ਨੂੰ ਆਪਣੀ ਪੀੜਾ ਸਮਝ ਕੇ ਮਿਟਾਉਣ ਦਾ ਯਤਨ ਕੀਤਾ।
ਸੰਤ ਜੀ ਸਿੱਖੀ ਖ਼ਿਲਾਫ਼ ਇੱਕ ਬੋਲ ਵੀ ਸਹਿਣ ਨਹੀਂ ਸੀ ਕਰਦੇ ਤੇ ਝੱਟ ਉਸ ਦੁਸ਼ਟ ਉੱਤੇ ਕਾਰਵਾਈ ਕਰਦੇ ਸਨ। ਹਕੂਮਤ ਵੱਲੋਂ ਸਤਾਏ ਸਿੱਖਾਂ ਦੀ ਸੰਤ ਜੀ ਇਸ ਤਰ੍ਹਾਂ ਬਾਂਹ ਫੜਦੇ ਸਨ ਜਿਵੇਂ ਕੋਈ ਮਾਂ-ਪਿਉ ਆਪਣੇ ਬੱਚੇ ਦੀ ਦੇਖਭਾਲ਼ ਕਰਦਾ ਹੈ। ਸੰਤ ਜੀ ਸਿੱਖੀ ਅਤੇ ਸਿੱਖਾਂ ਨਾਲ਼ ਰੱਜਵਾਂ ਪਿਆਰ ਕਰਦੇ ਸਨ ਤੇ ਸਿੱਖ ਗੱਭਰੂ ਵੀ ਸੰਤਾਂ ਦੇ ਇੱਕ ਇਸ਼ਾਰੇ ‘ਤੇ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਸਨ।
ਜੇਕਰ ਕੋਈ ਪੁਲਸੀਆ-ਥਾਣੇਦਾਰ ਕਿਸੇ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਦਾ ਤਾਂ ਸੰਤ ਜੀ ਤੁਰੰਤ ਉਸ ਸਿੱਖ ਦੀ ਖ਼ਬਰ-ਸਾਰ ਲੈਂਦੇ ਤੇ ਆਪਣੇ ਕਲਾਵੇਂ ‘ਚ ਲੈ ਕੇ ਹਕੂਮਤ ਦੇ ਕਹਿਰ ਤੋਂ ਬਚਾਉਂਦੇ। ਸੰਤ ਜੀ ਪਹਿਲਾਂ ਕਦੇ ਵੀ ਕਿਸੇ ’ਤੇ ਵਾਰ ਨਹੀਂ ਕਰਦੇ ਸਨ, ਤੇ ਨਾ ਹੀ ਕਿਸੇ ਨੂੰ ਧਮਕੀ ਦਿੰਦੇ ਸਨ ਪਰ ਉਹ ਦੁਸ਼ਮਣ ਵੱਲੋਂ ਕੀਤੇ ਗਏ ਹਮਲੇ ਦਾ ਮੋੜਵਾਂ ਜਵਾਬ ਜ਼ਰੂਰ ਦੇਂਦੇ ਸਨ।
ਸਿੱਖਾਂ ਦੇ ਘਰੇਲੂ ਝਗੜੇ, ਜ਼ਮੀਨੀ ਵਿਵਾਦ ਤੇ ਹੋਰ ਰੌਲੇ-ਰੱਪੇ ਵੀ ਸੰਤ ਜੀ ਦਸ ਮਿੰਟਾਂ ‘ਚ ਹੱਲ ਕਰ ਦਿੰਦੇ ਸਨ, ਜੋ ਅਦਾਲਤਾਂ ਦਸ ਸਾਲਾਂ ਤਕ ਵੀ ਹੱਲ ਨਹੀਂ ਕਰ ਪਾਉਂਦੀਆਂ ਸਨ।
ਸੰਤਾਂ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਦਾ ਧਰਮ ਅਤੇ ਸੱਭਿਆਚਾਰ ਤਾਂ ਹੀ ਪ੍ਰਫੁੱਲਿਤ ਹੋਵੇਗਾ ਤੇ ਬਚੇਗਾ, ਜੇਕਰ ਸਿੱਖ ਭਾਰਤ ਅਤੇ ਬ੍ਰਾਹਮਣਵਾਦ ਦੀ ਗ਼ੁਲਾਮੀ ਤੋਂ ਮੁਕਤ ਹੋਣਗੇ। ਸੰਤਾਂ ਨੇ ਭਾਰਤੀ ਸਟੇਟ ਨੂੰ ਵੀ ਅਹਿਸਾਸ ਕਰਵਾ ਦਿੱਤਾ ਕਿ ਸਿੱਖ ਬੇਚੈਨ ਹੈ, ਬਾਗ਼ੀ ਹੈ ਅਤੇ ਆਪਣੇ ਹੱਕ ਲਈ ਲੜੇਗਾ, ਵਾਰ-ਵਾਰ ਲੜੇਗਾ ਅਤੇ ਆਖ਼ਰੀ ਦਮ ਤਕ ਲੜੇਗਾ।
ਸੰਤਾਂ ਨੇ ਸਿੱਖਾਂ ਦੇ ਮਨਾਂ ‘ਚ ਅਜ਼ਾਦੀ ਦੀ ਚਿਣਗ ਜਗਾ ਦਿੱਤੀ ਤੇ ਕੌਮ ਨੂੰ ਦੁਸ਼ਮਣ ਦੀ ਪਛਾਣ ਕਰਵਾ ਦਿੱਤੀ। ਸੰਤ ਜੀ ਅੰਦਰੋਂ-ਬਾਹਰੋਂ ਇੱਕੋ ਜਿਹੇ ਸਨ। ਟਕਸਾਲੀ ਪਹਿਰਾਵਾ, ਗੋਲ ਦਸਤਾਰਾ, ਹੱਥ ‘ਚ ਤੀਰ ਅਤੇ ਉਹਨਾਂ ਦੇ ਸਿੱਧ-ਪੱਧਰੇ ਬੋਲ ਧੂਹਾਂ ਪਾਉਂਦੇ ਸਨ।
ਸੰਤ ਜਰਨੈਲ ਸਿੰਘ ਜੀ ਦੇ ਹੱਥ ਵਿੱਚ ਫੜਿਆ ਤੀਰ ਸਾਨੂੰ ਉਹਨਾਂ ਤੀਰਾਂ ਦੀ ਯਾਦ ਦਿਵਾਉਂਦਾ ਹੈ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ੁਲਮ ਦੇ ਖ਼ਾਤਮੇ ਅਤੇ ਖ਼ਾਲਸਾ ਰਾਜ ਦੀ ਸਿਰਜਣਾ ਵਾਸਤੇ ਬਖ਼ਸ਼ੇ ਸਨ। ਸੰਤ ਜੀ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਸਦੀਵੀ ਤੌਰ ’ਤੇ ਖ਼ਤਮ ਕਰਨਾ ਚਾਹੁੰਦੇ ਸਨ। ਇਸੇ ਲਈ ਸੰਤ ਜੀ ਕਿਹਾ ਕਰਦੇ ਸਨ ਕਿ “ਹੁਣ ਸਿਰ ਚਾਹੇ ਜਿੰਨੇ ਮਰਜੀ ਲਗ ਜਾਣ, ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦ ਜ਼ਰੂਰ ਹੋਣਾ ਹੈ।”
ਸੰਤ ਜੀ ਬੇਬਾਕੀ ਨਾਲ਼ ਹਰ ਗੱਲ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ‘ਚ ਪੂਰਨ ਦਲੀਲ ਸਹਿਤ ਕਰਦੇ ਸਨ। ਸੰਤਾਂ ਦੇ ਦਰਸ਼ਨ ਕਰਕੇ ਹਰ ਕੋਈ ਉਹਨਾਂ ਵੱਲ ਖਿੱਚਿਆ ਜਾਂਦਾ ਸੀ, ਖ਼ੁਸ਼ੀ ਅਤੇ ਸ਼ਾਂਤੀ ਮਹਿਸੂਸ ਕਰਦਾ ਸੀ। ਅੱਜ ਵੀ ਸੰਤਾਂ ਦੀਆਂ ਤਸਵੀਰਾਂ, ਵੀਡੀਓ ਅਤੇ ਤਕਰੀਰਾਂ ਵੇਖ-ਸੁਣ ਕੇ ਨੌਜਵਾਨਾਂ ਨੂੰ ਸਿੱਖੀ ਦਾ ਗੂੜ੍ਹਾ ਰੰਗ ਚੜ੍ਹ ਜਾਂਦਾ ਹੈ ਤੇ ਮਨ ਅਨੰਦਿਤ ਹੋ ਜਾਂਦਾ ਹੈ।
“ਸੱਚਮੁੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਮਹਾਂਪੁਰਖ ਇੱਕ ਕੋਹਿਨੂਰ ਸਨ, ਉਹਨਾਂ ਦੀ ਅੱਖ ਵਿੱਚ ਅੱਖ ਪਾ ਕੇ ਤੱਕਣਾ ਔਖਾ ਸੀ। ਉਹਨਾਂ ਦੇ ਸਾਮ੍ਹਣੇ ਆ ਕੇ ਵੱਡੇ-ਵੱਡੇ ਵਿਦਵਾਨ ਆਪਣੀ ਵਿਦਵਤਾ ਭੁੱਲ ਜਾਂਦੇ ਸਨ ਤੇ ਬਹੁਤੇ ਬੁੱਧੀਵਾਨ ਅਤੇ ਸ਼ਿਕਰਾ ਬੁੱਧੀ ਵਾਲ਼ੇ ਉਸ ਗੁਰੂ ਕੇ ਬਾਜ਼ ਅੱਗੇ ਨੀਵੀਂ ਧੌਣ ਸੁੱਟ ਦਿੰਦੇ ਸਨ।”
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਜੀ ਤੇ ਹੋਰਾਂ ਸਿੰਘਾਂ ਦੀ ਰਿਹਾਈ ਲਈ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਅਰਦਾਸ ਕਰ ਕੇ ਮੋਰਚਾ ਅਰੰਭ ਕਰ ਦਿੱਤਾ, ਤੇ ਹਰ ਰੋਜ਼ 51-51 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਦੇਣ ਲਗ ਪਿਆ। ਪੂਰਾ ਸਿੱਖ ਜਗਤ ਹੀ ਮੋਰਚੇ ’ਚ ਸੰਤਾਂ ਦੀ ਹਮਾਇਤ ’ਤੇ ਆ ਡਟਿਆ। ਇਹ ਕੌਤਕ ਵੇਖ ਕੇ ਅਕਾਲੀ ਦਲ ਘਬਰਾਹਟ ’ਚ ਆ ਗਿਆ ਤੇ ਮਜ਼ਬੂਰੀ ਵੱਸ ਅਤੇ ਸਿਆਸੀ ਲਾਹਾ ਲੈਣ ਲਈ ਸੰਤਾਂ ਨਾਲ਼ ਆ ਖੜ੍ਹਿਆ ਤੇ ‘ਅਨੰਦਪੁਰ ਸਾਹਿਬ ਦੇ ਮਤੇ’ ਦੀ ਪ੍ਰਾਪਤੀ ਲਈ ਅਕਾਲੀਆਂ ਨੇ ਸੰਤਾਂ ਨਾਲ਼ ਮਿਲ਼ ਕੇ 4 ਅਗਸਤ 1982 ਨੂੰ ‘ਧਰਮ ਯੁੱਧ ਮੋਰਚੇ’ ਦਾ ਐਲਾਨ ਕਰ ਦਿੱਤਾ।
ਇਸ ਮੋਰਚੇ ਰਾਹੀਂ ਸੰਤਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਪੂਰੀ ਦੁਨੀਆਂ ‘ਚ ਬੁਲੰਦ ਕੀਤਾ ਅਤੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਇੱਕ ਇੰਚ ਵੀ ਪਿਛਾਂਹ ਨਹੀਂ ਹਟੇ ਤੇ ਨਾ ਹੀ ਅਕਾਲੀਆਂ ਨੂੰ ਹਟਣ ਦਿੱਤਾ। ਤਾਂ ਹੀ ਤਾਂ ਸੰਤ ਜੀ ਵਾਰ-ਵਾਰ ਸਟੇਜ ਤੋਂ ਇਹ ਗੱਲ ਕਿਹਾ ਕਰਦੇ ਸਨ ਕਿ “ਐਤਕਾਂ ਜੂਸ ਮੂੰਹ ਨੂੰ ਲਾ ਕੇ ਮੋਰਚਾ ਨਹੀਂ ਛੱਡਣ ਦੇਣਾ”, “ਐਤਕਾਂ ਜਾਂ ਭਾਂਡਿਆਂ ਵਾਲ਼ੀ ਰਹੂ ਜਾਂ ਟਾਂਡਿਆਂ ਵਾਲ਼ੀ।” ਸੰਤ ਜੀ ‘ਅਨੰਦਪੁਰ ਸਾਹਿਬ ਦੇ ਮਤੇ’ ਦੇ ਅੱਖਰ-ਅੱਖਰ ਦੀ ਪ੍ਰਾਪਤੀ ਤਕ ਮੋਰਚਾ ਜਾਰੀ ਰੱਖਣ ਲਈ ਪੂਰੇ ਦ੍ਰਿੜ ਸਨ।
ਸੋ ਜਿੱਥੇ ਕਾਂਗਰਸ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਅਤੇ ਅੱਤਵਾਦੀ ਗਰਦਾਨਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਓਥੇ ਇਸ ਘਟੀਆ ਸਿਆਸਤ ’ਚ ਅਖੌਤੀ ਅਕਾਲੀਆਂ ਨੇ ਵੀ ਆਪਣਾ ਪੂਰਾ ਰੋਲ ਨਿਭਾਇਆ, ਤੇ ਇੱਥੋਂ ਤਕ ਕਿ ਮੋਰਚੇ ਤੋਂ ਖਹਿੜਾ ਛੁਡਾਉਣ ਲਈ ਅਕਾਲੀਆਂ ਨੇ ਸੰਤਾਂ ਨੂੰ ਮਰਵਾਉਣ ਤਕ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਉਹਨਾਂ ਦੀ ਕੋਈ ਸਕੀਮ ਸਿਰੇ ਨਾ ਚੜ੍ਹ ਸਕੀ ਲੇਕਿਨ ਲੌਂਗੋਵਾਲ ਤੇ ਬਾਦਲਾਂ ਨੇ ਸੰਤਾਂ ਦੀ ਸੱਜੀ ਬਾਂਹ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਧੋਖੇ ਨਾਲ਼ ਸ਼ਹੀਦ ਕਰਵਾ ਦਿੱਤਾ।
ਅਕਾਲੀ ਆਗੂ ਹੈਰਾਨ ਸਨ ਕਿ ਜਿਸ ਇੰਦਰਾ ਗਾਂਧੀ ਨੂੰ ਅਸੀਂ ਦੇਸ਼ ਦੀ ਬੜੀ ਮਹਾਨ ਨੇਤਾ ਮੰਨਦੇ ਹਾਂ ਤੇ ਦਿੱਲੀ ਜਾ ਕੇ ਉਸ ਅੱਗੇ ਲਿਲਕੜੀਆਂ ਕੱਢਦੇ ਰਹਿੰਦੇ ਹਾਂ। ਉਸ ਇੰਦਰਾ ਗਾਂਧੀ ਨੂੰ ਤਾਂ ਸੰਤ ਜਰਨੈਲ ਸਿੰਘ ਕੁਝ ਸਮਝਦਾ ਹੀ ਨਹੀਂ, ਤੇ ਉਸ ਨੂੰ ‘ਪੰਡਤਾਂ ਦੀ ਕੁੜੀ’ ਜਾਂ ‘ਪੰਡਤਾਣੀ’ ਕਹਿਣ ਦਾ ਜਿਗਰਾ ਕਿਵੇਂ ਕਰ ਜਾਂਦਾ ਹੈ।
ਧਰਮ ਯੁੱਧ ਮੋਰਚੇ ’ਚ ਤਕਰੀਬਨ ਦੋ ਲੱਖ ਤੀਹ ਹਜ਼ਾਰ ਤੋਂ ਵੱਧ ਸਿੰਘਾਂ-ਸਿੰਘਣੀਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ, ਤੇ ਮੋਰਚੇ ਦੌਰਾਨ 200 ਦੇ ਕਰੀਬ ਸਿੰਘ ਸ਼ਹਾਦਤਾਂ ਦੇ ਜਾਮ ਵੀ ਪੀ ਗਏ। ਧਰਮ ਯੁੱਧ ਮੋਰਚਾ ਲੰਬਾ ਹੋਣ ਦੇ ਬਾਵਜੂਦ ਸੰਤ ਜੀ ਅੱਕੇ ਨਹੀਂ, ਥੱਕੇ ਨਹੀਂ, ਡੋਲੇ ਨਹੀਂ, ਘਬਰਾਏ ਨਹੀਂ, ਝੁਕੇ ਨਹੀਂ, ਲਿਫ਼ੇ ਨਹੀਂ, ਵਿਕੇ ਨਹੀਂ ਸਗੋਂ ਸ਼ਹਾਦਤ ਵੱਲ ਆਪਣੇ ਕਦਮ ਵਧਾਉਂਦੇ ਗਏ ਤੇ ਦੁਸ਼ਮਣ ਦੀ ਸਵਾ ਲੱਖ ਫ਼ੌਜ ਨਾਲ਼ ਇੱਕ-ਇੱਕ ਸਿੱਖ ਦੇ ਲੜਨ ਦਾ ਇਤਿਹਾਸ ਸੰਤਾਂ ਨੇ ਦੁਬਾਰਾ ਦੁਹਰਾਅ ਦਿੱਤਾ।
“ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ॥”
ਜਾਬਰ ਹਿੰਦੂ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਅਤੇ ਹਥਿਆਰਬੰਦ ਟੱਕਰ ਦੇ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਆਪਣੇ ਜੁਝਾਰੂ ਸਾਥੀਆਂ ਸਮੇਤ 6 ਜੂਨ 1984 ਨੂੰ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਨੇ ਹਿੰਦ ਸਰਕਾਰ ਦੀਆਂ ਫ਼ੌਜਾਂ ਨਾਲ਼ 72 ਘੰਟੇ ਘਮਸਾਨ ਦਾ ਯੁੱਧ ਲੜਿਆ, ਤੇ ਦੁਸ਼ਮਣਾਂ ਨੂੰ ਲੋਹੇ ਦੇ ਐਸੇ ਚਣੇ ਚਬਾਏ ਕਿ ਉਹਨਾਂ ਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ। ਸੰਤਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਲੜੀ ਗਈ ‘ਚਮਕੌਰ ਦੀ ਗੜ੍ਹੀ’ ਜਿਹੀ ਅਸਾਵੀਂ ਜੰਗ ਵੀਹਵੀਂ ਸਦੀ ’ਚ ਵੀ ਲੜ ਕੇ ਵਿਖਾ ਦਿੱਤੀ।
ਸੰਤ ਜਰਨੈਲ ਸਿੰਘ ਜੀ ਵੀਹਵੀਂ ਸਦੀ ਦੇ ਮਹਾਨ ਨਾਇਕ ਹੋ ਨਿੱਬੜੇ, ਉਹ ਕਹਿਣੀ ਤੇ ਕਰਨੀ ਵਿੱਚ ਖਰੇ ਉੱਤਰੇ। ਸਮੁੱਚੇ ਖ਼ਾਲਸਾ ਪੰਥ ਵੱਲੋਂ ਉਹਨਾਂ ਨੂੰ ‘ਵੀਹਵੀਂ ਸਦੀ ਦੇ ਮਹਾਨ ਸਿੱਖ’ ਹੋਣ ਦਾ ਖ਼ਿਤਾਬ ਦਿੱਤਾ ਗਿਆ।
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਸਿੱਖ ਕੌਮ ਅਤੇ ਸੰਸਾਰ ਭਰ ਦੇ ਲੋਕਾਂ ਦੀਆਂ ਨਜ਼ਰਾਂ ’ਚ ‘ਜਰਨੈਲਾਂ ਦੇ ਜਰਨੈਲ’ ਹਨ। ਉਹ ਮਹਾਨ ਸ਼ਹੀਦ, ਸੱਚ ਦੇ ਪਹਿਰੇਦਾਰ, ਗੁਰਬਾਣੀ ਦੇ ਅਡੋਲ ਨਿਸ਼ਚੈਵਾਨ, ਉੱਚ ਜੀਵਨ ਵਾਲ਼ੇ ਧਰਮੀ, ਪੰਥ-ਪ੍ਰਸਤ, ਸਿੱਖੀ ਦੁਸ਼ਮਣਾਂ ਦੇ ਪਾਰਖੂ, ਕੁਰਬਾਨੀ ਦੀ ਮੂਰਤ, ਗੁਰੂ-ਆਸ਼ੇ ਦੇ ਧਾਰਨੀ, ਬਾਣੀ-ਬਾਣੇ ਦੇ ਧਾਰਨੀ, ਮੀਰੀ-ਪੀਰੀ ਸਿਧਾਂਤ ਦੇ ਪਹਿਰੇਦਾਰ, ਦੂਰ-ਅੰਦੇਸ਼, ਸੂਝਵਾਨ, ਪੰਥ ਦਰਦੀ, ਉੱਚ ਪੱਧਰ ਆਚਰਨ ਦੇ ਧਾਰਨੀ, ਪੂਰਨ ਗੁਰਸਿੱਖ, ਮਰ-ਮਿਟਣ ਵਾਲ਼ੇ ਯੋਧੇ, ਕ੍ਰਾਂਤੀਕਾਰੀ ਜਰਨੈਲ, ਪਰਮ ਮਨੁੱਖ, ਮਰਦ-ਏ-ਮੁਜ਼ਾਹਿਦ, ਬਾਬਾ-ਏ-ਕੌਮ, ਸਿੱਖਾਂ ਦੇ ਮਸੀਹੇ, ਸਿੱਖੀ ਗਗਨ ਦੇ ਧਰੂ ਤਾਰੇ, ਚਮਕਦੇ ਸਿਤਾਰੇ, ਸੰਤ-ਸਿਪਾਹੀ, ਕੌਮੀ ਹੱਕਾਂ ਦੇ ਰਖਵਾਲੇ, ਪਵਿੱਤਰ ਹਸਤੀ, ਸਿਰਲੱਥ ਸਰਦਾਰ, ਨਿਮਰਤਾ ਦੇ ਪੁੰਜ, ਮਹਿਬੂਬ ਨੇਤਾ, ਸੁਹਿਰਦ ਆਗੂ, ਅਣਖ਼ੀਲੇ, ਜੰਗਜੂ ਤੇ ਜਾਂਬਾਜ਼ ਜਰਨੈਲ, ਉੱਚ ਕੋਟੀ ਦੇ ਪ੍ਰਚਾਰਕ, ਬ੍ਰਹਮ ਗਿਆਨੀ, ਬੇਖੌਫ਼ ਸ਼ਖਸੀਅਤ ਦੇ ਮਾਲਕ, ਸੇਵਾ ਅਤੇ ਸਿਮਰਨ ਦੀ ਮੂਰਤ, ਪੰਥ ਅਤੇ ਪੰਜਾਬ ਦੇ ਹੱਕਾਂ ਦੇ ਰਖਵਾਲੇ ਅਤੇ ਕੌਮ ਦੀ ਤਕਦੀਰ ਸੰਵਾਰਨ ਅਤੇ ਘੜਨ ਵਾਲ਼ੇ ਰਹਿਬਰ ਸਨ।
ਅੱਜ ਵੀ ਸਾਡੇ ਨੌਜਵਾਨਾਂ ਦੇ ਦਿਲਾਂ ਅੰਦਰ ‘ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ’ ਚੌਂਕੜਾ ਮਾਰ ਕੇ ਬੈਠੇ ਹੋਏ ਹਨ। ਸਿੱਖ ਨੌਜਵਾਨੀ ਦੇ ਰੋਲ ਮਾਡਲ ਹਨ ‘ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲ਼ੇ’ ਜਿਨ੍ਹਾਂ ਨੇ ਆਪਣੇ ਤੀਰ ਨਾਲ਼ ਦੁਸ਼ਮਣ ਦੀ ਹਿੱਕ ਉੱਤੇ ‘ਖ਼ਾਲਿਸਤਾਨ’ ਦਾ ਝੰਡਾ ਗੱਡਿਆ ਹੋਇਆ ਹੈ।
“ਜੇ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।”
ਇਸ ਦਾ ਭਾਵ ਸੀ ਕਿ ਫਿਰ ਸਿੱਖ ਕੌਮ ਦਾ ਅਗਲਾ ਸੰਘਰਸ਼ ਸੂਬੇ ਦੇ ਵੱਧ ਅਧਿਕਾਰਾਂ ਜਾਂ ‘ਅਨੰਦਪੁਰ ਸਾਹਿਬ ਦੇ ਮਤੇ’ ਦੀ ਪ੍ਰਾਪਤੀ ਲਈ ਨਹੀਂ ਸਗੋਂ ਇੱਕ ਵੱਖਰੇ ਦੇਸ਼ ਪੰਜਾਬ/ਖ਼ਾਲਿਸਤਾਨ ਦੀ ਅਜ਼ਾਦੀ ਲਈ ਹੀ ਹੋਵੇਗਾ।
ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਇਹਨਾਂ ਬਚਨਾਂ ’ਤੇ ਪਹਿਰਾ ਦਿੰਦਿਆਂ ਸਿੱਖ ਕੌਮ ਅੱਜ ਵੀ ਸੰਘਰਸ਼ਸ਼ੀਲ ਹੈ ਤੇ ਯਕੀਨਨ ਸੰਸਾਰ ਦੇ ਨਕਸ਼ੇ ’ਤੇ ਜਲਦ ਹੀ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਜ਼ਰੂਰ ਹੋਂਦ ‘ਚ ਆਏਗਾ। ਪੰਜਾਬ ਅਤੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਅਤੇ ਯੂ.ਐੱਨ.ਓ. ’ਚ ਖ਼ਾਲਸਈ ਨਿਸ਼ਾਨ ਸਾਹਿਬ ਅਵੱਸ਼ ਝੁੱਲੇਗਾ। ਖ਼ਾਲਿਸਤਾਨ ਜ਼ਿੰਦਾਬਾਦ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?