ਅੰਮ੍ਰਿਤਸਰ, 9 ਜੂਨ ( ਤਾਜੀਮਨੂਰ ਕੌਰ ) ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਜੂਨ 1984 ਤੇ ਘੱਲੂਘਾਰੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਮੇਜਰ ਸਿੰਘ ਜੀ ਨਾਗੋਕੇ ਦਾ 40ਵਾਂ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਸਾਵਣ ਮੱਲ, ਪਿੰਡ ਨਾਗੋਕੇ, ਤਹਿਸੀਲ ਸ੍ਰੀ ਖਡੂਰ ਸਾਹਿਬ, ਜ਼ਿਲਾ ਸ੍ਰੀ ਤਰਨ ਤਾਰਨ ਸਾਹਿਬ ਵਿਖੇ 10 ਜੂਨ ਨੂੰ ਖਾਲਸਾਈ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਭਾਈ ਕੁਲਦੀਪ ਸਿੰਘ ਨਾਗੋਕੇ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਵਿੱਚ ਸੰਪਰਦਾਵਾਂ ਦੇ ਮੁਖੀ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਸੰਗਤਾਂ ਨਾਲ ਸਿੱਖ ਸੰਘਰਸ਼ ਸੰਬੰਧੀ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਵੱਲੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਜਿੱਥੇ ਭਾਈ ਮਹਿੰਗਾ ਸਿੰਘ ਬੱਬਰ, ਭਾਈ ਰਾਮ ਸਿੰਘ ਦੇਗੀਆ ਅਤੇ ਭਾਈ ਬਾਜ਼ ਸਿੰਘ ਤਬਲਾ-ਵਾਦਕ ਜੂਨ 1984 ਘਲੂਘਾਰੇ ਦੇ ਪਹਿਲੇ ਸ਼ਹੀਦ ਹਨ, ਓਥੇ ਹੀ ਭਾਈ ਮੇਜਰ ਸਿੰਘ ਨਾਗੋਕੇ ਨੂੰ ਇਸ ਜੰਗ ਦਾ ਅਖੀਰਲਾ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਮੇਜਰ ਸਿੰਘ ਨਾਗੋਕੇ 10 ਜੂਨ ਤਕ ਭਾਰਤੀ ਫ਼ੌਜਾਂ ਵਿਰੁੱਧ ਲੜਦੇ ਰਹੇ, ਉਹਨਾਂ ਦੀ ਮੋਰਚਾਬੰਦੀ ਅਤੇ ਦਲੇਰੀ ਵੇਖ ਕੇ ਤਾਂ ਭਾਰਤੀ ਫ਼ੌਜ ਵੀ ਹੱਕੀ-ਬੱਕੀ ਰਹਿ ਗਈ। ਭਾਈ ਮੇਜਰ ਸਿੰਘ ਨਾਗੋਕੇ ਦੀ ਸ਼ਖਸੀਅਤ ‘ਚੋਂ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਦਰਸ਼ਨ ਹੁੰਦੇ ਹਨ। ਭਾਈ ਬਚਿੱਤਰ ਸਿੰਘ ਦਾ ਕੱਦ ਭਾਵੇਂ ਮਦਰਾ ਸੀ ਪਰ ਉਹਨਾਂ ਨੇ ਮੁਗਲ ਫ਼ੌਜਾਂ ਦੇ ਮਸਤ ਹਾਥੀ ‘ਤੇ ਏਨੀ ਜ਼ੋਰ ਨਾਲ਼ ਨਾਗਣੀ-ਬਰਛਾ ਮਾਰਿਆ ਕਿ ਲੋਹੇ ਦੀਆਂ ਸੱਤ ਤਵੀਆਂ ਪਾੜ ਕੇ ਮੱਥਾ ਪਾੜ ਦਿੱਤਾ। ਇਸੇ ਤਰ੍ਹਾਂ ਭਾਈ ਮੇਜਰ ਸਿੰਘ ਨਾਗੋਕੇ ਵੀ ਭਾਰਤੀ ਫ਼ੌਜਾਂ ਲਈ ਕਾਲ ਬਣ ਗਿਆ ਤੇ ਉਹਨਾਂ ਨੇ ਸੂਰਮਗਤੀ ਨਾਲ਼ ਹਜ਼ਾਰਾਂ ਭਾਰਤੀ ਫ਼ੌਜਾਂ ਨਾਲ਼ ਮੁਕਾਬਲਾ ਕੀਤਾ ਤੇ ਸ਼ਾਨਾਮੱਤਾ ਸਿੱਖ ਇਤਿਹਾਸ ਸਿਰਜ ਦਿੱਤਾ। ਇਸ ਸੂਰਮੇ ਦੀ ਬਾਤ ਸਦਾ ਹੀ ਪੈਂਦੀ ਰਹੇਗੀ। ਉਹਨਾਂ ਨੇ ਸਮੂਹ ਸੰਗਤਾਂ ਨੂੰ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਵੀ ਕੀਤੀ। ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਪਿਤਾ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਜੀਵਨ ਬਾਰੇ ਤਵਾਰੀਖ ਸ਼ਹੀਦ ਏ ਖਾਲਿਸਤਾਨ ਭਾਗ ਤੀਜਾ ਕਿਤਾਬ ਲਿਖਣ ਵਾਲੇ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ