ਫ਼ਾਜ਼ਿਲਕਾ 2 ਜੁਲਾਈ ( ਨਜ਼ਰਾਨਾ ਨਿਊਜ ਨੈੱਟਵਰਕ ) ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਦੀ ਸਾਦਕੀ ਚੌਕੀ ਤੇ ਪਾਕਿਸਤਾਨ ਵੱਲੋਂ ਹੋ ਰਹੀ ਘੁਸਪੈਠ ਨੂੰ ਰੋਕਦਿਆਂ ਬੀ.ਐੱਸ.ਐਫ. ਜਵਾਨਾਂ ਵੱਲੋਂ ਇੱਕ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ ਗਿਆ | ਇਸ ਦੌਰਾਨ ਬੀ.ਐੱਸ.ਐਫ. ਜਵਾਨਾਂ ਵੱਲੋਂ ਕਈ ਰਾਉਂਡ ਫਾਇਰ ਕੀਤੇ ਗਏ | ਘੁਸਪੈਠ ਦੀ ਕੋਸ਼ਿਸ਼ ਪਾਕਿਸਤਾਨ ਚੌਂਕੀ ਦੇ ਨੇੜਿਓ ਹੋਈ | ਜਿਸ ਨੂੰ ਬੀ.ਐੱਸ.ਐਫ. ਦੇ ਚੌਕਸ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਾਰ ਹੀ ਭਾਰਤ ਦੇ ਵਿਚ ਦਾਖ਼ਲ ਹੋਏ ਘੁਸਪੈਠੀਏ ਨੂੰ ਮਾਰ ਮੁਕਾਇਆ | ਬੀ.ਐੱਸ.ਐਫ. ਵੱਲੋਂ ਘੁਸਪੈਠੀਏ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਘਟਨਾ ਤੋਂ ਬਾਅਦ ਬੀ.ਐੱਸ.ਐਫ਼ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦ ਤੇ ਤਲਾਸ਼ੀ ਮੁਹਿੰਮ ਨੂੰ ਛੇੜਿਆ ਗਿਆ |
ਘੁਸਪੈਠੀਏ ਦੇ ਕੋਲੋਂ 1 ਪਰਸ, ਸਿਗਰਟਾਂ,ਲਾਈਟਰ, ਹੈਡਫੋਨ, ਸੁਪਾਰੀ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ | ਉਸ ਕੋਲੋਂ ਮਿਲੇ ਪਰਸ ਉੱਪਰ ਉਰਦੂ ਭਾਸ਼ਾ ਵਿਚ ਕੁੱਝ ਲਿਖਿਆ ਹੋਇਆ ਹੈ ਅਤੇ ਨਾਲ ਹੀ ਨੰਬਰ ਲਿਖੇ ਹੋਏ ਹਨ |
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਸਾਦਕੀ ਬਾਰਡਰ ਤੇ ਇਹ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ | ਜਿਸ ਨੂੰ ਬੀ.ਐੱਸ.ਐਫ. ਦੀ 55 ਬਟਾਲੀਅਨ ਦੇ ਜਵਾਨਾਂ ਨੇ ਨਾਕਾਮਯਾਬ ਕਰ ਦਿੱਤਾ | ਰਾਤ ਨੂੰ ਰੁੱਕ-ਰੱੁਕ ਕੇ 27 ਰਾਉਂਡ ਫਾਇਰ ਬੀ.ਐੱਸ.ਐਫ. ਜਵਾਨਾਂ ਵੱਲੋਂ ਕੀਤੇ ਗਏ | ਸਵੇਰੇ ਜਦੋਂ ਕੰਡਿਆਲੀ ਤਾਰ ਦੇ ਪਾਰ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਪਾਕਿ ਘੁਸਪੈਠੀਏ ਦੀ ਲਾਸ਼ ਬਰਾਮਦ ਹੋਈ | ਜਿਸ ਨੂੰ ਬੀ.ਐੱਸ.ਐਫ.ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਅਤੇ ਇਸ ਨੂੰ ਲੈ ਕੇ ਪਾਕਿਸਤਾਨ ਨਾਲ ਫਲੈਗ ਮੀਟਿੰਗ ਕੀਤੀ ਗਈ | ਜਿਸ ਵਿਚ ਬੀ.ਐੱਸ.ਐਫ.ਦੇ ਅਧਿਕਾਰੀਆਂ ਨੇ ਇਸ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ, ਪਰ ਪਾਕਿਸਤਾਨ ਨੇ ਮਾਰ ਗਏ ਘੁਸਪੈਠੀਏ ਨੂੰ ਆਪਣਾ ਨਾਗਰਿਕ ਨਹੀਂ ਮੰਨਿਆ, ਅਤੇ ਉਸ ਦੀ ਲਾਸ਼ ਨੂੰ ਲੈਣ ਤੋਂ ਮਨਾ ਕਰ ਦਿੱਤਾ |ਘਟਨਾ ਤੋਂ ਬਾਅਦ ਅੱਜ ਅਬੋਹਰ ਸੈਕਟਰ ਦੇ ਡੀ.ਆਈ.ਜੀ ਵਿਜੇ ਕੁਮਾਰ ਅਤੇ ਕਮਾਂਡਰ ਕੇ.ਐਨ.ਤਿ੍ਪਾਠੀ ਨੇ ਘਟਨਾ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਜਵਾਨਾਂ ਤੋਂ ਜਾਣਕਾਰੀ ਹਾਸਿਲ ਕੀਤੀ |
ਡੀ.ਆਈ.ਜੀ ਵਿਜੇ ਕੁਮਾਰ ਨੇ ਦੱਸਿਆ ਕਿ ਬੀ.ਐੱਸ.ਐਫ. ਦੀ 55 ਬਟਾਲੀਅਨ ਦੇ ਜਵਾਨਾਂ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਇਸ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ | ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਅੰਦਰ ਹਲਾਤ ਖ਼ਰਾਬ ਰਹਿੰਦੇ ਹਨ | ਭਾਰਤ ਵਿਚ ਘੁਸਪੈਠ ਦੀ ਫਰਾਕ ਵਿਚ ਘੁਸਪੈਠੀਏ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਜ਼ਰੀਏ ਭਾਰਤ ਵਿਚ ਦਾਖ਼ਲ ਹੋਣ ਦੇ ਲਈ ਰੂਟ ਦੀ ਤਲਾਸ਼ ਕੀਤੀ ਜਾ ਰਹੀ ਹੋਵੇ | ਉਨ੍ਹਾਂ ਕਿਹਾ ਕਿ ਬੀ.ਐੱਸ.ਐਫ਼ ਦੇ ਜਵਾਨਾਂ ਨੇ ਘੁਸਪੈਠ ਕਰਨ ਵਾਲੇ ਨੌਜਵਾਨ ਨੂੰ ਚੇਤਾਵਨੀ ਦਿੱਤੀ ਪਰ ਉਹ ਵਾਪਸ ਨਹੀਂ ਪਰਤਿਆ | ਜਿਸ ਤੋਂ ਬਾਅਦ ਬੀ.ਐੱਸ.ਐਫ਼ ਜਵਾਨਾਂ ਵੱਲੋਂ ਗੋਲੀਬਾਰੀ ਕਰ ਉਸ ਨੂੰ ਹਲਾਕ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਘੁਸਪੈਠੀਏ ਦੀ ਲਾਸ਼ ਨੂੰ ਲੈਂਦਾ ਹੈ ਤਾਂ ਉਸ ਨੂੰ ਵਾਪਸ ਕਰ ਦਿੱਤਾ ਜਾਵੇਗਾ, ਨਹੀਂ ਤਾਂ ਪੰਜਾਬ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ |
ਦੱਸ ਦੇਈਏ ਕਿ ਪੰਜਾਬ ਦੇ ਅੰਦਰ ਪਠਾਨਕੋਟ, ਗੁਰਦਾਸਪੁਰ ‘ਚ ਕੁੱਝ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਾ ਚੁੱਕਿਆ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੀ.ਐੱਸ.ਐਫ. ਹਾਈ ਅਲਰਟ ਤੇ ਹੈ ਅਤੇ ਹੁਣ ਫ਼ਾਜ਼ਿਲਕਾ ਸਰਹੱਦ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਬੀ.ਐੱਸ.ਐਫ ਨੇ ਨਾਕਾਮਯਾਬ ਕੀਤਾ ਹੈ | ਇਸ ਮਾਮਲੇ ਅੰਦਰ ਖੂਫੀਆਂ ਏਜੰਸੀਆਂ ਦੇ ਨਾਲ-ਨਾਲ ਬੀ.ਐੱਸ.ਐਫ਼, ਪੰਜਾਬ ਪੁਲਿਸ ਚੌਕਸ ਹੋ ਗਈ ਹੈ |
Author: Gurbhej Singh Anandpuri
ਮੁੱਖ ਸੰਪਾਦਕ