Home » ਸੰਪਾਦਕੀ » ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਭਾਗ ਦੂਜਾ ਕਿਤਾਬ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ, ਲੇਖਕ ਭਾਈ ਰਣਜੀਤ ਸਿੰਘ ਦੀ ਕੀਤੀ ਸ਼ਲਾਘਾ

ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਭਾਗ ਦੂਜਾ ਕਿਤਾਬ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ, ਲੇਖਕ ਭਾਈ ਰਣਜੀਤ ਸਿੰਘ ਦੀ ਕੀਤੀ ਸ਼ਲਾਘਾ

23

ਅੰਮ੍ਰਿਤਸਰ, 26 ਜੂਨ ( ਤਾਜੀਮਨੂਰ ਕੌਰ ) ਸਿੱਖ ਯੂਥ ਫੈ਼ਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਭਾਗ ਦੂਜਾ ਕਿਤਾਬ ਮੁੜ ਪ੍ਰਕਾਸ਼ਿਤ ਹੋਈ ਹੈ ਜਿਸ ਦਾ ਦੂਜਾ ਐਡੀਸ਼ਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਗੁ. ਸ੍ਰੀ ਗੁਰੂ ਹਰਿਰਾਏ ਸਾਹਿਬ, ਮਜੀਠਾ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਪੰਥਕ ਸਮਾਗਮ ਦੌਰਾਨ ਜਾਰੀ ਕੀਤਾ ਗਿਆ।

ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤੀ ਸੁਰੱਖਿਆ ਫ਼ੋਰਸਾਂ ਵੱਲੋਂ ਭੁੱਖੇ ਸ਼ਿਕਾਰੀਆਂ ਵਾਂਗ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ ਤੇ ਅਣਗਿਣਤ ਸਿੱਖ ਅਣਮਨੁੱਖੀ ਤਸ਼ੱਦਦ ਕਰ ਕੇ ਸ਼ਮਸ਼ਾਨ ਘਾਟਾਂ ਅੰਦਰ ਖਪਾ ਦਿੱਤੇ ਗਏ ਤੇ ਨਵਾਂ ਨਾਮ ਦਿੱਤਾ ਗਿਆ ਲਵਾਰਿਸ ਲਾਸ਼ਾਂ ਦਾ। ਮੇਰੇ ਪਤੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਲਾਸ਼ਾਂ ਦੀ ਘੋਖ ਕੀਤੀ ਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦਿਆਂ ਆਪਣੀ ਜਾਨ ਦੀ ਅਹੁੱਤੀ ਦੇ ਦਿੱਤੀ। ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਤੇ ਜੁਝਾਰੂ ਸਿੰਘਾਂ ਬਾਰੇ ਲਿਖਣ ਦਾ ਬਿਖਮ ਕਾਰਜ ਨੌਜਵਾਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹੋਏ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਪੰਥਕ ਜਜ਼ਬੇ ਨਾਲ ਡਟਿਆ ਰਹੇ।
ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ 512 ਪੰਨਿਆਂ ਦੀ ਇਸ ਕਿਤਾਬ ਵਿੱਚ 1984 ਤੋਂ 1995 ਤੱਕ ਸ਼ਹੀਦ ਹੋਏ ਨਾਮਵਰ ਅਤੇ ਅਣਗੌਲੇ ਸਿੰਘਾਂ ਸਿੰਘਣੀਆਂ ਦਾ ਇਤਿਹਾਸ ਹੈ ਜੋ ਪੰਥ ਅਤੇ ਪੰਜਾਬ ਦੀ ਆਜ਼ਾਦੀ ਤੇ ਗੁਰਧਾਮਾਂ ਦੀ ਪਵਿੱਤਰਤਾ ਲਈ ਸੀਸ ਵਾਰ ਗਏ ਸਨ। ਇਹ ਕਿਤਾਬ ਪ੍ਰਕਾਸ਼ਕ ਖ਼ਾਲਸਾ ਫ਼ਤਹਿਨਾਮਾ ਵੱਲੋਂ ਸਿੱਖ ਯੂਥ ਆਫ ਅਮਰੀਕਾ ਦੇ ਸਹਿਯੋਗ ਨਾਲ ਛਾਪੀ ਗਈ ਹੈ ਤੇ ਇਸ ਕਿਤਾਬ ਦਾ ਤੀਜਾ ਭਾਗ ਵੀ ਛਪ ਚੁੱਕਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਪੰਥ ਤੇ ਪੰਜਾਬ ਦੇ ਹੱਕਾਂ ਲਈ ਲਾਏ ਧਰਮ ਯੁੱਧ ਮੋਰਚੇ, ਜੂਨ 1984 ਦੇ ਘੱਲੂਘਾਰੇ ਅਤੇ ਇਸ ਤੋਂ ਬਾਅਦ ਖ਼ਾਲਿਸਤਾਨ ਦੀ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼, ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਅਤੇ ਸਿੱਖ ਕੌਮ ਉੱਤੇ ਹੋਏ ਜ਼ੁਲਮਾਂ ਤੋਂ ਸੰਗਤਾਂ ਜਾਣੂੰ ਹੋਣਗੀਆਂ।
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਸੁਪਤਨੀ ਬੀਬਾ ਕਮਲਜੀਤ ਕੌਰ ਨਿਹੰਗ, ਭੁਝੰਗੀ ਗੁਰਬਾਜ਼ ਸਿੰਘ ਅਤੇ ਗੁਰਪੰਥ ਪ੍ਰਥਮ ਸਿੰਘ, ਸ. ਬਲਵਿੰਦਰ ਸਿੰਘ ਪੱਖੋਕੇ, ਸ. ਜਗਦੀਸ਼ ਸਿੰਘ ਵਡਾਲਾ, ਜੁਝਾਰੂ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ, ਬੀਬੀ ਸੁਰਿੰਦਰ ਕੌਰ (ਭੈਣ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ), ਬੀਬੀ ਕੁਲਵਿੰਦਰ ਕੌਰ (ਸੁਪਤਨੀ ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ), ਭਾਈ ਨਿਰਮਲ ਸਿੰਘ (ਸਪੁੱਤਰ ਸ਼ਹੀਦ ਰਸਾਲ ਸਿੰਘ ਆਰਫਕੇ), ਬੀਬੀ ਦਰਸ਼ਨ ਕੌਰ (ਭਾਣਜੀ ਸ਼ਹੀਦ ਮੋਹਰ ਸਿੰਘ), ਭਾਈ ਸੁਰਜੀਤ ਸਿੰਘ ਕੈਨੇਡਾ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਸਮੇਤ ਹੋਰ ਆਗੂ ਤੇ ਸ਼ਹੀਦਾਂ ਦੇ ਪਰਿਵਾਰ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?