58 Views
ਸ. ਮਾਨ ਬਿਰਧ ਅਵਸਥਾ ‘ਚ ਵੀ ਕੌਮੀ ਫ਼ਰਜ਼ ਬਾਖ਼ੂਬੀ ਨਿਭਾ ਰਹੇ ਨੇ
ਅੰਮ੍ਰਿਤਸਰ, 17 ਜੁਲਾਈ ( ਤਾਜੀਮਨੂਰ ਕੌਰ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸਲ ਅਕਾਲੀ ਦਲ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਹੈ ਜਿਸ ਨੇ ਹਮੇਸ਼ਾਂ ਪੰਥਕ ਹਿੱਤਾਂ ਦੀ ਪਹਿਰੇਦਾਰੀ ਤੇ ਕੌਮੀ ਅਜ਼ਾਦੀ ਦੇ ਸੰਘਰਸ਼ ਨੂੰ ਬੁਲੰਦ ਕੀਤਾ ਹੈ। ਦੂਜੇ ਪਾਸੇ ਬਾਦਲਕਿਆਂ ਨੇ ਦਿੱਲੀ ਅਤੇ ਨਾਗਪੁਰ ਦੇ ਪਿਆਦੇ ਬਣ ਕੇ ਹਮੇਸ਼ਾਂ ਪੰਥ ਅਤੇ ਪੰਜਾਬ ਨੂੰ ਕੁੱਟਿਆ ਤੇ ਲੁੱਟਿਆ ਹੈ। ਸਿੱਖਾਂ ਅਤੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਜ਼ਬੂਤ ਕਰਨ ਜਿਸ ਨੇ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦਾ ਭਵਿੱਖ ਸ਼ਿੰਗਾਰਨਾ ਤੇ ਸੰਵਾਰਨਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਦੇ ਪਹਿਰੇਦਾਰ ਹਨ ਅਤੇ ਸ਼ਹੀਦਾਂ-ਯੋਧਿਆਂ ਦੇ ਵਾਰਸ ਹਨ। ਇਸ ਕੌਮੀ ਜਰਨੈਲ ਨੂੰ ਮਿਲ ਕੇ ਬੜੀ ਖ਼ੁਸ਼ੀ, ਖੇੜਾ ਤੇ ਸਕੂਨ ਪ੍ਰਾਪਤ ਹੁੰਦਾ ਹੈ। ਸਿੱਖ ਕੌਮ ਨੂੰ ਅਪੀਲ ਹੈ ਕਿ ਜਿਉਂਦੇ-ਜੀਅ ਇਸ ਜਰਨੈਲ ਦੀ ਕਦਰ ਕਰੋ, ਸੰਸਾਰ ਤੋਂ ਤੁਰ ਜਾਣ ਮਗਰੋਂ ਤਾਂ ਸਭ ਨੇ ਸੋਹਿਲੇ ਗਾਉਣੇ ਹਨ। ਅਸੀਂ ਸ. ਸਿਮਰਨਜੀਤ ਸਿੰਘ ਮਾਨ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਸਾਨੂੰ ਅਜਿਹੇ ਜਰਨੈਲਾਂ ਦੀ ਬੇਹੱਦ ਲੋੜ ਹੈ ਜੋ ਸਰਕਾਰਾਂ ਅੱਗੇ ਝੁਕਦੇ, ਲਿਫਦੇ, ਵਿਕਦੇ, ਡਰਦੇ, ਅੱਕਦੇ ਤੇ ਥੱਕਦੇ ਨਹੀਂ ਅਤੇ ਆਪਣੀ ਕੌਮ ਦੇ ਹੱਕਾਂ ਤੇ ਆਜ਼ਾਦੀ ਲਈ ਡਟੇ ਰਹਿੰਦੇ ਹਨ। ਸ. ਸਿਮਰਨਜੀਤ ਸਿੰਘ ਮਾਨ ਬਿਰਧ ਅਵਸਥਾ ਵਿੱਚ ਵੀ ਆਪਣਾ ਕੌਮੀ ਫ਼ਰਜ਼ ਨਿਭਾ ਰਹੇ ਹਨ, ਇਹ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਉਹਨਾਂ ਉੱਤੇ ਬਖ਼ਸ਼ਿਸ਼ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਯੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਕਿਹਾ ਕਰਦਾ ਸੀ ਕਿ ਸਾਨੂੰ ਆਪਣੇ ਜਰਨੈਲਾਂ ਅਤੇ ਦੁਸ਼ਮਣਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਦੀਪ ਸਿੱਧੂ ਨੇ ਵੀ ਖੁਦ ਆਪਣੀ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਹਿਚਾਣ ਕਰ ਲਈ ਸੀ ਤੇ ਉਹਨਾਂ ਲਈ ਅਮਰਗੜ੍ਹ ਹਲਕੇ ਵਿੱਚ ਖੁੱਲ੍ਹ ਕੇ ਚੋਣ ਪ੍ਰਚਾਰ ਕੀਤਾ ਸੀ। ਉਹਨਾਂ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨੀ ਸੰਘਰਸ਼ ਜਾਰੀ ਰੱਖਿਆ ਅਤੇ ਖਾਲਿਸਤਾਨ ਸ਼ਬਦ ਨੂੰ ਡਟ ਕੇ ਪ੍ਰਚਾਰਿਆ। ਉਹਨਾਂ ਦੀ ਇਸ ਦੇਣ ਨੂੰ ਖਾਲਸਾ ਪੰਥ ਹਮੇਸ਼ਾਂ ਯਾਦ ਰੱਖੇਗਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਿਆਰ ਨਾਲ ਨਿਹੰਗ ਕਿਹਾ ਕਰਦੇ ਸਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖ ਨੌਜਵਾਨੀ ਦੇ ਝੂਠੇ ਪੁਲੀਸ ਮੁਕਾਬਲੇ ਬਣਾਏ। ਬਾਦਲਾਂ ਨੇ ਵੀ ਹਮੇਸ਼ਾ ਪੰਥ ਤੇ ਪੰਜਾਬ ਨਾਲ ਗ਼ੱਦਾਰੀ ਕੀਤੀ, ਇਹਨਾਂ ਦੇ ਰਾਜ ‘ਚ ਬਰਗਾੜੀ ਤੇ ਬਹਿਬਲ ਕਾਂਡ ਵਾਪਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਸਿਰਸੇ ਵਾਲੇ ਨਾਲ ਯਾਰੀ ਨਿਭਾਈ। ਭਾਜਪਾ ਨੇ ਹਮੇਸ਼ਾਂ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ, ਸਿੱਖੀ ਦਾ ਹਿੰਦੂਕਰਨ ਕਰਨ ‘ਚ ਕੋਈ ਕਸਰ ਬਾਕੀ ਨਾ ਛੱਡੀ ਤੇ ਅੱਜ ਵੀ ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਕਰਵਾ ਚੁੱਕੀ ਹੈ। ਆਮ ਆਦਮੀ ਪਾਰਟੀ ਸਿਰਫਿਰਿਆਂ ਦੀ ਪਾਰਟੀ ਹੈ ਜੋ ਦਿੱਲੀ ਤੋਂ ਚੱਲਦੀ ਹੈ, ਇਹਨਾਂ ਨੇ ਸਿੱਖ ਨੌਜਵਾਨਾਂ ਤੇ ਐਨ.ਐਸ.ਏ. ਲਗਾ ਕੇ ਜੁਲਮੀ ਵਤੀਰਾ ਕੀਤਾ ਹੈ। ਦੂਜੇ ਪਾਸੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਬਿਖੜੇ ਹਲਾਤਾਂ ਵਿੱਚ ਵੀ ਖਾਲਸਾਈ ਵਿਚਾਰਧਾਰਾ ਅਤੇ ਖਾਲਿਸਤਾਨ ਦਾ ਝੰਡਾ ਉੱਚਾ ਚੁੱਕ ਕੇ ਰੱਖਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ