ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ, ਉਹ ਅੱਜ ਸਾਨੂੰ ਸਰੀਰਕ ਵਿਛੋੜਾ ਦੇ ਗਏ ਹਨ। ਉਹ ਕਲਮ ਦੇ ਧਨੀ, ਬੇਬਾਕ ਬੁਲਾਰੇ ਤੇ ਨਿਡਰ ਯੋਧੇ ਸਨ। ਉਹਨਾਂ ਦੇ ਤੁਰ ਜਾਣ ਕਾਰਨ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਦੀ ਹਰ ਲਿਖਤ ਕੌਮ ਨੂੰ ਸੇਧ ਅਤੇ ਹਲੂਣਾ ਦਿੰਦੀ ਸੀ ਅਤੇ ਪੰਥ ਵਿਰੋਧੀਆਂ ਦੇ ਸੀਨੇ ਵਿੱਚ ਖੰਜਰ ਵਾਂਗ ਖੁੱਭਦੀ ਸੀ।
ਉਹਨਾਂ ਨੇ ਬਿਖੜੇ ਹਲਾਤਾਂ ਵਿੱਚ ਵੀ ਪਹਿਰੇਦਾਰ ਅਖ਼ਬਾਰ ਨੂੰ ਚੱਲਦਾ ਰੱਖਣ ਲਈ ਹਰ ਮੁਸੀਬਤ ਦਾ ਟਾਕਰਾ ਕੀਤਾ, ਆਰਥਿਕ ਦੁਸ਼ਵਾਰੀਆਂ ਝੱਲੀਆਂ। ਉਹਨਾਂ ਨੇ ਹਕੂਮਤੀ ਕਹਿਰ ਅੱਗੇ ਵੀ ਗੋਡੇ ਨਹੀਂ ਸਨ ਟੇਕੇ। ਉਹ ਝੁਕੇ, ਲਿਫੇ ਤੇ ਵਿਕੇ ਨਹੀਂ, ਉਹਨਾਂ ਦੀ ਕਲਮ ਅਤੇ ਅਖ਼ਬਾਰ ਨਿਰਭੈ ਹੋ ਕੇ ਚੱਲਦੀ ਰਹੀ।
ਉਹਨਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜੁਝਾਰੂ ਸਿੰਘਾਂ ਅਤੇ ਖ਼ਾਲਿਸਤਾਨ ਦੇ ਸੰਘਰਸ਼ ਦੀ ਗਹਿ-ਗਡਵੀਂ ਹਮਾਇਤ ਕੀਤੀ ਅਤੇ ਅਨੇਕਾਂ ਲੇਖ ਛਾਪੇ। ਉਹ ਅਖ਼ਬਾਰ ਵਿੱਚ ਹਮੇਸ਼ਾਂ ਪੰਥਕ ਮੁੱਦਿਆਂ ਨੂੰ ਤਰਜੀਹ ਦਿੰਦੇ ਸਨ, ਉਹ ਸਿੱਖ ਕੌਮ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਸਨ। ਉਹਨਾਂ ਨੇ ਪੰਥਕ ਬੁਰਕੇ ਵਿੱਚ ਲੁਕੇ ਬਾਦਲਕਿਆਂ ਨੂੰ ਵੀ ਸਮੇਂ-ਸਮੇਂ ਤੇ ਨੰਗਾ ਕੀਤਾ ਅਤੇ ਕਾਂਗਰਸ, ਭਾਜਪਾ ਤੇ ਝਾੜੂ ਵਾਲਿਆਂ ਦੇ ਵੀ ਪਾਜ ਉਘੇੜੇ ਸਨ।
Author: Gurbhej Singh Anandpuri
ਮੁੱਖ ਸੰਪਾਦਕ