ਲੁਧਿਆਣਾ 2 ਜੁਲਾਈ ( ਤਾਜੀਮਨੂਰ ਕੌਰ } ਨੈਸ਼ਨਲ ਹਾਈਵੇ ’ਤੇ ਸਥਿਤ ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ’ਤੇ 15 ਦਿਨਾਂ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ’ਤੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਟੋਲ ਵਸੂਲੀ ਬੰਦ ਕਰ ਦਿੱਤੀ। ਟੋਲ ਪਲਾਜ਼ਾ ’ਤੇ ਕਿਸਾਨ ਸੰਗਠਨਾਂ ਨੇ ਇਕ ਵਿਸ਼ਾਲ ਇਕੱਠ ਕਰਦੇ ਹੋਏ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿਲ, ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨਾਜਾਇਜ਼ ਤੌਰ ’ਤੇ ਚਲਾਇਆ ਜਾ ਰਿਹਾ ਹੈ, ਜਿਸ ਦੇ ਬੰਦ ਹੋਣ ਦੀ ਆਖ਼ਰੀ ਤਾਰੀਖ਼ 10 ਮਈ, 2024 ਸੀ ਪਰ ਟੋਲ ਨੂੰ ਬੰਦ ਕਰਨ ਦੀ ਜਗ੍ਹਾ ਲੋਕਾਂ ਤੋਂ ਧੱਕੇਸ਼ਾਹੀ ਨਾਲ ਟੋਲ ਟੈਕਸ ਵਸੂਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪਿਛਲੇ 15 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਟੋਲ ’ਤੇ ਦਿਨ-ਰਾਤ ਧਰਨਾ ਲਗਾ ਕੇ ਬੈਠੀ ਹੋਈ ਸੀ ਅਤੇ ਬੀਤੇ ਦਿਨ ਟੋਲ ਪਲਾਜ਼ਾ ਨੂੰ ਪੱਕੇ ਤੌਰ ’ਤੇ ਤਾਲੇ ਲਗਾ ਕੇ ਬੰਦ ਕਰਨ ਦਾ ਕੰਮ ਕਿਸਾਨ ਯੂਨੀਅਨ ਨੇ ਕਰਨਾ ਸੀ, ਜਿਸ ਕਾਰਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਟੋਲ ਪਲਾਜ਼ਾ ’ਤੇ ਏ. ਡੀ. ਸੀ. ਅਮਿਤ ਸਰੀਨ, ਐੱਸ. ਡੀ. ਐੱਮ. ਦੀਪਕ ਭਾਟੀਆ, ਏ. ਡੀ. ਸੀ. ਪੀ 3 ਆਈ. ਪੀ. ਐੱਸ. ਸ਼ੁਭਮ ਅਗਰਵਾਲ, ਇੰਚਾਰਜ ਵੀਰ ਇੰਦਰ ਸਿਘ ਬੈਨੀਪਾਲ ਨੂੰ ਭੇਜਿਆ ਗਿਆ। ਜਿੱਥੇ ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਦਾ ਮੰਗ ਪੱਤਰ ਲੈ ਕੇ ਵਿਸਵਾਸ਼ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਨਾਲ ਖ਼ੁਦ ਗੱਲ ਕਰ ਕੇ ਇਨ੍ਹਾਂ ਮੰਗਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਣਗੇ।
ਪ੍ਰਧਾਨ ਗਿੱਲ ਅਤੇ ਕਾਦੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਦ ਤੱਕ ਉਨ੍ਹਾਂ ਦੀ ਬੈਠਕ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਕਰਵਾ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਸਹਿਮਤੀ ਨਹੀਂ ਬਣੇਗੀ ਤਦ ਤੱਕ ਲਾਡੋਵਾਲ ਟੋਲ ਪਲਾਜ਼ਾ ਇਸੇ ਤਰ੍ਹਾਂ ਹੀ ਫਰੀ ਚੱਲਦਾ ਰਹੇਗਾ। ਟੋਲ ਪਲਾਜ਼ਾ ’ਤੇ ਕਿਸੇ ਵੀ ਵਾਹਨ ਚਾਲਕ ਤੋਂ ਕੋਈ ਟੈਕਸ ਨਹੀਂ ਵਸੂਲ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਟੋਲ ਪਲਾਜ਼ਾ ਤੋਂ ਆਪਣਾ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ। ਲਾਡੋਵਾਲ ਟੋਲ ਪਲਾਜਾ ’ਤੇ ਕਿਸਾਨ ਸੰਗਠਨਾਂ ਨੇ ਸਾਰੇ ਬੂਥਾਂ ਨੂੰ ਤਿਰਪਾਲਾਂ ਲਗਾ ਕੇ ਬੰਦ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ’ਤੇ ਸਹਿਮਤੀ ਨਹੀਂ ਹੋ ਜਾਂਦੀ, ਤਦ ਇਹ ਬੂਥ ਬੰਦ ਹਮੇਸ਼ਾ ਲਈ ਬੰਦ ਰਹਿਣਗੇ।
ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕਿਸੇ ਵੀ ਵਾਹਨ ਚਾਲਕ ਦਾ ਇਕ ਪੈਸਾ ਵੀ ਟੋਲ ਤੋਂ ਨਿਕਲਦੇ ਸਮੇਂ ਕਟ ਗਿਆ ਤਾਂ ਇਹ ਅਗਲੇ ਦਿਨ ਹੀ ਟੋਲ ਪਲਾਜ਼ਾ ’ਤੇ ਆਪਣਾ ਧਰਨਾ ਫਿਰ ਤੋਂ ਲਗਾ ਦੇਣਗੇ। ਲਾਡੋਵਾਲ ਟੋਲ ਪਲਾਜ਼ਾ ’ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਧਰਨੇ ਨੂੰ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਖੋਸਾ, ਟਰੱਕ ਯੂਨੀਅਨ ਪੰਜਾਬ ਟੈਕਸੀ ਯੂਨੀਅਨ, ਪੰਜਾਬੀ ਟਰੱਕ ਯੂਨੀਅਨ ਪੰਜਾਬ ਟੇਕਸੀ ਯੂਨੀਅਨ ਅਤੇ ਟੈਂਪੂ ਯੂਨੀਅਨ ਅਤੇ ਕਈ ਧਾਰਮਿਕ ਸੰਸਥਾਵਾਂ ਨੇ ਖੁੱਲ੍ਹ ਕੇ ਸਮਰਥਨ ਦਿੱਤਾ।
Author: Gurbhej Singh Anandpuri
ਮੁੱਖ ਸੰਪਾਦਕ