ਅੰਮ੍ਰਿਤਸਰ, 17 ਜੁਲਾਈ ( ਤਾਜੀਮਨੂਰ ਕੌਰ ) ਪਿਛਲੇ ਦਿਨੀਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਭਾਈ ਹਰਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸਰੀਰਕ ਵਿਛੋੜੇ ‘ਤੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦਾਸ ਨੂੰ ਭਾਈ ਹਰਜੀਤ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ, ਉਹਨਾਂ ਨੇ ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਸੰਘਰਸ਼ ਸੰਬੰਧੀ ਅਨੇਕਾਂ ਬਚਨ ਸਾਡੇ ਨਾਲ ਸਾਂਝੇ ਕੀਤੇ ਸਨ ਤੇ ਰੋਡੇ ਪਿੰਡ ਦੇ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਵੀ ਦੱਸਿਆ ਸੀ। ਜਿਸ ਸਮੇਂ ਅਸੀਂ ਰੋਡੇ ਪਿੰਡ ਗਏ ਸਾਂ ਤਾਂ ਉਸ ਸਮੇਂ ਸੰਤ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਕਾਫ਼ੀ ਬਿਮਾਰ ਸਨ, ਉਹਨਾਂ ਦੇ ਨਾਲ ਸਾਨੂੰ ਭਾਈ ਹਰਜੀਤ ਸਿੰਘ ਨੇ ਹੀ ਮਿਲਾਇਆ ਸੀ, ਉਸ ਦਿਨ ਭਾਈ ਹਰਜੀਤ ਸਿੰਘ ਆਪ ਤਾਂ ਕਾਫ਼ੀ ਤੰਦਰੁਸਤ ਸਨ। ਪਰ ਇਹ ਵਾਹਿਗੁਰੂ ਦਾ ਭਾਣਾ ਹੀ ਹੈ ਕਿ ਉਹ ਅਚਾਨਕ ਆਪ ਚੜ੍ਹਾਈ ਕਰ ਗਏ। ਅਰਦਾਸ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਤੇ ਦੇਣ ਹੈ। ਸੰਤ ਭਿੰਡਰਾਂਵਾਲਿਆਂ ਨੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਇਆ, ਪੰਥ ਅਤੇ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਲਾਇਆ ਅਤੇ ਜੂਨ 1984 ਵਿੱਚ ਹਿੰਦ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਸਮੇਂ ਸੰਤ ਜਰਨੈਲ ਸਿੰਘ ਨੇ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਰੋਡੇ ਨੇ ਬਿਖੜੇ ਹਾਲਾਤਾਂ ਵਿੱਚ ਸੰਯੁਕਤ ਅਕਾਲੀ ਦਲ ਦੀ ਪ੍ਰਧਾਨਗੀ ਕੀਤੀ ਅਤੇ ਘੱਲੂਘਾਰੇ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਭਰਾ ਭਾਈ ਜਗੀਰ ਸਿੰਘ ਅਤੇ ਭਤੀਜੇ ਭਾਈ ਸਵਰਨ ਸਿੰਘ ਰੋਡੇ ਵੀ ਸ਼ਹੀਦੀ ਦਾ ਜਾਮ ਪੀ ਗਏ ਸਨ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਭਾਈ ਹਰਜੀਤ ਸਿੰਘ ਦੇ ਚੜ੍ਹਾਈ ਕਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ