ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭਿਆ ਸੰਘਰਸ਼ ਅੱਜ ਵੀ ਜਾਰੀ : ਪੰਥਕ ਆਗੂ
ਅੰਮ੍ਰਿਤਸਰ, 11 ਜੂਨ ( ਤਾਜੀਮਨੂਰ ਕੌਰ ) ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਜੂਝਣ ਵਾਲੇ ਜੂਨ 1984 ਘੱਲੂਘਾਰੇ ਦੇ ਆਖ਼ਰੀ ਸ਼ਹੀਦ ਭਾਈ ਮੇਜਰ ਸਿੰਘ ਜੀ ਨਾਗੋਕੇ ਦਾ 40ਵਾਂ ਸ਼ਹੀਦੀ ਦਿਹਾੜਾ ਉਹਨਾਂ ਦੇ ਪਰਿਵਾਰ ਵੱਲੋਂ ਪਿੰਡ ਨਾਗੋਕੇ, ਨੇੜੇ ਸ੍ਰੀ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਥਕ ਸ਼ਖਸੀਅਤਾਂ ਸਿੰਘ ਸਾਹਿਬ ਸੰਤ ਬਾਬਾ ਰਾਮ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਸੰਗਰਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸ. ਈਮਾਨ ਸਿੰਘ ਮਾਨ, ਖ਼ਾਲਿਸਤਾਨੀ ਚਿੰਤਕ ਸ. ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫੈ਼ਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ. ਉਪਕਾਰ ਸਿੰਘ ਸੰਧੂ, ਇੰਟਰਨੈਸ਼ਨਲ ਪੰਥਕ ਦਲ ਦੇ ਮੁੱਖ ਸਲਾਹਕਾਰ ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਵਾਲਾ, ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ ਆਦਿ ਨੇ ਸਿੱਖ ਸੰਘਰਸ਼ ਸੰਬੰਧੀ ਵਿਚਾਰ ਸਾਂਝੇ ਕੀਤੇ ਤੇ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਭਾਈ ਕੁਲਦੀਪ ਸਿੰਘ ਨਾਗੋਕੇ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਤਵਾਰੀਖ ਸ਼ਹੀਦ ਏ ਖਾਲਿਸਤਾਨ ਭਾਗ ਤੀਜਾ ਕਿਤਾਬ ਵੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਭਾਈ ਕੁਲਦੀਪ ਸਿੰਘ ਨਾਗੋਕੇ ਨੂੰ ਭੇਟ ਕੀਤੀ ਗਈ ਜਿਸ ਵਿੱਚ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਜੀਵਨੀ ਵੀ ਛਪੀ ਸੀ। ਇਸ ਮੌਕੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਸੰਗਰਾਵਾਂ ਨੇ ਕਿਹਾ ਕਿ ਸਿੱਖ ਕੌਮ ਇਸ ਸਮੇਂ ਕਈ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ, ਸਭ ਨੇ ਆਪੋ ਆਪਣੀ ਮਰਯਾਦਾ ਅਤੇ ਸ਼ਹੀਦ ਵੀ ਵੰਡ ਲਏ ਹਨ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਬਾਣੀ ਬਾਣੇ ਦੇ ਧਾਰਨੀ ਅਤੇ ਇਕਮੁੱਠ ਹੋਈਏ। ਉਹਨਾਂ ਕਿਹਾ ਕਿ ਘੱਲੂਘਾਰਾ ਵਾਪਰਨ ਵਿੱਚ ਅਖੌਤੀ ਅਕਾਲੀਆਂ ਦਾ ਵੀ ਵੱਡਾ ਹੱਥ ਸੀ ਜਿਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਰੂਹਾਨੀ ਅਤੇ ਜਰਨੈਲੀ ਸ਼ਖਸ਼ੀਅਤ ਸਨ ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਬਦਨਾਮ ਕੀਤਾ ਗਿਆ। ਇੰਦਰਾ ਗਾਂਧੀ ਨੂੰ ਕਈ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਉੱਤੇ ਹਮਲਾ ਨਾ ਕਰੇ ਪਰ ਫਿਰ ਵੀ ਉਸ ਨੇ ਰਾਜ ਦੇ ਨਸ਼ੇ ਵਿੱਚ ਇਹ ਪਾਪ ਕੀਤਾ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭਿਆ ਸੰਘਰਸ਼ ਅੱਜ ਵੀ ਜਾਰੀ ਹੈ। ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਨੇ ਕਿਹਾ ਕਿ ਸਿੱਖਾਂ ਨੂੰ ਸਿੱਖੀ ਤੋਂ ਬਾਗੀ ਕਰਨ ਲਈ ਹਕੂਮਤ ਵੱਲੋਂ ਹਰ ਹਰਬਾ ਵਰਤਿਆ ਜਾ ਰਿਹਾ ਹੈ ਜਿਸ ਦੇ ਮੁਕਾਬਲੇ ਲਈ ਸਿੱਖਾਂ ਨੂੰ ਸਿੱਖੀ ਵਿੱਚ ਪਰਪੱਕ ਹੋਣ ਦੀ ਲੋੜ ਹੈ, ਅਸੀਂ ਆਪਣੇ ਬੱਚਿਆਂ ਨੂੰ ਅਮੀਰ ਵਿਰਸੇ ਤੋਂ ਜਾਣੂ ਕਰਵਾਈਏ ਅਤੇ ਸ਼ਹੀਦਾਂ ਦੇ ਨਿਸ਼ਾਨੇ ਖਾਲਿਸਤਾਨ ਪ੍ਰਤੀ ਸੰਘਰਸ਼ਸ਼ੀਲ ਹੋਈਏ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ, ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਤੇ ਨਾਗੋਕੇ ਪਿੰਡ ਸ਼ਹੀਦਾਂ ਦਾ ਪਿੰਡ ਹੈ, ਇਸ ਪਿੰਡ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਹੈ, ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਜੋ 10 ਜੂਨ ਤੱਕ ਜੂਝਦੇ ਰਹੇ ਸਨ ਉਹਨਾਂ ਨੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਵੀ ਹਮਲਾ ਕੀਤਾ ਅਤੇ ਅਨੇਕਾਂ ਭਾਰਤੀ ਫੌਜਾਂ ਦੇ ਸੱਥਰ ਵਿਛਾਏ ਸਨ। ਸਰਦਾਰ ਤਰਸੇਮ ਸਿੰਘ ਨੇ ਕਿਹਾ ਕਿ ਮੇਰੇ ਬੇਟੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਅ ਕੇ ਸਿੱਖ ਸੰਗਤਾਂ ਨੇ ਹਕੂਮਤ ਦੇ ਮੂੰਹ ਉੱਤੇ ਕਰਾਰੀ ਚਪੇੜ ਮਾਰੀ ਹੈ।
Author: Gurbhej Singh Anandpuri
ਮੁੱਖ ਸੰਪਾਦਕ