– ਰੋਸ ਵਜੋਂ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਕੀਤੀਆਂ ਬੰਦ
ਚੋਹਲਾ ਸਾਹਿਬ/ਤਰਨਤਾਰਨ,2 ਜੁਲਾਈ ( ਡਾਕਟਰ ਜਗਜੀਤ ਸਿੰਘ ਬੱਬੂ ) ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਮੰਗਲਵਾਰ ਨੂੰ ਇੱਕ ਦੁਕਾਨਦਾਰ ਜਿਸ ਕੋਲੋਂ ਕੁਝ ਦਿਨ ਪਹਿਲਾਂ ਹੀ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ,ਨੂੰ ਦਿਨ-ਦਿਹਾੜੇ ਸ਼ਰੇਆਮ ਭਰੇ ਬਜ਼ਾਰ ਵਿੱਚ ਇੱਕ ਅਣਪਛਾਤੇ ਨੌਜਵਾਨ ਵਲੋਂ ਗੋਲੀਆਂ ਮਾਰੀਆਂ ਗਈਆਂ ਜਿਸ ਨਾਲ ਦੁਕਾਨਦਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।ਦਿਨ-ਦਿਹਾੜੇ ਵਾਪਰੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਇਸ ਘਟਨਾ ਤੋਂ ਬਾਅਦ ਕਸਬਾ ਚੋਹਲਾ ਸਾਹਿਬ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਜਾਣਕਾਰੀ ਅਨੁਸਾਰ ਕਸਬਾ ਚੋਹਲਾ ਸਾਹਿਬ ਦੇ ਮੇਨ ਚੌਕ ਵਿੱਚ ਸਥਿਤ ਪ੍ਰੀਤ ਟੈਲੀਕਾਮ ਦੇ ਮਾਲਕ ਗੁਰਜਿੰਦਰ ਸਿੰਘ ਜਿਸ ਕੋਲੋਂ ਕਰੀਬ 15 ਦਿਨ ਪਹਿਲਾਂ ਵਟਸਐਪ ਕਾਲ ਰਾਹੀਂ ਨਾਮੀ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਨਾਮ ‘ਤੇ 10 ਲੱਖ ਫਿਰੌਤੀ ਦੀ ਮੰਗ ਕੀਤੀ ਗਈ ਸੀ ਤੇ ਉਕਤ ਦੁਕਾਨਦਾਰ ਉਸ ਵਲੋਂ ਇਸ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਸੂਚਿਤ ਵੀ ਕੀਤਾ ਗਿਆ ਸੀ।ਅੱਜ ਜਦੋਂ ਗੁਰਜਿੰਦਰ ਸਿੰਘ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਇੱਕ ਅਣਪਛਾਤਾ ਨੌਜਵਾਨ ਦੁਕਾਨ ਅੰਦਰ ਦਾਖਲ ਹੋਇਆ ਜਿਸਦਾ ਦੂਸਰਾ ਸਾਥੀ ਜ਼ੋ ਕਿ ਮੋਟਰਸਾਈਕਲ ‘ਤੇ ਸਵਾਰ ਸੀ ਬਾਹਰ ਖੜਾ ਰਿਹਾ।
ਜਦੋਂ ਦੁਕਾਨਦਾਰ ਗੁਰਜਿੰਦਰ ਸਿੰਘ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਦੁਕਾਨ ਅੰਦਰ ਦਾਖਲ ਅਣਪਛਾਤਾ ਨੌਜਵਾਨ ਵੀ ਉਸਦੇ ਪਿੱਛੇ ਹੀ ਬਾਹਰ ਆ ਗਿਆ ਅਤੇ ਆਪਣੇ ਹੱਥ ਵਿੱਚ ਫੜੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਜ਼ੋ ਗੁਰਜਿੰਦਰ ਸਿੰਘ ਦੀ ਲੱਤ ਅਤੇ ਪੇਟ ਵਿੱਚ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਗੋਲੀਆਂ ਚੱਲਣ ਨਾਲ ਕੋਲ਼ੋਂ ਲੰਘ ਰਿਹਾ ਇੱਕ ਹੋਰ ਦੁਕਾਨਦਾਰ ਸਤਨਾਮ ਸਿੰਘ ਵੀ ਜ਼ਖ਼ਮੀ ਹੋ ਗਿਆ।ਜਿਸਦੇ ਪੈਰ ਵਿੱਚ ਗੋਲੀ ਵੱਜੀ ਹੈ।ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਅਣਪਛਾਤਾ ਨੌਜਵਾਨ ਆਪਣੇ ਦੂਸਰੇ ਮੋਟਰਸਾਈਕਲ ਸਵਾਰ ਸਾਥੀ ਨਾਲ ਫਰਾਰ ਹੋ ਗਿਆ।
ਉਕਤ ਸਾਰੀ ਘਟਨਾ ਦੁਕਾਨ ਅੰਦਰ ਅਤੇ ਬਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।ਇਸ ਘਟਨਾ ਤੋਂ ਬਾਅਦ ਕਸਬਾ ਚੋਹਲਾ ਸਾਹਿਬ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਹਮਲਾਵਰਾਂ ਨੂੰ ਫੜਨ ਦੀ ਮੰਗ ਕੀਤੀ ਗਈ।ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਵੀ ਮੌਕਾ ਦੇਖਣ ਲਈ ਪੁੱਜੇ।ਜਿੰਨ੍ਹਾਂ ਵਲੋਂ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਨੌਜਵਾਨਾਂ ਦਾ ਜਲਦ ਪਤਾ ਲਗਾ ਲਿਆ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ