ਨੋਵੇਲਾਰਾ 10 ਜੂਨ ( ਦਲਵੀਰ ਸਿੰਘ ਕੈਂਥ ) ਗੁਰੂ ਨਾਨਕ ਦੀ ਸਿੱਖੀ ਨੂੰ ਇਟਲੀ ਵਿੱਚ ਘਰ-ਘਰ ਪਹੁੰਚਾਉਣ ਵਾਲੇ ਪ੍ਰਥਮ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੂਨ 1984 ਵਿਚ ਵਾਪਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਸ਼ੁਕਰਵਾਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਜਿਨਾਂ ਦੇ ਭੋਗ ਐਤਵਾਰ ਸਵੇਰ ਵੇਲੇ ਪਾਏ ਗਏ। ਭੋਗ ਤੋਂ ਉਪਰੰਤ ਸਵੇਰ ਦੇ ਦੀਵਾਨਾਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਨਾਲ ਕੀਤੀ ਗਈ। ਉਪਰੰਤ ਵੱਖ ਵੱਖ ਬੁਲਾਰਿਆਂ ਵੱਲੋਂ ਜੂਨ 1984 ਵਿੱਚ ਵਾਪਰੇ ਘੱਲੂਘਾਰੇ ਦੇ ਅਤੇ ਸਿੱਖ ਰਾਜ ਦੇ ਸੰਕਲਪ ਬਾਰੇ ਪਹੁੰਚੀਆਂ ਸੰਗਤਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ।
ਪੰਜਾਬ ਦੀ ਧਰਤੀ ਤੋਂ ਪਹੁੰਚੇ ਪੰਥ ਅਤੇ ਸੰਸਾਰ ਪ੍ਰਸਿੱਧ ਢਾਡੀ ਜਥਾ ਗਿਆਨੀ ਕਸ਼ਮੀਰ ਸਿੰਘ ਕਾਦਰ ਵੱਲੋਂ ਘੱਲੂਘਾਰੇ ਦੇ ਸਬੰਧ ਵਿੱਚ ਕਵੀਸ਼ਰੀ ਵਾਰਾਂ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਨੇ ਪ੍ਰਸੰਗ ਸੁਣਾਉਂਦਿਆਂ ਜੂਨ 1984 ਦੇ ਹਕੂਮਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਹਮਲੇ ਦੇ ਸੀਨ ਲੋਕਾਂ ਦੀਆਂ ਅੱਖਾਂ ਸਾਹਮਣਿਓਂ ਹੂ-ਬ-ਹੂ ਘੁਮਾ ਦਿੱਤੇ। ਉਥੇ ਹੀ ਜਥੇ ਦੇ ਸਿੰਘਾਂ ਵੱਲੋਂ ਵਾਰਾਂ ਵੀ ਬਹੁਤ ਹੀ ਜੋਸ਼ ਨਾਲ ਸੁਣਾਈਆਂ ਗਈਆਂ। ਦੀਵਾਨ ਹਾਲ ਵਿੱਚ ਜਿੱਥੇ ਵੈਰਾਗ ਦਾ ਮਾਹੌਲ ਸੀ ਉਥੇ ਹੀ ਜੋਸ਼ ਵੀ ਵੇਖਣ ਨੂੰ ਮਿਲਿਆ। ਦੀਵਾਨਾਂ ਦੀ ਸਮਾਪਤੀ ਵੇਲੇ ਢਾਡੀ ਜਥੇ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ।ਗਰਮੀ ਦਾ ਮੌਸਮ ਹੋਣ ਕਾਰਨ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ। ਇਸ ਮੌਕੇ ਤੇ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਲੰਗਰ ਅਤੁੱਟ ਵਰਤਾਏ ਗਏ।
Author: Gurbhej Singh Anandpuri
ਮੁੱਖ ਸੰਪਾਦਕ