ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਸ਼ਹੀਦਾਂ ਦੀਆਂ ਤਸਵੀਰਾਂ ਵਿਖਾ ਕੇ ਖ਼ਾਲਿਸਤਾਨੀ ਨਾਅਰੇਬਾਜ਼ੀ ਕੀਤੀ
ਘੱਲੂਘਾਰੇ ਨੂੰ ਭੁੱਲ ਜਾਣਾ ਦੂਜੀ ਨਸਲਕੁਸ਼ੀ ਨੂੰ ਸੱਦਾ ਦੇਣ ਦੇ ਬਰਾਬਰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 6 ਜੂਨ ( ਤਾਜੀਮਨੂਰ ਕੌਰ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਜੂਨ 1984 ਦਾ ਤੀਜਾ ਘੱਲੂਘਾਰਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸ਼ਹੀਦਾਂ ਦਾ ਨਿਸ਼ਾਨਾ ਖ਼ਾਲਿਸਤਾਨ ਯਾਦ ਹੈ। ਦਰਬਾਰ ਸਾਹਿਬ ਉੱਤੇ ਹਮਲੇ ਨਾਲ ਸਿੱਖਾਂ ਦਾ ਭਾਰਤ ਨਾਲੋਂ ਰਿਸ਼ਤਾ ਟੁੱਟ ਗਿਆ ਤੇ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਜਿਸ ਦੀ ਅਜ਼ਾਦੀ ਲਈ ਸੰਘਰਸ਼ ਜਾਰੀ ਹੈ। ਦਰਬਾਰ ਸਾਹਿਬ ‘ਤੇ ਹਮਲਾ ਕਿਸੇ ਇੱਕ ਪਾਰਟੀ ਨੇ ਨਹੀਂ ਬਲਕਿ ਪੂਰੇ ਭਾਰਤੀ ਰਾਜਤੰਤਰ ਨੇ ਕੀਤਾ ਸੀ ਜਿਸ ਦੀ ਅਗਵਾਈ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਤੇ ਸਮਰਥਨ ਭਾਜਪਾ, ਆਰ.ਐਸ.ਐਸ., ਕਾਮਰੇਡ ਪਾਰਟੀਆਂ, ਅਖੌਤੀ ਅਕਾਲੀਆਂ ਤੇ ਦੇਸ਼ ਦੇ ਸਮੁੱਚੇ ਫ਼ਿਰਕੂ ਹਿੰਦੁਤਵੀਆਂ ਨੇ ਕੀਤਾ ਸੀ। ਇਸ ਘੱਲੂਘਾਰੇ ਨੂੰ ਭੁੱਲ ਜਾਣਾ ਦੂਜੀ ਨਸਲਕੁਸ਼ੀ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ‘ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਭਾਈ ਅੰਗਦ ਸਿੰਘ ਕਸ਼ਮੀਰ ਦੀ ਅਗਵਾਈ ‘ਚ ਸਿੱਖ ਨੌਜਵਾਨਾਂ ਨੇ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼ਹੀਦੀ ਯਾਦਗਾਰ ਕੋਲ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਿਆਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਬਾਬਾ ਠਾਹਰਾ ਸਿੰਘ ਦੀਆਂ ਤਸਵੀਰਾਂ ਵਾਲੇ ਪੋਸਟਰ-ਬੈਨਰ ਲਹਿਰਾਏ ਜੋ ਖਿੱਚ ਦਾ ਕੇਂਦਰ ਬਣੇ ਰਹੇ ਤੇ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਆਦਿਕ ਨਾਅਰੇ ਲਗਾਏ ਜਿਸ ਨਾਲ ਮਾਹੌਲ ਬੇਹੱਦ ਜੋਸ਼ੀਲਾ ਬਣ ਗਿਆ, ਨੌਜਵਾਨਾਂ ਦੇ ਚਿਹਰਿਆਂ ‘ਤੇ ਆਪਣੇ ਸ਼ਹੀਦਾਂ ਪ੍ਰਤੀ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਦਿਸ ਰਿਹਾ ਸੀ।
ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਨੇ ਕਿਹਾ ਕਿ ਦਰਬਾਰ ਸਾਹਿਬ ਉੱਤੇ ਭਾਰਤ ਸਰਕਾਰ ਵੱਲੋਂ ਕੀਤਾ ਹਮਲਾ ਸਿੱਖਾਂ ਦੇ ਦਿਲ, ਦਿਮਾਗ ਅਤੇ ਰੂਹ ਉੱਤੇ ਹਮਲਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਮਹਾਂਨਾਇਕ ਹਨ ਅਤੇ ਇੰਦਰਾ ਗਾਂਧੀ ਦੀ ਗਿਣਤੀ ਅਬਦਾਲੀ, ਮੱਸਾ ਰੰਘੜ ਤੇ ਜਨਰਲ ਡਾਇਰ ਵਿੱਚ ਆਉਂਦੀ ਹੈ। ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਚਾਰ ਵਾਰ ਦਰਬਾਰ ਸਾਹਿਬ ਤੇ ਹਮਲੇ ਹੋ ਚੁੱਕੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅੱਜ ਵੀ ਜਾਰੀ ਨੇ, ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਭਾਰਤ ਵਿੱਚ ਸਿੱਖਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ, ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਹਰ ਫਰੰਟ ਤੇ ਲੜਾਈ ਲੜਨੀ ਚਾਹੀਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ