ਅੰਮ੍ਰਿਤਸਰ, 15 ਜੁਲਾਈ ( ਤਾਜੀਮਨੂਰ ਕੌਰ ) ਪਿਛਲੇ ਦਿਨੀਂ ਦਲ ਖਾਲਸਾ ਦੇ ਬਾਨੀ, ਸਾਬਕਾ ਪ੍ਰਧਾਨ ਅਤੇ ਜਲਾਵਤਨੀ ਸਿੱਖ ਯੋਧੇ ਭਾਈ ਗਜਿੰਦਰ ਸਿੰਘ ਹਾਈਜੈਕਰ ਜੋ ਪਾਕਿਸਤਾਨ ਦੇ ਲਾਹੌਰ ਵਿੱਚ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਹੋਇਆ। ਇਸ ਸਮਾਗਮ ਵਿੱਚ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਭਾਈ ਗਜਿੰਦਰ ਸਿੰਘ ਹਾਈਜੈਕਰ ਦੀ ਪੰਥਕ ਘਾਲਣਾ, ਜੁਝਾਰੂ ਜਜ਼ਬੇ, ਸਿੱਖੀ ਸਿਦਕ ਅਤੇ ਸੰਘਰਸ਼ ਨੂੰ ਪ੍ਰਣਾਮ ਕੀਤਾ। ਉਹਨਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਨੇ ਆਪਣਾ ਹਰ ਸਾਹ ਕੌਮ ਦੀ ਆਜ਼ਾਦੀ ਦੇ ਲੇਖੇ ਲਾਇਆ, ਉਹਨਾਂ ਦਾ ਸਮੁੱਚਾ ਜੀਵਨ ਸਿੱਖ ਕੌਮ ਲਈ ਪ੍ਰੇਰਨਾ ਸਰੋਤ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਭਾਈ ਗਜਿੰਦਰ ਸਿੰਘ ਹਾਈਜੈਕਰ ਨੇ ਆਪਣੀਆਂ ਲਿਖਤਾਂ ਵਿੱਚ ਮੈਨੂੰ ਆਪਣਾ ਪੁੱਤਰ ਕਹਿ ਕੇ ਸੰਬੋਧਨ ਕੀਤਾ ਅਤੇ ਮੇਰੀ ਪਹਿਲੀ ਕਿਤਾਬ ਤਵਾਰੀਖ ਸ਼ਹੀਦ ਏ ਖਾਲਿਸਤਾਨ ਲਈ ਉਹਨਾਂ ਸੰਦੇਸ਼ ਵੀ ਲਿਖ ਕੇ ਭੇਜਿਆ ਸੀ ਅਤੇ ਉਹਨਾਂ ਇਹ ਵੀ ਕਿਹਾ ਸੀ ਕਿ ਰਣਜੀਤ ਸਿੰਘ ਮੈਨੂੰ ਆਪਣੀ ਕਿਤਾਬ ਜਰੂਰ ਦੇ ਕੇ ਜਾਵੀ, ਮੈਂ ਕਿਹੜਾ ਤੇਰੇ ਤੋਂ ਬਹੁਤੀ ਦੂਰ ਹਾਂ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦਲ ਖਾਲਸਾ ਦੇ ਸੀਨੀਅਰ ਆਗੂ ਭਾਈ ਕੰਵਰਪਾਲ ਸਿੰਘ, ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਗਜਿੰਦਰ ਸਿੰਘ ਦੇ ਭਰਾ ਸ. ਦਰਸ਼ਨ ਸਿੰਘ ਤੇ ਭਾਬੀ ਨਾਲ ਵੀ ਭਾਈ ਗਜਿੰਦਰ ਸਿੰਘ ਹਾਈਜੈਕਰ ਦੇ ਚੜ੍ਹਾਈ ਕਰ ਜਾਣ ਤੇ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਦੇ ਮਹਾਨ ਜੀਵਨ ਤੇ ਸੰਘਰਸ਼ੀ ਸੇਵਾਵਾਂ ਪ੍ਰਤੀ ਵਿਚਾਰ ਸਾਂਝੇ ਕੀਤੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਨੇ ਆਪਣੇ ਪੰਜ ਸਾਥੀਆਂ ਸਮੇਤ 29 ਸਤੰਬਰ 1981 ਨੂੰ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਿਹਾਈ ਲਈ ਭਾਰਤੀ ਹਵਾਈ ਜਹਾਜ ਅਗਵਾ ਕੀਤਾ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ। ਉਹਨਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਦਾ ਇਹ ਵਿਲੱਖਣ ਕਾਰਨਾਮਾ ਸੀ ਤੇ ਇਹ ਜੁਝਾਰੂ ਸੰਘਰਸ਼ ਦਾ ਸਭ ਤੋਂ ਪਹਿਲਾ ਵੱਡਾ ਐਕਸ਼ਨ ਸੀ। ਉਹਨਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਦੀਆਂ ਕਵਿਤਾਵਾਂ ਅਤੇ ਲੇਖ ਵੀ ਸਿੱਖ ਨੌਜਵਾਨਾਂ ਨੂੰ ਟੁੰਬਦੇ ਹਨ ਅਤੇ ਕੌਮ ਨੂੰ ਹਲੂਣਾ ਤੇ ਸੇਧ ਦਿੰਦੇ ਹਨ। ਉਹਨਾਂ ਕਿਹਾ ਕਿ ਜਹਾਜ ਅਗਵਾ ਕਰਨ ਤੋਂ ਬਾਅਦ ਭਾਈ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ 14 ਸਾਲ ਜੇਲ੍ਹ ਕੱਟੀ ਅਤੇ ਇਸ ਤੋਂ ਬਾਅਦ 29 ਸਾਲ ਜਲਾਵਤਨੀ ਭੋਗੀ। ਉਹਨਾਂ ਨੇ ਭਾਰਤ ਸਰਕਾਰ ਅੱਗੇ ਗੋਡੇ ਨਹੀਂ ਟੇਕੇ ਤੇ ਉਹਨਾਂ ਨੇ ਇੱਕ ਬਾਗੀ ਜੁਝਾਰੂ ਵਾਲਾ ਜੀਵਨ ਬਤੀਤ ਕੀਤਾ। ਭਾਈ ਗਜਿੰਦਰ ਸਿੰਘ ਨੇ 1971 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੈਲੀ ਵਿੱਚ ਸਿੱਖ ਹੋਮਲੈਂਡ ਦੇ ਪਰਚੇ ਵੀ ਸੁੱਟੇ ਸਨ। 1975 ਦੀ ਐਮਰਜੈਂਸੀ ਦੌਰਾਨ ਉਹਨਾਂ ਨੂੰ ਆਪਣੀ ਨੌਕਰੀ ਵੀ ਗਵਾਉਣੀ ਪਈ। ਉਹਨਾਂ ਦੀ ਲਿਖਤ ਪੰਜ ਤੀਰ ਹੋਰ ਉੱਤੇ ਵੀ ਸਰਕਾਰ ਨੇ ਪਾਬੰਦੀ ਲਾਈ ਹੋਈ ਸੀ, ਭਾਰਤ ਸਰਕਾਰ ਨੇ ਉਹਨਾਂ ਨੂੰ ਲੋੜੀਂਦੇ ਵਿਅਕਤੀਆਂ ਦੀ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਹਾਈਜੈਕਰ ਹਮੇਸ਼ਾਂ ਸਾਡੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਉਹਨਾਂ ਦੀ ਤਸਵੀਰ ਛੇਤੀ ਹੀ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਵਿੱਚ ਸੁਸ਼ੋਬਿਤ ਕੀਤੀ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ