ਅੰਮ੍ਰਿਤਸਰ, 26 ਜਨਵਰੀ ( ਤਾਜੀਮਨੂਰ ਕੌਰ )ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਮਹਿਤਾਬ ਸਿੰਘ ਭੰਗੂ ਉਰਫ਼ ਭਾਈ ਹਰਦਿਆਲ ਸਿੰਘ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਗੁ. ਬਾਬਾ ਜਵੰਦ ਸਿੰਘ, ਪਿੰਡ ਭੰਗਵਾਂ, ਨੇੜੇ ਜੰਡਿਆਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਪੰਥਕ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਬਾਬਾ ਹਰਭਜਨ ਸਿੰਘ ਜਰਮਨੀ ਅਤੇ ਜਰਮਨ ਦੀ ਸਮੂਹ ਸੰਗਤ ਵੱਲੋਂ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀਆਂ ਸੇਵਾਵਾਂ ਪ੍ਰਤੀ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਸ. ਤਰਸੇਮ ਸਿੰਘ, ਬੀਬੀ ਪਰਮਜੀਤ ਕੌਰ ਖਾਲੜਾ (ਸੁਪਤਨੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ), ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਹਰਪਾਲ ਸਿੰਘ ਬਲੇਰ (ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਅਤੇ ਲੇਖਕ ਡਾ. ਸੁਰਜੀਤ ਸਿੰਘ ਜਰਮਨੀ ਦਾ ਗੋਲਡਨ ਕਿਰਪਾਨਾਂ, ਮੈਡਲਾਂ, ਸ਼ੀਲਡਾਂ, ਸਿਰੋਪੇ ਤੇ ਲੋਈਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵਕੀਲ ਈਮਾਨ ਸਿੰਘ ਖਾਰਾ ਨੂੰ 51 ਹਜ਼ਾਰ ਰੁਪਏ ਤੇ ਵਕੀਲ ਹਰਪਾਲ ਸਿੰਘ ਖਾਰਾ, ਵਕੀਲ ਸਿਮਰਨਜੀਤ ਸਿੰਘ ਨੂੰ ਵੀ ਮਾਇਆ ਭੇਟ ਕੀਤੀ ਗਈ। ਭਾਈ ਚਮਕੌਰ ਸਿੰਘ ਧੁੰਨ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਸ਼ਹੀਦ ਭਾਈ ਮਹਿਤਾਬ ਸਿੰਘ ਭੰਗੂ ਦੇ ਪਰਿਵਾਰ ਨੂੰ ਵੀ ਸਨਮਾਨਿਆ ਗਿਆ।
ਬੁਲਾਰਿਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭਿਆ ਸੰਘਰਸ਼ ਜਾਰੀ ਰਹੇਗਾ ਤੇ ਅਸੀਂ ਸ਼ਹੀਦਾਂ ਦਾ ਸੁਪਨਾ ਜ਼ਰੂਰ ਸਾਕਾਰ ਕਰਾਂਗੇ। ਭਾਈ ਅੰਮ੍ਰਿਤਪਾਲ ਸਿੰਘ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਦਸ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਆਵਾਜ਼ ਵੀ ਬੁਲੰਦ ਕੀਤੀ ਗਈ ਤੇ ਐਨ ਐਸ ਏ ਵਧਾਉਣ ਕਾਰਨ ਪੰਜਾਬ ਸਰਕਾਰ ਦੀ ਕਰੜੀ ਨਿੰਦਾ ਕੀਤੀ ਗਈ। ਇਸ ਮੌਕੇ ਭਾਈ ਕੁਲਦੀਪ ਸਿੰਘ ਭੰਗੂ, ਸ. ਸਿਰਤਾਜ ਸਿੰਘ, ਸ. ਜਸਬੀਰ ਸਿੰਘ ਬੱਚੜੇ, ਸ. ਹਰਮਨਦੀਪ ਸਿੰਘ, ਵਕੀਲ ਜਗਮੋਹਨ ਸਿੰਘ, ਵਕੀਲ ਰਣਜੋਧ ਸਿੰਘ, ਗਿਆਨੀ ਹਰਚਰਨ ਸਿੰਘ ਛੱਜਲਵੱਡੀ ਤੇ ਹੋਰ ਆਗੂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ