206 Views
ਮੇਰੇ ਚਾਚਾ ਜੀ ਅਮਰ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਜਨਮ 15 ਜਨਵਰੀ 1971 ਨੂੰ ਪਿਤਾ ਸ. ਦਲੀਪ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਬੀਬੀ ਪ੍ਰੀਤਮ ਕੌਰ ਜੀ ਦੀ ਵਡਭਾਗੀ ਕੁੱਖੋਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੀ ਤਹਿਸੀਲ ਪੱਟੀ ‘ਚ ਹੋਇਆ। ਆਪ ਦਾ ਕੱਦ ਪੰਜ ਫੁੱਟ ਅੱਠ ਇੰਚ, ਰੰਗ ਗੋਰਾ, ਸਰੀਰ ਪਤਲਾ, ਸੁਭਾਅ ਜੋਸ਼ੀਲਾ ਅਤੇ ਸ਼ੇਰਾਂ ਵਰਗੀ ਚਾਲ ਸੀ। ਪਰਿਵਾਰ ’ਚ ਆਪ ਨੂੰ ‘ਸ਼ੀਰਾ’ ਕਹਿ ਕੇ ਬੁਲਾਉਂਦੇ ਸਨ। ਦਸ ਭੈਣ-ਭਰਾਵਾਂ ’ਚੋਂ ਆਪ ਅਠਵੇਂ ਨੰਬਰ ’ਤੇ ਸਨ। ਆਪ ਦੇ ਵੱਡੇ ਭਰਾਵਾਂ ਦਾ ਨਾਂ ਸ. ਗਰਸ਼ੇਰ ਸਿੰਘ, ਸ. ਬਲਬੀਰ ਸਿੰਘ, ਸ. ਲਖਬੀਰ ਸਿੰਘ ਤੇ ਛੋਟੇ ਭਰਾ ਸ. ਸੁਰਿੰਦਰ ਸਿੰਘ ਹਨ ਅਤੇ ਵੱਡੀਆਂ ਭੈਣਾਂ ਬੀਰ ਕੌਰ, ਚਰਨ ਕੌਰ, ਸਵਰਨ ਕੌਰ, ਕਰਮਜੀਤ ਕੌਰ ਤੇ ਛੋਟੀ ਭੈਣ ਪਰਮਜੀਤ ਕੌਰ ਹੈ। ਆਪ ਦੇ ਪਿਤਾ ਜੀ ਸ. ਦਲੀਪ ਸਿੰਘ ਜੋ ਪੱਟੀ ਦੀ ਕਚਹਿਰੀ ’ਚ ਸਰਕਾਰੀ ਮੁਲਾਜ਼ਮ ਸਨ ਤੇ ਦਾਦਾ ਜੀ ਸ. ਹੀਰਾ ਸਿੰਘ ਫ਼ੌਜ ਵਿੱਚੋਂ ਰਿਟਾਇਰਡ ਹੋਏ ਸਨ।
ਬਚਪਨ ਤੋਂ ਹੀ ਆਪ ਧਾਰਮਿਕ ਬਿਰਤੀ ਵਾਲ਼ੇ ਸਨ ਤੇ ਕਈ ਵਾਰ ਰਾਤਾਂ ਨੂੰ ਜਾਗ ਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਰਹਿੰਦੇ ਸਨ। ਅੰਮ੍ਰਿਤ ਵੇਲ਼ੇ ਉੱਠ ਕੇ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਤਾਂ ਆਪ ਦੇ ਨਿੱਤ ਦਾ ਨੇਮ ਸੀ। ਬਹਾਦਰ ਬਾਬਾ ਬਿਧੀ ਚੰਦ ਜੀ ਨਾਲ਼ ਸੰਬੰਧਤ ਇਤਿਹਾਸਕ ਗੁਰਦੁਆਰਾ ਭੱਠ ਸਾਹਿਬ (ਪੱਟੀ) ਵਿਖੇ ਆਪ ਬਹੁਤ ਸੇਵਾ ਕਰਿਆ ਕਰਦੇ ਸਨ ਅਤੇ ਹਰ ਮੱਸਿਆ ‘ਤੇ ਤਰਨ ਤਾਰਨ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਆਪ ਦਰਸ਼ਨ-ਇਸ਼ਨਾਨ ਕਰਨ ਜਾਂਦੇ ਸਨ। ਆਪ ਨੇ ਅਠਵੀਂ ਤਕ ਪੜ੍ਹਾਈ ਪੱਟੀ ਦੇ ਹੀ ਇੱਕ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਪੱਟੀ ‘ਚ ਹੀ ਭਾਂਡਿਆਂ ਵਾਲ਼ੇ ਚੌਂਕ ਵਿੱਚ ਆਪ ਇੱਕ ਦਰਜੀ ਦੀ ਦੁਕਾਨ ‘ਤੇ ਕੰਮ ਕਰਨ ਲਗ ਪਏ ਤੇ ਕੱਪੜੇ ਸਿਊਣ ‘ਚ ਆਪ ਚੰਗੇ ਕਾਰੀਗਰ ਸਨ।
ਜਦ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਧਰਮ ਯੁੱਧ ਮੋਰਚਾ ਲਾਇਆ ਤਾਂ ਆਪ ਛੋਟੀ ਉਮਰੇ ਹੀ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਦਰਸ਼ਨਾਂ ਲਈ ਆਉਂਦੇ ਤੇ ਸੰਤਾਂ ਦੇ ਰੂਹਾਨੀਅਤ ਭਰਪੂਰ ਤੇ ਜੋਸ਼ੀਲੇ ਬਚਨ ਸੁਣ ਕੇ ਨਿਹਾਲ ਹੁੰਦੇ। ਜਥੇਦਾਰ ਬਾਬਾ ਰਸਾਲ ਸਿੰਘ ਨਿਹੰਗ ਦੀ ਅਗਵਾਈ ’ਚ ਆਪ ਨੇ ਮੋਰਚੇ ’ਚ ਗ੍ਰਿਫ਼ਤਾਰੀ ਵੀ ਦਿੱਤੀ। ਫਿਰ ਜਦ ਜੂਨ 1984 ‘ਚ ਭਾਰਤੀ ਹਕੂਮਤ ਨੇ ਟੈਂਕਾਂ-ਤੋਪਾਂ ਨਾਲ਼ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਅਤੇ ਹਜ਼ਾਰਾਂ ਸੰਗਤਾਂ ਨੂੰ ਬੇ-ਰਹਿਮੀ ਨਾਲ਼ ਸ਼ਹੀਦ ਕੀਤਾ ਤਾਂ ਹੋਰਾਂ ਸਿੱਖਾਂ ਵਾਂਗ ਆਪ ਦੇ ਮਨ ‘ਤੇ ਵੀ ਡੂੰਘੀ ਸੱਟ ਵੱਜੀ ਤੇ ਹਕੂਮਤ ਵਿਰੁੱਧ ਰੋਹ ਜਾਗ ਪਿਆ।
ਇਸ ਘੱਲੂਘਾਰੇ ਪਿੱਛੋਂ ਜੁਝਾਰੂ ਸਿੰਘਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ‘ਤੇ ਪਹਿਰਾ ਦਿੰਦਿਆਂ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ। ਉਹਨੀਂ ਦਿਨੀਂ ਹੀ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਵੀ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਜੁਝਾਰੂ ਸਿੰਘਾਂ ਨਾਲ਼ ਮੇਲ਼ ਹੋ ਗਿਆ ਤੇ ਜੁਝਾਰੂ ਸਿੰਘਾਂ ਦਾ ਉੱਚਾ-ਸੁੱਚਾ ਜੀਵਨ, ਨਾਮ-ਬਾਣੀ ਨਾਲ਼ ਪਿਆਰ ਤੇ ਕੌਮੀ ਸੰਘਰਸ਼ ਪ੍ਰਤੀ ਦ੍ਰਿੜਤਾ ਵੇਖ ਕੇ ਆਪ ਐਨੇ ਕਾਇਲ ਹੋਏ ਕਿ ਆਪ ਨੇ ਤਨ, ਮਨ, ਧਨ ਉਹਨਾਂ ਨੂੰ ਸਮਰਪਿਤ ਕਰ ਦਿੱਤਾ ਤੇ ਰੂਪੋਸ਼ ਸਿੰਘਾਂ ਦੀ ਹਰ ਪ੍ਰਕਾਰ ਗੁਪਤ ਰਹਿ ਕੇ ਮਦਦ ਕਰਦੇ ਰਹੇ।
ਹੁਣ ਆਪ ਦੀ ਦੁਕਾਨ ‘ਤੇ ਅਕਸਰ ਹੀ ਜੁਝਾਰੂ ਸਿੰਘ ਆਉਂਦੇ-ਜਾਂਦੇ ਤੇ ਆਪ ਉਹਨਾਂ ਦੇ ਚੋਲ਼ੇ-ਕਛਹਿਰੇ ਤੇ ਗਾਤਰੇ ਬਣਾਉਂਦੇ, ਉਹਨਾਂ ਦੇ ਹਥਿਆਰਾਂ ਉੱਤੇ ਸਜਾਵਟ ਲਈ ਖ਼ਾਲਸਾਈ ਝੰਡੀਆਂ ਵੀ ਬਣਾ ਕੇ ਦਿੰਦੇ ਜਿਨ੍ਹਾਂ ਉੱਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ, ਕੇ.ਸੀ.ਐੱਫ਼. ਜਾਂ ਖ਼ਾਲਿਸਤਾਨ ਜ਼ਿੰਦਾਬਾਦ ਲਿਖਿਆ ਹੁੰਦਾ ਸੀ ਤੇ ਗੋਲ਼ਾ-ਬਰੂਦ ਸਾਂਭਣ ਲਈ ਗੁਥਲੀਆ ਵੀ ਸੀਂਦੇ ਰਹੇ ਤੇ ਫਿਰ ਹੌਲ਼ੀ-ਹੌਲ਼ੀ ਆਪ ਨੇ ਜੁਝਾਰੂ ਕਾਰਵਾਈਆਂ ‘ਚ ਭਾਗ ਲੈਂਦਿਆਂ ਦੁਸ਼ਮਣਾਂ ਨੂੰ ਕਰਾਰੇ ਹੱਥ ਵਿਖਾਉਣੇ ਸ਼ੁਰੂ ਕਰ ਦਿੱਤੇ।
ਆਪ ਸਿੰਘਾਂ ਦੇ ਜੁਝਾਰੂ ਗਰੁੱਪ ਨੇ ਅੰਮ੍ਰਿਤਸਰ, ਤਰਨ ਤਾਰਨ, ਪੱਟੀ, ਵਲਟੋਹਾ, ਖੇਮਕਰਨ, ਕਾਲ਼ੀਆ-ਸਕੱਤਰਾ, ਸੁਰਸਿੰਘ, ਗੱਗੋਬੂਹਾ, ਚੱਬਾ ਅਤੇ ਕਰਤਾਰਪੁਰ ਆਦਿ ਇਲਾਕਿਆਂ ‘ਚ ਪੂਰੀ ਧਾਂਕ ਜਮਾਈ ਹੋਈ ਸੀ। ਭਾਈ ਕਸ਼ਮੀਰ ਸਿੰਘ ਸ਼ੀਰਾ ਕੋਲ਼ ਇੱਕ ਸਕੂਟਰ ਅਤੇ ਯਾਮਹਾ ਮੋਟਰ ਸਾਇਕਲ ਹੁੰਦਾ ਸੀ ਜਿਸ ਨੂੰ ਆਪ ਨੇ ਅਨੇਕਾਂ ਜੁਝਾਰੂ ਕਾਰਨਾਮਿਆਂ ‘ਚ ਵਰਤਿਆ। ਭਾਈ ਕਸ਼ਮੀਰ ਸਿੰਘ ਸ਼ੀਰਾ, ਭਾਈ ਤਰਸੇਮ ਸਿੰਘ ਬੱਗਾ (ਕੰਗ) ਅਤੇ ਭਾਈ ਭੁਪਿੰਦਰ ਸਿੰਘ ਭਿੰਦਾ (ਦਸੰਧੀ ਮੱਲ੍ਹ) ਨੇ ਨੌਰੰਗਾਬਾਦ ਪਿੰਡ ਦਾ ਇੱਕ ਦੁਸ਼ਟ ਸੋਧਿਆ ਜੋ ਖਾੜਕੂਆਂ ਦੇ ਭੇਸ ‘ਚ ਲੁੱਟਾਂ-ਖੋਹਾਂ ਕਰਦਾ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਖ਼ਿਲਾਫ਼ ਬਕਵਾਸ ਕਰਨ ਵਾਲ਼ੇ ਪੱਟੀ ਦੇ ਇੱਕ ਹਿੰਦੁਤਵੀ ਆੜਤੀਏ ਨੂੰ ਵੀ ਆਪ ਨੇ ਗੱਡੀ ਚਾੜ੍ਹਿਆ ਜੋ ਅਕਸਰ ਹੀ ਕਿਸਾਨਾਂ ਨੂੰ ਵੀ ਬਹੁਤ ਤੰਗ-ਪ੍ਰੇਸ਼ਾਨ ਕਰਦਾ ਸੀ। ਭਾਰਤੀ ਫ਼ੋਰਸਾਂ ਨਾਲ਼ ਆਪ ਦੇ ਕਈ ਮੁਕਾਬਲੇ ਹੋਏ ਤੇ ਆਪ ਘੇਰੇ ਤੋੜ ਕੇ ਨਿਕਲ਼ ਜਾਂਦੇ ਰਹੇ। ਭਾਈ ਕਸ਼ਮੀਰ ਸਿੰਘ ਸ਼ੀਰਾ ਨੇ ਕਈ ਪੁਲੀਸ ਚੌਂਕੀਆਂ ਅਤੇ ਥਾਣਿਆਂ ਉੱਤੇ ਹਮਲੇ ਕੀਤੇ, ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਕੈਟਾਂ, ਮੁਖ਼ਬਰਾਂ ਤੇ ਗ਼ੱਦਾਰਾਂ ਨੂੰ ਸੋਧਿਆ। ਸਰਕਾਰੀ ਦੱਲਾਗਿਰੀ ਕਰਨ ਵਾਲ਼ੇ ਕਾਮਰੇਡਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਅਤੇ ਸਿੱਖੀ ਦੇ ਦੁਸ਼ਮਣਾਂ ਦੇ ਮਨਾਂ ‘ਚ ਦਹਿਸ਼ਤ ਪੈਦਾ ਕਰ ਦਿੱਤੀ। ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖ਼ਾਲਿਸਤਾਨ ਦੇ ਜਰਨੈਲ ਭਾਈ ਸੁਖਵਿੰਦਰ ਸਿੰਘ ਸੰਘਾ ਨੂੰ ਸ਼ਹੀਦ ਕਰਨ ਵਾਲ਼ੇ ਐੱਸ.ਪੀ. ਅਪਰੇਸ਼ਨ ਹਰਜੀਤ ਸਿਹੁੰ ਨੂੰ ਖ਼ਾਲਿਸਤਾਨ ਕਮਾਂਡੋ ਫ਼ੋਰਸ (ਪੰਜਵੜ) ਦੇ ਡਿਪਟੀ ਚੀਫ਼ ਭਾਈ ਮੇਜਰ ਸਿੰਘ ਸ਼ਹੀਦ (ਯੂ.ਪੀ.), ਬਾਬਾ ਸੁੱਖਾ ਸਿੰਘ ਖਾਰਾ (ਸਰਹਾਲੀ), ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ), ਭਾਈ ਭੁੁਪਿੰਦਰ ਸਿੰਘ ਭਿੰਦਾ (ਦਸੰਧੀ ਮੱਲ੍ਹ) ਤੇ ਭਾਈ ਗੁਰਸੇਵਕ ਸਿੰਘ ਜੰਮੂ ਨੇ ਮੌਤ ਦੇ ਘਾਟ ਉਤਾਰਿਆ, ਯੋਧਿਆਂ ਨੇ ਸੜਕ ਕਿਨਾਰੇ ਬੰਬ ਲਾ ਕੇ ਜੱਲਾਦ ਅਫ਼ਸਰ ਦੀ ਜਿਪਸੀ ਉਡਾਈ ਜਿਸ ਵਿੱਚ ਐੱਸ.ਪੀ. ਦੇ ਨਾਲ਼ ਪੰਜ ਪੁਲਸੀਏ ਵੀ ਮਾਰੇ ਗਏ। ਆਪ ਨੇ ਅਨੇਕਾਂ ਸਮਾਜ ਸੁਧਾਰ ਦੇ ਕਾਰਜ ਵੀ ਕੀਤੇ, ਦਾਜ ਦੇਣਾ-ਲੈਣਾ ਬੰਦ ਕਰਵਾਇਆ, ਇਲਾਕੇ ’ਚ ਸ਼ਰਾਬ ਦੇ ਠੇਕੇ ਬੰਦ ਕਰਵਾਏ, ਨਸ਼ੇੜੀਆਂ-ਬਦਮਾਸ਼ਾਂ ਨੂੰ ਠੱਲ੍ਹ ਪਾਈ, ਕਈ ਧੀਆਂ ਦੇ ਘਰ ਵਸਾਏ ਤੇ ਪੰਜਾਬੀ ਬੋਲੀ ਦਾ ਸਤਿਕਾਰ ਵੀ ਬਹਾਲ ਕਰਵਾਇਆ।
ਜਦੋਂ ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਵੱਡੇ ਭਰਾ ਸ. ਲਖਬੀਰ ਸਿੰਘ ਦੇ ਘਰ 30 ਨਵੰਬਰ 1991 ਨੂੰ ਇੱਕ ਬੱਚੇ ਨੇ ਜਨਮ ਲਿਆ ਤਾਂ ਆਪਣੇ ਭਤੀਜੇ ਦੇ ਜਨਮ ਦੀ ਖ਼ੁਸ਼ੀ ‘ਚ ਆਪ ਲੱਡੂ ਵੰਡਦੇ ਘਰ ‘ਚ ਦਾਖ਼ਲ ਹੋਏ ਤੇ ਬੱਚੇ ਨੂੰ ਚੁੱਕਦਿਆਂ ਸਾਰ ਆਪ ਨੇ ਕਿਹਾ, “ਆ ਗਿਆ ਮੇਰੇ ਵੰਡੇ ਦਾ ਰਣਜੀਤ ਸਿੰਘ, ਹੁਣ ਮੈਂ ਸ਼ਹੀਦੀ ਪਾ ਜਾਣੀ ਏਂ।”
ਇਹ ਗੱਲ ਸੁਣਦਿਆਂ ਸਾਰ ਆਪ ਦੀ ਇੱਕ ਰਿਸ਼ਤੇਦਾਰ ਬੀਬੀ ਨੇ ਕਿਹਾ, “ਨਾ ਸ਼ੀਰੇ ਪੁੱਤ! ਏੱਦਾਂ ਨਾ ਬੋਲ, ਹਰੇਕ ਮਾਂ ਨੂੰ ਆਪਣਾ ਪੁੱਤ ਪਿਆਰਾ ਹੁੰਦੈ, ਉਹ ਆਪਣੀ ਮਾਂ ਦਾ ਹੀਰਾ ਏ, ਤੇ ਤੂੰ ਆਪਣੀ ਮਾਂ ਦਾ ਚੰਨ ਏਂ, ਜੁੱਗ-ਜੁੱਗ ਜਵਾਨੀਆਂ ਮਾਣੋ, ਤੁਹਾਡੇ ਘਰ ਤਾਂ ਬਾਬੇ ਨੇ ਮੇਹਰ ਕੀਤੀ ਏ, ਵੇਖ ਲੈ ਨਿਰਾ ਤੇਰੇ ਵਰਗਾ ਵਾ ਇਹ ਬੱਚਾ, ਅਸੀਂ ਤਾਂ ਨਾਮ ਸੋਚਣ ਹੀ ਦਏ ਸੀ ਕਿ ਕੀ ਰੱਖੀਏ ਤੇ ਤੂੰ ਰੱਖ ਵੀ ਦਿੱਤਾ।”
ਅੱਗੋਂ ਕਸ਼ਮੀਰ ਸਿੰਘ ਨੇ ਕਿਹਾ, “ਨਹੀਂ ਮਾਸੀ! ਹੁਣ ਤਾਂ ਬਸ ਆਪਣੀ ਤਿਆਰੀ ਏ, ਜਿਹੜੇ ਰਾਹਾਂ ‘ਤੇ ਮੈਂ ਪੈਰ ਰੱਖ ਲਿਆ ਇੱਥੇ ਕਦਮ-ਕਦਮ ‘ਤੇ ਮੌਤ ਏ, ਪਤਾ ਨਹੀਂ ਕਦੋਂ ਮੁਕਾਬਲਾ ਹੋ ਜਾਣਾ ਤੇ ਕਲਗੀਆਂ ਵਾਲ਼ੇ ਬਾਪੂ ਨੇ ਅਵਾਜ਼ ਮਾਰ ਲੈਣੀ ਏਂ, ਇਹ ਸਿੱਖੀ ਬੜੀ ਨਿਆਰੀ ਏ, ਖੰਡੇ ਦੀ ਧਾਰ ‘ਤੇ ਚੱਲਣਾ ਪੈਂਦਾ ਏ, ਗੁਰੂ ਮੇਹਰ ਕਰੇ ਤੇ ਜਲਦੀ ਹੀ ਸ਼ਹੀਦੀ ਦੀ ਦਾਤ ਝੋਲ਼ੀ ਵਿੱਚ ਪਾਵੇ।”
ਫਿਰ ਮਈ 1992 ‘ਚ ਪੁਲੀਸ ਨੇ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਫੜਨ ਲਈ ਦੁਕਾਨ ਅਤੇ ਘਰ ‘ਚ ਛਾਪਾ ਮਾਰਿਆ ਲੇਕਿਨ ਆਪ ਹੱਥ ਨਾ ਆਏ ਤੇ ਰੂਪੋਸ਼ ਹੋ ਗਏ। ਫਿਰ ਕੁਝ ਚਿਰ ਮਗਰੋਂ ਸੀ.ਆਰ.ਪੀ.ਐੱਫ਼. ਨੇ ਆਪ ਨੂੰ ਕਰਤਾਰਪੁਰ ਦੇ ਨੇੜਿਓਂ ਪਿੰਡ ਦਿਆਲਪੁਰ ‘ਚੋਂ ਓਦੋਂ ਗ੍ਰਿਫ਼ਤਾਰ ਕਰ ਲਿਆ ਜਦ ਭਾਈ ਕਸ਼ਮੀਰ ਸਿੰਘ ਸ਼ੀਰਾ ਆਪਣੇ ਜੁਝਾਰੂ ਸਾਥੀਆਂ ਭਾਈ ਤਰਸੇਮ ਸਿੰਘ ਬੱਗਾ (ਕੰਗ) ਅਤੇ ਭਾਈ ਗੁਰਦੇਵ ਸਿੰਘ ਗੇਬੂ ਨਾਲ਼ ਖੇਤਾਂ ਵਿਚਲੇ ਇੱਕ ਘਰ ਵਿੱਚ ਠਹਿਰੇ ਹੋਏ ਸਨ। ਸੀ.ਆਰ.ਪੀ. ਨੇ ਆਪ ਨੂੰ ਕਰਤਾਰਪੁਰ ਦੇ ਥਾਣੇਦਾਰ ਦੇ ਹਵਾਲੇ ਕਰ ਦਿੱਤਾ ਜਿੱਥੇ ਪੁਲੀਸ ਨੇ ਆਪ ਨੂੰ ਜਲੰਧਰ ਦੇ ਸੀ.ਆਈ.ਏ. ਸਟਾਫ਼ ਲਿਜਾ ਕੇ 15 ਦਿਨ ਘੋਰ ਤਸੀਹੇ ਦਿੱਤੇ ਤੇ ਫਿਰ ਕੇਸ ਪਾ ਕੇ ਜਲੰਧਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਜਿੱਥੋਂ ਛੇ ਮਹੀਨਿਆਂ ਬਾਅਦ ਆਪ ਸਿੰਘਾਂ ਦੀ ਜ਼ਮਾਨਤ ‘ਤੇ ਰਿਹਾਈ ਹੋਈ।
ਜੇਲ੍ਹ ਵਿੱਚ ਆਪ ਦੀ ਕਈ ਜੁਝਾਰੂ ਸਿੰਘਾਂ ਨਾਲ਼ ਮੁਲਾਕਾਤ ਹੋਈ ਜਿਸ ਨੇ ਆਪ ਦੀ ਸੋਚ ਨੂੰ ਹੋਰ ਬਲਵਾਨ, ਪ੍ਰਚੰਡ ਅਤੇ ਤਿੱਖਾ ਕਰ ਦਿੱਤਾ ਅਤੇ ਬਾਹਰ ਆਉਂਦੇ ਸਾਰ ਹੀ ਆਪ ਨੇ ‘ਬੱਬਰ ਸ਼ੇਰ’ ਵਾਲ਼ੀ ਦਹਾੜ ਮਾਰੀ ਤੇ ਪੰਥ ਦੋਖੀਆਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਜੇਲ੍ਹ ਤੋਂ ਬਾਹਰ ਆ ਕੇ ਆਪ ਨੇ ਉਸ ਟਾਊਟ ਨੂੰ ਸੋਧਿਆ ਜਿਸ ਨੇ ਆਪ ਸਿੰਘਾਂ ਦੀ ਮੁਖ਼ਬਰੀ ਕੀਤੀ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਜਦ ਭਾਈ ਕਸ਼ਮੀਰ ਸਿੰਘ ਸ਼ੀਰਾ ਸੰਘਰਸ਼ ਵਿੱਚ ਵਿਚਰ ਰਹੇ ਸਨ ਤਾਂ ਇੱਕ ਵਾਰ ਸੀ.ਆਰ.ਪੀ.ਐੱਫ਼. ਨੇ ਉਹਨਾਂ ਦੇ ਭਰਾ ਸ. ਲਖਬੀਰ ਸਿੰਘ ਅਤੇ ਸ. ਸੁਰਿੰਦਰ ਸਿੰਘ (ਛਿੰਦਰ) ਉੱਤੇ ਵੀ ਜ਼ੁਲਮ ਢਾਹਿਆ ਸੀ। ਪੱਟੀ ‘ਚ ਆਪ ਦੇ ਘਰ ਦੇ ਨੇੜੇ ਹੀ ਸੀ.ਆਰ.ਪੀ. ਦੀ ਚੌਂਕੀ ਬਣੀ ਹੋਈ ਸੀ।
ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਜੁਝਾਰੂ ਸਫ਼ਾਂ ਵਿੱਚ ‘ਬਾਬਾ ਦਰਜੀ’ ਅਤੇ ‘ਪੱਟੀ ਵਾਲ਼ਾ ਸਿੰਘ’ ਵੀ ਕਿਹਾ ਜਾਂਦਾ ਸੀ। ਸੰਘਰਸ਼ ਦੌਰਾਨ ਵੀ ਭਾਈ ਕਸ਼ਮੀਰ ਸਿੰਘ ਸ਼ੀਰਾ ਬਹੁਤ ਬਾਣੀ ਪੜ੍ਹਿਆ ਕਰਦੇ ਸਨ ਤੇ ਬਾਣੀ ਦਾ ਤੇਜ-ਪ੍ਰਤਾਪ ਉਹਨਾਂ ਦੇ ਚਿਹਰੇ ਉੱਤੇ ਹੀ ਭਖ਼ਦਾ ਸੀ। ਪਰਿਵਾਰ ਨੇ ਆਪ ਉੱਤੇ ਦਬਾਅ ਪਾ ਕੇ ਆਪ ਦੀ ਮੰਗਣੀ ਵੀ ਕਰ ਦਿੱਤੀ ਪਰ ਆਪ ਤਾਂ ਲਾੜੀ ਮੌਤ ਨੂੰ ਵਰ੍ਹਨ ਦੇ ਇਛੁੱਕ ਸਨ। ਆਪ ਦੇ ਜੁਝਾਰੂ ਸਾਥੀ ਵੀ ਬਹੁਤ ਬੰਦਗੀ ਵਾਲ਼ੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਸਿੱਖੀ ਦੀ ਆਨ-ਸ਼ਾਨ, ਪੰਥ ਦੇ ਬੋਲ-ਬਾਲੇ ਅਤੇ ਧੀਆਂ-ਭੈਣਾਂ ਦੀ ਰਾਖੀ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਸਿਰ ‘ਤੇ ਕੱਫਨ ਬੰਨ੍ਹੀ ਬੈਠੇ ਸਨ ਤੇ ਮੌਤ ਨੂੰ ਹੱਸ-ਹੱਸ ਮਖ਼ੌਲਾਂ ਕਰਦੇ ਸਨ। ਸਭ ਸਿੰਘਾਂ ਦਾ ਕਿਰਦਾਰ ਬਹੁਤ ਉੱਚਾ-ਸੁੱਚਾ ਸੀ, ਕਿਸੇ ਬੇਦੋਸ਼ੇ ਨਾਲ਼ ਕਦੇ ਧੱਕਾ ਨਹੀਂ ਕੀਤਾ, ਆਮ ਲੋਕਾਂ ’ਤੇ ਹਥਿਆਰਾਂ ਦੀ ਧੌਂਸ ਨਹੀਂ ਜਮਾਈ, ਫਿਰੌਤੀਆਂ ਨਹੀਂ ਮੰਗੀਆਂ, ਹਮੇਸ਼ਾਂ ਸਰਬੱਤ ਦਾ ਭਲਾ ਲੋਚਿਆ, ਗਰੀਬ ਅਤੇ ਦੁਖੀਏ ਦਾ ਸਹਾਰਾ ਬਣੇ, ਜ਼ਾਲਮ ਸਰਕਾਰ ਵਿਰੁੱਧ ਡਟ ਕੇ ਟੱਕਰ ਲਈ ਅਤੇ ਕੌਮ ਦਾ ਘਰ ਬਣਾਉਣ ਲਈ ਆਪਣੇ ਘਰ-ਪਰਿਵਾਰ ਉਜਾੜ ਲਏ। ਭਾਈ ਕਸ਼ਮੀਰ ਸਿੰਘ ਸ਼ੀਰਾ, ਭਾਈ ਤਰਸੇਮ ਸਿੰਘ ਬੱਗਾ, ਭਾਈ ਭੁਪਿੰਦਰ ਸਿੰਘ ਭਿੰਦਾ, ਬਾਬਾ ਸੁੱਖਾ ਸਿੰਘ ਖਾਰਾ ਅਤੇ ਭਾਈ ਮੇਜਰ ਸਿੰਘ ਸ਼ਹੀਦ ਪੰਜੇ ਜੁਝਾਰੂ ਤਾਂ ਇੱਕ-ਦੂਜੇ ਦੀ ਜ਼ਿੰਦ-ਜਾਨ ਸਨ ਤੇ ਹਮੇਸ਼ਾਂ ਭਰਾ ਬਣ ਕੇ ਇਕੱਠੇ ਸੇਵਾ ਕਰਦੇ ਰਹੇ।
ਜਦ ਆਪ ਸੰਘਰਸ਼ ਵਿੱਚ ਵਿਚਰ ਰਹੇ ਸਨ ਤਾਂ ਪਿੱਛੋਂ ਪੁਲੀਸ ਨੇ ਆਪ ਦੇ ਪਰਿਵਾਰ ਨੂੰ ਬੇਹੱਦ ਤੰਗ-ਪ੍ਰੇਸ਼ਾਨ ਕੀਤਾ ਜਿਸ ਕਾਰਨ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਪੱਟੀ ਵਾਲ਼ਾ ਸਾਂਝਾ ਮਕਾਨ ਵੇਚ ਕੇ ਆਪ ਦੇ ਭਰਾ ਹੁਣ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਆ ਕੇ ਕਿਰਾਏ ਉੱਤੇ ਰਹਿਣ ਲਗ ਪਏ। ਆਪ ਦੇ ਇਸ ਟਿਕਾਣੇ ਦਾ ਪੁਲੀਸ ਨੂੰ ਪਤਾ ਨਹੀਂ ਸੀ ਓਦੋਂ ਤਕ ਆਪ ਦੇ ਕਾਫ਼ੀ ਸਾਥੀ ਸ਼ਹੀਦ ਹੋ ਚੁੱਕੇ ਸਨ, ਜੁਝਾਰੂ ਬਾਬਾ ਸੁੱਖਾ ਸਿੰਘ ਖਾਰਾ ਅਤੇ ਭਾਈ ਭੁਪਿੰਦਰ ਸਿੰਘ ਭਿੰਦਾ (ਦਸੰਧੀ ਮੱਲ੍ਹ) ਵੀ 18 ਸਤੰਬਰ 1992 ਨੂੰ ਇੱਕ ਅਸਲੀ ਪੁਲੀਸ ਮੁਕਾਬਲੇ ’ਚ ਸ਼ਹਾਦਤ ਪਾ ਗਏ ਸਨ।
ਦਰਅਸਲ ਜਦ ਸੰਨ 1992 ‘ਚ ਪੰਜਾਬ ‘ਚ ਜ਼ਾਲਮ ਕਾਂਗਰਸੀ ਮੁੱਖ ਮੰਤਰੀ ਬਿਅੰਤ ਸਿਹੁੰ ਬੁੱਚੜ ਦੀ ਸਰਕਾਰ ਬਣੀ ਤਾਂ ਸਖ਼ਤੀ ਐਨੀ ਵੱਧ ਗਈ ਕਿ ਲੋਕਾਂ ਨੇ ਠਾਹਰਾਂ ਦੇਣੀਆਂ ਵੀ ਬੰਦ ਕਰ ਦਿੱਤੀਆਂ, ਪੁਲੀਸ ਨੇ ਜੁਝਾਰੂਆਂ ਦੇ ਸਮਰਥਕ ਲੋਕਾਂ ਦੇ ਘਰ ਵੀ ਢਾਹ ਦਿੱਤੇ ਤੇ ਪੂਰਾ ਪੰਜਾਬ ਜ਼ੁਲਮ ਦੀ ਚੱਕੀ ਵਿੱਚ ਪੀਸ ਦਿੱਤਾ। ਸਰਕਾਰ ਨੇ ਕੈਟਾਂ-ਮੁਖ਼ਬਰਾਂ ਦੇ ਸਭ ਪਾਸੇ ਜਾਲ਼ ਵਿਛਾ ਦਿੱਤੇ ਸਨ। ਫਿਰ ਕੁਝ ਕੁ ਮਹੀਨਿਆਂ ’ਚ ਹੀ ਖ਼ਾਲਿਸਤਾਨੀ ਸੰਘਰਸ਼ ਦੇ ਚੋਟੀ ਦੇ ਜੁਝਾਰੂ ਜਰਨੈਲ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲ਼ਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਰਛਪਾਲ ਸਿੰਘ ਛੰਦੜਾ, ਬਾਬਾ ਗੁਰਬਚਨ ਸਿੰਘ ਮਾਨੋਚਹਲ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਹਰਭਜਨ ਸਿੰਘ ਮੰਡ, ਭਾਈ ਨਿਸ਼ਾਨ ਸਿੰਘ ਮਖੂ, ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ, ਭਾਈ ਬਲਵਿੰਦਰ ਸਿੰਘ ਸ਼ਾਹਪੁਰ, ਭਾਈ ਗੁਰਮੁਖ ਸਿੰਘ ਨਾਗੋਕੇ, ਭਾਈ ਧਰਮ ਸਿੰਘ ਕਾਸ਼ਤੀਵਾਲ, ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲ਼ਾ ਤੇ ਹੋਰ ਸੂਰਮੇ ਵੀ ਸਰਕਾਰ ਨੇ ਸ਼ਹੀਦ ਕਰ ਦਿੱਤੇ।
ਓਧਰੋਂ ਕੰਗ ਪਿੰਡ ਦੇ ਰਹਿਣ ਵਾਲ਼ੇ ਆਪ ਦੇ ਜੁਝਾਰੂ ਸਾਥੀ ਭਾਈ ਤਰਸੇਮ ਸਿੰਘ ਬੱਗਾ ਨੂੰ ਉਹਨਾਂ ਦੇ ਪਰਿਵਾਰ ਨੇ ਅਕਾਲੀ ਆਗੂ ਸ. ਅਲਵਿੰਦਰ ਸਿੰਘ ਪੱਖੋਕੇ ਰਾਹੀਂ ਪੁਲੀਸ ਕੋਲ਼ ਪੇਸ਼ ਕਰਵਾ ਦਿੱਤਾ ਕਿਉਂਕਿ ਉਹਨਾਂ ਦੇ ਪਿਤਾ ਅਤੇ ਭਰਾਵਾਂ ਉੱਤੇ ਸਰਕਾਰ ਵੱਲੋਂ ਬੇਤਹਾਸ਼ਾ ਜ਼ੁਲਮ ਢਾਹਿਆ ਜਾ ਰਿਹਾ ਸੀ। ਭਾਈ ਤਰਸੇਮ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਪੁਲੀਸ ਨੇ ਭਾਈ ਕਸ਼ਮੀਰ ਸਿੰਘ ਨੂੰ ਫੜਨ ਲਈ ਪੱਟੀ ਅਤੇ ਤਰਨ ਤਾਰਨ ਦੇ ਕਈ ਇਲਾਕਿਆਂ ‘ਚ ਚੱਪੇ-ਚੱਪੇ ‘ਤੇ ਛਾਣਬੀਣ ਕੀਤੀ, ਰਿਸ਼ਤੇਦਾਰਾਂ ਦੇ ਘਰਾਂ ‘ਚ ਵੀ ਛਾਪੇ ਮਾਰੇ ਅਤੇ ਵਲਟੋਹਾ ਦੀ ਪੁਲੀਸ ਚੌਂਕੀ ’ਚ ਹੋਮਗਾਰਡ ਦੀ ਡਿਊਟੀ ਕਰਦੇ ਆਪ ਦੇ ਭਰਾ ਸ. ਸੁਰਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਜੱਲਾਦ ਐੱਸ.ਐੱਸ.ਪੀ. ਅਜੀਤ ਸਿਹੁੰ ਸੰਧੂ ਅਤੇ ਐੱਸ.ਪੀ.ਡੀ. ਦਿਲਬਾਗ ਸਿਹੁੰ ਦੇ ਹੁਕਮਾਂ ਉੱਤੇ ਜ਼ਾਲਮ ਥਾਣੇਦਾਰ ਗੁਲਜ਼ਾਰ ਚੰਦ ਜੋ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਫੜਨ ਲਈ ਬੜਾ ਬਜ਼ਿੱਦ ਸੀ। ਅਖ਼ੀਰ ਪੁਲੀਸ ਕਈ ਹੱਥਕੰਢੇ ਵਰਤ ਕੇ ਆਪ ਤਕ ਪਹੁੰਚ ਹੀ ਗਈ।
ਮਿਤੀ 23 ਜੂਨ 1993 ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਤੂਤ ਸਾਹਿਬ ਦੇ ਨੇੜੇ (ਜਸਪਾਲ ਨਗਰ ਦੇ ਨਾਲ਼ ਕੋਟ ਆਤਮਾ ਰਾਮ ਵਿਖੇ) ਪੁਲੀਸ ਨੇ ਤੜਕਸਾਰ ਪੰਜ ਵਜੇ ਆਪ ਦੇ ਕਿਰਾਏ ਵਾਲ਼ੇ ਘਰ ’ਚ ਛਾਪਾ ਮਾਰਿਆ ਤੇ ਓਥੋਂ ਪੁਲੀਸ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਗ੍ਰਿਫ਼ਤਾਰ ਕਰ ਕੇ ਡੀ.ਸੀ.ਐੱਮ. ਟਰੱਕ ‘ਚ ਬਿਠਾ ਕੇ ਤਰਨ ਤਾਰਨ ਲੈ ਗਈ। ਜਦ ਪੁਲੀਸ ਨੇ ਥਾਣੇਦਾਰ ਗੁਲਜ਼ਾਰ ਚੰਦ ਦੀ ਅਗਵਾਈ ‘ਚ ਆਪ ਨੂੰ ਫੜਿਆ ਤਾਂ ਆਪ ਦੀ ਭੈਣ ਪਰਮਜੀਤ ਕੌਰ (ਪਾਸ਼ੋ), ਵੱਡੇ ਭਰਾ ਸ. ਲਖਬੀਰ ਸਿੰਘ ਅਤੇ ਭਾਬੀ ਬਲਵਿੰਦਰ ਕੌਰ ਨੇ ਥਾਣੇਦਾਰ ਨੂੰ ਬਹੁਤ ਮੁੱਕੀਆਂ-ਧੱਫੇ ਮਾਰੇ ਤੇ ਆਪ ਨੂੰ ਪੁਲੀਸ ਦੀ ਗ੍ਰਿਫ਼ਤ ‘ਚੋਂ ਛੁਡਾਉਣ ਲਈ ਭਾਰੀ ਜੱਦੋ-ਜਹਿਦ ਕੀਤੀ ਤੇ ਮੁਹੱਲਾ ਨਿਵਾਸੀਆਂ ਨੇ ਵੀ ਪੁਲੀਸ ਦਾ ਬੜਾ ਵਿਰੋਧ ਕੀਤਾ ਪਰ ਕਿਸੇ ਦੀ ਕੋਈ ਵਾਹ-ਪੇਸ਼ ਨਾ ਚੱਲੀ।
ਗ੍ਰਿਫ਼ਤਾਰੀ ਉਪਰੰਤ ਪੁਲੀਸ ਆਪ ਨੂੰ ਤਰਨ ਤਾਰਨ ਦੇ ਸਿਟੀ ਥਾਣੇ ‘ਚ ਲੈ ਗਈ ਜਿੱਥੇ ਆਪ ਨੂੰ ਖ਼ੌਫ਼ਨਾਕ ਤਸੀਹੇ ਦਿੱਤੇ ਗਏ। ਆਪ ਦੇ ਚੱਡੇ ਪਾੜੇ ਗਏ, ਕਰੰਟ ਲਾਏ ਗਏ, ਹੱਥਾਂ-ਪੈਰਾਂ ਦੇ ਨਹੁੰ ਖਿੱਚ ਦਿੱਤੇ ਗਏ, ਖੱਬੀ ਲੱਤ ਤੋੜੀ ਗਈ ਤੇ ਡਾਂਗਾਂ ਮਾਰ-ਮਾਰ ਕੇ ਪੂਰਾ ਸਰੀਰ ਪਿੰਜ ਦਿੱਤਾ ਗਿਆ। ਫਿਰ ਆਪ ਨੂੰ ਤਿੰਨ ਦਿਨ ਕੰਗ ਪਿੰਡ ਦੀ ਪੁਲੀਸ ਚੌਂਕੀ ‘ਚ ਰੱਖਿਆ ਗਿਆ। ਜਿੱਥੇ ਆਪ ਦਾ ਪਰਿਵਾਰ ਹਰ ਰੋਜ਼ ਥਾਣੇ ਆਉਂਦਾ ਤੇ ਆਪ ਨੂੰ ਪੁਲੀਸ ਹਿਰਾਸਤ ‘ਚੋਂ ਛੁਡਾਉਣ ਲਈ ਬੜੀ ਮੁਸ਼ੱਕਤ ਕਰਦਾ। ਪੁਲੀਸ ਏਹੀ ਕਹਿੰਦੀ ਰਹੀ ਕਿ “ਪੁੱਛਗਿੱਛ ਕਰਕੇ ਛੱਡ ਦਿਆਂਗੇ, ਜੇਲ੍ਹ ਭੇਜ ਦਿਆਂਗੇ, ਤੁਸੀਂ ਫਿਕਰ ਨਾ ਕਰੋ, ਜ਼ਮਾਨਤ ਕਰਵਾ ਲਿਓ।”
ਪਰ ਜਦ ਅਗਲੇ ਦਿਨ ਆਪ ਦੇ ਭਰਾ ਸ. ਲਖਬੀਰ ਸਿੰਘ ਨੇ ਅਜੀਤ ਅਖ਼ਬਾਰ ਪੜ੍ਹੀ ਜਿਸ ਵਿੱਚ ਭਾਈ ਕਸ਼ਮੀਰ ਸਿੰਘ ਸ਼ੀਰਾ ਸਮੇਤ ਪੰਜ ਖਾੜਕੂਆਂ ਦੇ ਮਾਰੇ ਜਾਣ ਦੀ ਪਹਿਲੇ ਪੰਨੇ ਉੱਤੇ ਖ਼ਬਰ ਛਪੀ ਸੀ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਭਾਣਾ ਵਾਪਰ ਗਿਆ ਹੈ। ਪੁਲੀਸ ਨੇ ਮਿਤੀ 30 ਜੂਨ 1993 ਨੂੰ ਕੰਗ ਚੌਂਕੀ ਵਿੱਚੋਂ ਕੱਢ ਕੇ ਭਾਈ ਕਸ਼ਮੀਰ ਸਿੰਘ ਸ਼ੀਰਾ, ਭਾਈ ਤਰਸੇਮ ਸਿੰਘ ਬੱਗਾ, ਭਾਈ ਪ੍ਰਿਤਪਾਲ ਸਿੰਘ, ਭਾਈ ਮਨਜੀਤ ਸਿੰਘ ਤੇ ਇੱਕ ਅਣਪਛਾਤੇ ਸਿੰਘ ਨੂੰ ਭੁੱਲਰ ਵਾਲ਼ੀ ਨਹਿਰ ਦੇ ਬਾਗੜੀਆਂ ਵਾਲ਼ੇ ਪੁਲ਼ ਉੱਤੇ ਪਿੰਡ ਬਾਠ (ਤਰਨ ਤਾਰਨ) ਕੋਲ਼ ਲਿਜਾ ਕੇ ਤੜਕੇ ਚਾਰ ਵਜੇ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।
ਸ਼ਹੀਦੀ ਤੋਂ ਪਹਿਲਾਂ ਜਦ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਪਤਾ ਲਗ ਗਿਆ ਕਿ ਹੁਣ ਪੁਲੀਸ ਨੇ ਸਾਨੂੰ ਛੱਡਣਾ ਨਹੀਂ ਤੇ ਸਵੇਰੇ ਮੁਕਾਬਲਾ ਬਣਾ ਦੇਣਾ ਏਂ ਤਾਂ ਥਾਣੇ ‘ਚ ਹੀ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜੋ ਉਹਨਾਂ ਨੂੰ ਜ਼ੁਬਾਨੀ ਕੰਠ ਸੀ। ਸ. ਸੁਖਬੀਰ ਸਿੰਘ ਬਿੱਟੂ ਦੇ ਦੱਸਣ ਅਨੁਸਾਰ ਜਦੋਂ ਮੁਕਾਬਲੇ ਵਾਲ਼ੀ ਜਗ੍ਹਾ ‘ਤੇ ਲਿਜਾ ਕੇ ਪੁਲੀਸ ਨੇ ਕਿਹਾ ਕਿ “ਮੁੰਡਿਓ! ਜੇ ਭੱਜ ਸਕਦੇ ਓ ਤਾਂ ਭੱਜ ਲਓ!” ਪਰ ਭਾਈ ਕਸ਼ਮੀਰ ਸਿੰਘ ਨੇ ਕਿਹਾ ਕਿ “ਮੈਂ ਭੱਜਣਾ ਨਹੀਂ, ਤੁਸੀਂ ਜੋ ਕਰਨਾ, ਕਰ ਲਓ, ਅਸੀਂ ਤਾਂ ਆਪਣਾ ਸੋਹਿਲਾ ਖੁਦ ਪੜ੍ਹ ਚੁੱਕੇ ਆਂ।”
ਜਦ ਤਿੰਨ ਸਿੰਘ ਕਾਹਲ਼ੀ ਨਾਲ਼ ਭੱਜੇ ਤਾਂ ਪੁਲੀਸ ਨੇ ਪਿੱਛੋਂ ਗੋਲ਼ੀਆਂ ਮਾਰ ਦਿੱਤੀਆਂ। ਤਿੰਨਾਂ ਸਿੰਘਾਂ ਦੀ ਹੋਈ ਸ਼ਹੀਦੀ ਵੇਖ ਕੇ ਭਾਈ ਕਸ਼ਮੀਰ ਸਿੰਘ ਸ਼ੀਰਾ ਅਤੇ ਭਾਈ ਤਰਸੇਮ ਸਿੰਘ ਬੱਗਾ ਬਿਲਕੁਲ ਵੀ ਘਬਰਾਏ ਨਾ, ਭਾਵੇਂ ਕਿ ਉਹ ਪਹਿਲਾਂ ਹੀ ਤਸ਼ੱਦਦ ਨਾਲ਼ ਭੰਨੇ ਹੋਣ ਕਾਰਨ ਬੇਹੱਦ ਜ਼ਖ਼ਮੀ ਹਾਲਤ ਵਿੱਚ ਸਨ ਪਰ ਫਿਰ ਵੀ ਦੋਹਾਂ ਸੂਰਮਿਆਂ ਨੇ ਪੂਰੇ ਜੋਸ਼ ਨਾਲ਼ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਏ ਤੇ ਆਪਣੀਆਂ ਛਾਤੀਆਂ ਤਾਣ ਲਈਆਂ। ਜਿਸ ਉਪਰੰਤ ਬੁੱਚੜ ਪੁਲਸੀਆਂ ਨੇ ਭਾਈ ਕਸ਼ਮੀਰ ਸਿੰਘ ਸ਼ੀਰਾ ਅਤੇ ਭਾਈ ਤਰਸੇਮ ਸਿੰਘ ਬੱਗਾ ਦੀ ਹਿੱਕ ਉੱਤੇ ਗੋਲ਼ੀਆਂ ਦੀ ਵਾਛੜ ਕਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ।
ਇਸ ਤਰ੍ਹਾਂ ਆਪ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਵਾਂਗ ਹੱਸ-ਹੱਸ ਸ਼ਹੀਦੀਆਂ ਪਾ ਕੇ ਸਿੱਖੀ ਦੇ ਆਲੀਸ਼ਾਨ ਮਹਿਲ ਨੂੰ ਹੋਰ ਪੱਕਿਆਂ ਕਰ ਗਏ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਵਿੱਚ ਜਾ ਬਿਰਾਜੇ ਤੇ ਸਿੱਖ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖਿਆ ਦੇ ਗਏ ਕਿ ਜਦ ਧਰਮ ‘ਤੇ ਬਿਪਤਾ ਆਣ ਪਵੇ ਤਾਂ ਧਰਮ ਦੀ ਰਾਖੀ ਹਿੱਤ ਕਿਵੇਂ ਭੈਅ ਮੁਕਤ ਹੋ ਕੇ ਖ਼ਾਲਸਾਈ ਜਜ਼ਬੇ ਸਹਿਤ ਸ਼ਹਾਦਤ ਨੂੰ ਗਲ਼ੇ ਲਾਉਣਾ ਹੈ ਤੇ ਕੌਮ ਨੂੰ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਅਜ਼ਾਦ ਕਰਵਾਉਣਾ ਹੈ।
ਅਖ਼ਬਾਰਾਂ ‘ਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਛਪਵਾਇਆ ਕਿ “ਅੱਜ ਸਵੇਰੇ ਤੜਕਸਾਰ ਪੁਲੀਸ ਜ਼ਿਲ੍ਹਾ ਤਰਨ ਤਾਰਨ (ਅੰਮ੍ਰਿਤਸਰ) ਦੇ ਪਿੰਡ ਬਾਠ ਨੇੜੇ ਪੰਜ ਖਾੜਕੂ ਕਸ਼ਮੀਰ ਸਿੰਘ, ਤਰਸੇਮ ਸਿੰਘ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਤੇ ਇੱਕ ਹੋਰ ਵਿਅਕਤੀ ਮੁਕਾਬਲੇ ਦੌਰਾਨ ਮਾਰੇ ਗਏ ਤੇ ਮੁਕਾਬਲੇ ਵਾਲ਼ੀ ਥਾਂ ਤੋਂ ਇੱਕ 303 ਰਾਈਫ਼ਲ, ਇੱਕ-ਇੱਕ ਨਾਲ਼ੀ ਰਾਈਫ਼ਲ, ਇੱਕ 12 ਬੋਰ ਬੰਦੂਕ, ਦੋ ਹੈਂਡ ਗ੍ਰਨੇਡ ਤੇ ਕੁਝ ਕਾਰਤੂਸ ਬਰਾਮਦ ਹੋਏ ਹਨ।
ਪੁਲੀਸ ਨੇ ਤਰਨ ਤਾਰਨ ਦੇ ਸਿਵਲ ਹਸਪਤਾਲ ‘ਚ ਇਹਨਾਂ ਪੰਜਾਂ ਸਿੰਘਾਂ ਦਾ ਪੋਸਟ ਮਾਰਟਮ ਕਰਵਾਇਆ ਅਤੇ ਸ਼ਹੀਦੀ ਦੇਹਾਂ ਪਰਿਵਾਰਾਂ ਨੂੰ ਸੌਂਪਣ ਦੀ ਬਜਾਏ ਆਪ ਹੀ ਸ਼ਮਸ਼ਾਨ ਘਾਟ ‘ਚ ਭਾਰੀ ਪੁਲੀਸ ਫ਼ੋਰਸ ਤਾਇਨਾਤ ਕਰ ਕੇ ਸਸਕਾਰ ਕਰ ਦਿੱਤਾ ਜਿੱਥੋਂ ਬਾਅਦ ‘ਚ ਪਰਿਵਾਰਾਂ ਨੇ ਪੰਜਾਂ ਸ਼ਹੀਦਾਂ ਦੇ ਇਕੱਠੇ ਫੁੱਲ ਚੁਗ ਕੇ ਇੱਕੋ ਬੋਰੀ ‘ਚ ਪਾ ਲਏ ਤੇ ਸ੍ਰੀ ਗੋਇੰਦਵਾਲ ਸਾਹਿਬ ‘ਚ ਜਾ ਕੇ ਵਹਾਏ। ਹਸਪਤਾਲ ’ਚੋਂ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਭੂਰੇ ਰੰਗ ਦਾ ਕੇਵਲ ਕੁੜਤਾ-ਪਜਾਮਾ ਹੀ ਮਿਲਿਆ ਜੋ ਖ਼ੂਨ ਨਾਲ਼ ਲਥ-ਪਥ ਸੀ। ਫਿਰ ਪਰਿਵਾਰਾਂ ਨੇ ਸਿੱਖ ਕੌਮ ਦੇ ਇਹਨਾਂ ਸ਼ਹੀਦਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਲੇਕਿਨ ਪੁਲੀਸ ਨੇ ਰਿਸ਼ਤੇਦਾਰਾਂ ਅਤੇ ਸੰਗਤਾਂ ਨੂੰ ਅਰਦਾਸ ਸਮਾਗਮ ‘ਚ ਹਾਜ਼ਰ ਨਾ ਹੋਣ ਦਿੱਤਾ। ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ-ਬਾਟੇ ਦਾ ਅੰਮ੍ਰਿਤ ਛਕੀਏ ਤੇ ਕੌਮੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਈਏ, ਗੁਰੂ ਸਾਹਿਬ ਸਹਾਈ ਹੋਣਗੇ।
– ਰਣਜੀਤ ਸਿੰਘ ਦਮਦਮੀ ਟਕਸਾਲ
(ਭਤੀਜਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ)
ਮੋ: 8872293883.
Author: Gurbhej Singh Anandpuri
ਮੁੱਖ ਸੰਪਾਦਕ