ਅੰਮ੍ਰਿਤਸਰ, 6 ਜੂਨ ( ਤਾਜੀਮਨੂਰ ਕੌਰ ) ਭਾਰਤੀ ਹਕੂਮਤ ਵੱਲੋਂ ਜੂਨ ੧੯੮੪ ਵਿਚ ਸਿੱਖ ਪੰਥ ਦੇ ਸਿਰਮੌਰ ਅਸਥਾਨ ਸ੍ਰੀ ਹਰਮੰਦਿਰ ਸਾਹਿਬ ਅਤੇ ਸਿੱਖਾਂ ਦੇ ਰਾਜਸੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਚੜ੍ਹ ਕੇ ਆਇਆਂ ਅੱਜ 40 ਵਰ੍ਹੇ ਪੂਰੇ ਹੋ ਗਏ ਨੇ। ਅੱਜ ਵੀ ਇਹ ਨਾਸੂਰ ਸੂਰਜ ਬਣ ਚਮਕਦਾ ਹੈ, ਤੇ ਸਿੱਖਾਂ ਨੂੰ ਹਰ ਸਾਹ ਨਾਲ ਸਿੱਖਾਂ ਨੂੰ ਭਾਰਤੀ ਹਕੂਮਤ ਦੇ ਉਸ ਜ਼ਬਰ ਦੀ ਯਾਦ ਦਿਵਾਉਂਦਾ ਰਹਿੰਦਾ ਹੈ। ਇਨ੍ਹਾਂ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਸਮੇਤ ਹੋਰ ਕਈ ਗੁਰਦੁਆਰਾ ਸਾਹਿਬਾਨ ਵਿਖੇ ਹਮਲਾ ਕਰਕੇ ਭਾਰੀ ਨਿਰਾਦਰੀ ਕੀਤੀ ਅਤੇ ਸਿੱਖਾਂ ਦੇ ਅਕਸ ਨੂੰ ਵੱਡੀ ਢਾਹ ਪਹੁੰਚਾਈ ਗਈ। ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਭਾਰਤੀ ਸੈਨਾ ਦਾ ਮੁਕਾਬਲਾ ਕਰਦੇ ਹੋਏ ਸੈਂਕੜਿਆਂ ਦੀ ਗਿਣਤੀ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ। 40ਵਾਂ ਸ਼ਹੀਦੀ ਘੱਲੂਘਾਰਾ ਯਾਦਗਾਰੀ ਸਮਾਗਮ ਤਹਿਤ ਵੱਡੀ ਗਿਣਤੀ ਵਿਚ ਜਥੇਬੰਦੀਆਂ ਤੇ ਸੰਪਰਦਾਵਾਂ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਹੋਇਆ।ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਮਿਤੀ 6 ਜੂਨ 2024 ਨੂੰ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਵੱਲੋ ਸ਼ਮੂਲੀਅਤ ਕੀਤੀ ਗਈ ਅਤੇ ਵੱਡੀ ਗਿਣਤੀ ਵਿਚ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਂਵਾਲਿਆਂ ਦੀਆਂ ਤਸਵੀਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਵੇਲੇ ਵੰਡੀਆਂ ਗਈਆਂ। ਅਰਦਾਸ ਸਮਾਗਮ ਤੋਂ ਬਾਅਦ ਫੈਡਰੇਸ਼ਨ ਦੇ ਸਿੰਘਾਂ ਵੱਲੋਂ ਘੰਟਾ ਘਰ ਵਿਖੇ ਜੂਨ 84 ਵਿਚ ਭਾਰਤੀ ਫੌਜ ਵੱਲੋਂ ਕੀਤੇ ਗਏ ਕਹਿਰ ਨੂੰ ਦਰਸਾਉਂਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਨੂੰ ਵੇਖਣ ਲਈ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ। ਪ੍ਰਦਰਸ਼ਨੀ ਦੌਰਾਨ “ਨਹੀਂ ਭੁੱਲਣਾ ਜੂਨ 84” ਨਾਮ ਦਾ ਕਿਤਾਬਚਾ ਜੋ ਕਿ ਭਾਈ ਹਰਵਿੰਦਰ ਸਿੰਘ ਖਾਲਸਾ ਜੀ ਵੱਲੋਂ ਲਿਖਿਆ ਗਿਆ ਹੈ, ਵੰਡਿਆ ਗਿਆ। ਇਸ ਮੌਕੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਨੇ ਬੋਲਦਿਆਂ ਆਖਿਆ ਕਿ ਜਿੰਨਾ ਉਦੇਸ਼ਾਂ ਦੇ ਵਾਸਤੇ ਸਿੱਖ ਜੁਝਾਰੂਆਂ ਨੇ ਇਹ ਸੰਘਰਸ਼ ਲੜਿਆ, ਮਹਾਨ ਸ਼ਹਾਦਤਾਂ ਦਿੱਤੀਆਂ, ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਵੱਡੀ ਲਹਿਰ ਚੱਲੀ ਨੌਜਵਾਨਾਂ ਨੇ ਆਪਣਾ ਲਹੂ ਡੋਲਿਆ। ਉਹਨਾਂ ਉਦੇਸ਼ਾਂ ਦੀ ਪੂਰਤੀ ਦੇ ਵਾਸਤੇ ਸਾਨੂੰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਇਹੀ ਸਾਡੀ ਆਪਣੇ ਵਡੇਰਿਆਂ ਦੇ ਵਾਸਤੇ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਫੈਡਰੇਸ਼ਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਯੂਨਿਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਨਿਟ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਯੂਨਿਟ, ਖਾਲਸਾ ਕਾਲਜ ਅੰਮ੍ਰਿਤਸਰ ਯੂਨਿਟ, ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਹਰਮਨਦੀਪ ਸਿੰਘ, ਡਾ ਅਮਰਿੰਦਰ ਸਿੰਘ, ਐਡਵੋਕੇਟ ਗੁਰਮੋਹਨ ਸਿੰਘ, ਜਗਮੀਤ ਕੌਰ ਭੁੱਲਰ ਗੁਰਸਿਮਰਨ ਸਿੰਘ, ਭਾਈ ਬਲਰਾਜ ਸਿੰਘ ਅਤੇ ਹੋਰ ਸਿੰਘ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ