ਮੁੜ ਚੜ੍ਹਿਆ ਭਾਰਤੀ ਹਾਕੀ ਦਾ ਸੂਰਜ ਪ੍ਰਿੰ. ਸਰਵਣ ਸਿੰਘ

20

ਮੁੜ ਚੜ੍ਹਿਆ ਭਾਰਤੀ ਹਾਕੀ ਦਾ ਸੂਰਜ
ਪ੍ਰਿੰ. ਸਰਵਣ ਸਿੰਘ


ਭਾਰਤੀ ਹਾਕੀ ਦਾ ਸੂਰਜ 41 ਸਾਲਾਂ ਤੋਂ ਛਿਪਿਆ ਹੋਇਆ ਸੀ। ਟੋਕੀਓ ਓਲੰਪਿਕ ਵਿਚ ਇਹ ਮੁੜ ਉਦੇ ਹੋਇਆ ਹੈ। ਰੌਸ਼ਨੀ ਦੀਆਂ ਸੁਨਹਿਰੀ ਕਿਰਨਾਂ ਮੁੜ ਲਿਸ਼ਕੀਆਂ ਹਨ। ਸੁੱਤਾ ਸੁਫਨਾ ਫਿਰ ਜਾਗ ਪਿਆ ਹੈ। ਹਾਕੀ ਦਾ ਉਜੜਿਆ ਬਾਗ ਮੁੜ ਮਹਿਕਿਆ ਹੈ। ਟੋਕੀਓ ਓਲੰਪਿਕ ਵਿਚ ਖੇਡੇ ਭਾਰਤੀ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਦੇ ਘਰੀਂ ਅਤੇ ਪਿੰਡਾਂ ਸ਼ਹਿਰਾਂ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੇਸ਼ ਭਰ ਵਿਚ ਹਾਕੀ ਦੀ ਬੱਲੇ ਬੱਲੇ ਹੋ ਰਹੀ ਹੈ। ਹਾਕੀ ਮੈਦਾਨਾਂ ਵਿਚ ਘਿਉ ਦੇ ਦੀਵੇ ਬਾਲੇ ਗਏ ਹਨ। ਖਿਡਾਰੀਆਂ ਨੂੰ ਨਕਦ ਇਨਾਮ, ਮਾਣ ਸਨਮਾਨ ਤੇ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਭਾਵੇਂ ਭਾਰਤ ਦੀਆਂ ਦੋਹਾਂ ਟੀਮਾਂ ਵਿਚੋਂ ਕੋਈ ਟੀਮ ਸੋਨੇ ਜਾਂ ਚਾਂਦੀ ਦਾ ਤਗ਼ਮਾ ਨਹੀਂ ਜਿੱਤ ਸਕੀ ਪਰ ਗਭਰੂਆਂ ਦੀ ਟੀਮ ਵੱਲੋਂ ਕਾਂਸੀ ਦਾ ਤਗ਼ਮਾ ਜਿੱਤਣਾ ਅਤੇ ਮੁਟਿਆਰਾਂ ਦੀ ਟੀਮ ਵੱਲੋਂ ਚੌਥੇ ਸਥਾਨ `ਤੇ ਆਉਣਾ ਗੋਲਡ ਮੈਡਲ ਜਿੱਤਣ ਤੋਂ ਘੱਟ ਨਹੀਂ ਸਮਝੇ ਜਾ ਰਹੇ। ਕੋਈ ਪੁੱਛ ਸਕਦੈ, ਏਡੇ ਚਾਅ-ਉਤਸ਼ਾਹ ਤੇ ਹੁਲਾਸ ਦਾ ਕੀ ਕਾਰਨ ਹੈ? ਕੀ ਕਾਰਨ ਹੈ ਭਾਰਤੀ ਖਿਡਾਰੀਆਂ ਤੇ ਖਿਡਾਰਨਾਂ ਦੇ ਜਿੱਤਣ ਵੇਲੇ ਹਾਸੇ ਖੇੜੇ ਖਿੜਦੇ ਰਹੇ ਅਤੇ ਹਾਰਨ ਵੇਲੇ ਹੰਝੂਆਂ ਦੀਆਂ ਧਾਰਾਂ ਵੀ ਵਹਿਣੋਂ ਨਾ ਰੁਕ ਸਕੀਆਂ।

ਕਹਿਣ ਨੂੰ ਜਿੱਤ-ਹਾਰ ਬਰਾਬਰ ਕਹੀ ਜਾਂਦੀ ਹੈ ਪਰ ਬੜਾ ਫਰਕ ਹੁੰਦਾ ਹੈ ਹਾਰ ਤੇ ਜਿੱਤ ਦਾ। ਪਿੰਡਾਂ ਦੀਆਂ ਪੇਂਡੂ ਖੇਡਾਂ ਤੋਂ ਵਿਸ਼ਵ ਦੀਆਂ ਓਲੰਪਿਕ ਖੇਡਾਂ ਤਕ ਇਸ ਫਰਕ ਦੇ ਪਰਤੱਖ ਦਰਸ਼ਨ ਹੁੰਦੇ ਹਨ ਜੋ ਟੋਕੀਓ ਵਿਚ ਵੀ ਹੋਏ।
1928 ਤੋਂ 1980 ਤਕ ਹਾਕੀ ਦੀ ਦੁਨੀਆ ਵਿਚ ਭਾਰਤ ਮੀਰੀ ਮੰਨਿਆ ਜਾਂਦਾ ਸੀ। ਇਸ ਦੌਰਾਨ 12 ਓਲੰਪਿਕ ਖੇਡਾਂ ਹੋਈਆਂ ਜਿਨ੍ਹਾਂ ਵਿਚੋਂ ਭਾਰਤੀ ਹਾਕੀ ਟੀਮਾਂ ਨੇ 8 ਸੋਨ ਤਗ਼ਮੇ, 1 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਜਿੱਤੇ ਸਨ। ਕੇਵਲ 1976 ਦੀ ਓਲੰਪਿਕ ਵਿਚੋਂ ਕੋਈ ਤਗ਼ਮਾ ਨਹੀਂ ਸੀ ਜਿੱਤਿਆ ਕਿਉਂਕਿ ਯੂਰਪ ਦੇ ਹਾਕੀ ਅਧਿਕਾਰੀ ਕੁਦਰਤੀ ਘਾਹ ਵਾਲੇ ਖੇਡ ਮੈਦਾਨ ਦੀ ਥਾਂ ਮਸਨੂਈ ਆਸਟਰੋ ਟਰਫ਼ ਲੈ ਆਏ ਸਨ। ਜਦੋਂ ਤਕ ਭਾਰਤ ਹਾਕੀ ਰਾਹੀਂ ਦੁਨੀਆ ਉਤੇ ਲੱਤ ਫੇਰਦਾ ਰਿਹਾ ਉਦੋਂ ਤਕ ਭਾਰਤ ਹਾਕੀ ਦੀ ਖੇਡ ਨੂੰ ਆਪਣੀ ਕੌਮੀ ਖੇਡ ਮੰਨਦਾ ਰਿਹਾ। ਫਿਰ ਆਮ ਭਾਰਤ ਵਾਸੀਆਂ ਦਾ ਧਿਆਨ ਕ੍ਰਿਕਟ ਵੱਲ ਕਰ ਦਿੱਤਾ ਗਿਆ। ਕ੍ਰਿਕਟ ਵਿਚ ਅਰਬਾਂ ਖਰਬਾਂ ਰੁਪਏ ਆ ਗਏ। ਲੱਖਾਂ ਕਰੋੜਾਂ ਰੁਪਈਆਂ ਨਾਲ ਖਿਡਾਰੀ ਖਰੀਦੇ ਤੇ ਵੇਚੇ ਜਾਣ ਲੱਗੇ। ‘ਭਾਰਤ ਦੇ ਰਤਨ’ ਹਾਕੀ ਦੇ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਖਿਡਾਰੀ ਨਹੀਂ, ਕ੍ਰਿਕਟ ਦੇ ਚੌਕੇ ਛਿੱਕੇ ਮਾਰਨ ਵਾਲੇ ਮੰਨੇ ਜਾਣ ਲੱਗੇ।
ਕ੍ਰਿਕਟ ਦੇ ਹਾਵੀ ਹੋ ਜਾਣ ਨਾਲ ਭਾਰਤੀ ਹਾਕੀ ਦਾ ਅੱਧੀ ਸਦੀ ਤੋਂ ਲਿਸ਼ਕਦਾ ਸੂਰਜ ਐਸਾ ਅਸਤ ਹੋਇਆ ਕਿ ਲਗਾਤਾਰ ਨੌਂ ਓਲੰਪਿਕ ਖੇਡਾਂ ਵਿਚ ਨਾ ਤਿਰੰਗਾ ਲਹਿਰਾਇਆ ਜਾ ਸਕਿਆ ਤੇ ਨਾ ਜਨ ਗਨ ਮਨ ਗੂੰਜਿਆ। 41 ਸਾਲਾਂ ਤੋਂ ਭਾਰਤੀ ਹਾਕੀ ਟੀਮ ਕਿਸੇ ਵੀ ਤਗ਼ਮੇ ਲਈ ਵਿਕਟਰੀ ਸਟੈਂਡ `ਤੇ ਚੜ੍ਹਨ ਜੋਗੀ ਨਾ ਹੋਈ। ਏਥੋਂ ਤਕ ਕਿ ਫਾਡੀ ਵੀ ਰਹਿੰਦੀ ਰਹੀ ਤੇ ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਵੀ ਨਾ ਕਰ ਸਕੀ। 41 ਸਾਲ ਨਾ ਸਿਰਫ਼ ਓਲੰਪਿਕ ਖੇਡਾਂ ਵਿਚ ਬਲਕਿ ਵਰਲਡ ਹਾਕੀ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ-ਮੰਚ `ਤੇ ਵੀ ਨਹੀਂ ਚੜ੍ਹ ਸਕੀ। ਅੱਧੀ ਸਦੀ ਤਕ ਹਾਕੀ ਦੀਆਂ ਪੁਰਾਣੀਆਂ ਸ਼ਾਨਦਾਰ ਜਿੱਤਾਂ ਤੇ ਅੱਧੀ ਸਦੀ ਦੇ ਨੇੜ ਦੀਆਂ ਨਮੋਸ਼ੀ ਭਰੀਆਂ ਹਾਰਾਂ ਪਿੱਛੋਂ ਹੁਣ ਹਾਕੀ ਦੇ ਵਿਕਟਰੀ ਸਟੈਂਡ `ਤੇ ਚੜ੍ਹਨਾ ਜਾਂ ਚੜ੍ਹਨ ਦੇ ਨੇੜੇ ਖੜ੍ਹਨਾ ਚਾਵਾਂ ਮਲ੍ਹਾਰਾਂ ਦੇ ਖੇੜੇ ਨਾ ਲਿਆਉਂਦਾ ਤਾਂ ਹੋਰ ਕੀ ਲਿਆਉਂਦਾ? ਜਿਨ੍ਹਾਂ ਨੇ ਟੋਕੀਓ ਦੇ ਹਾਕੀ ਮੈਚ ਟੀਵੀ ਤੋਂ ਅੱਖੀਂ ਵੇਖੇ ਹਨ ਉਨ੍ਹਾਂ ਤੋਂ ਪੁੱਛੋ ਕਿਵੇਂ ਉਨ੍ਹਾਂ ਦਾ ਸੇਰ ਸੇਰ ਲਹੂ ਵਧਿਆ? ਭਾਰਤੀ ਖਿਡਾਰੀ ਜਿੱਤੇ ਵੀ ਸ਼ਾਨ ਨਾਲ ਤੇ ਹਾਰੇ ਤਾਂ ਵੀ ਜੁਝਾਰੂਆਂ ਵਾਂਗ। ਹੁਣ ਉਨ੍ਹਾਂ ਨੇ ਹਾਕੀ ਦੀ ਖੇਡ ਨੂੰ ਮੁੜ ਕੌਮੀ ਖੇਡ ਬਣਨ ਦੇ ਰਾਹ ਪਾ ਦਿੱਤਾ ਹੈ।


ਟੋਕੀਓ ਹਾਕੀ ਦੇ ਮੁਕਾਬਲਿਆਂ ਵਿਚ ਬੈਲਜੀਅਮ ਦੀ ਹਾਕੀ ਟੀਮ ਪਹਿਲੇ, ਆਸਟ੍ਰੇਲੀਆ ਦੂਜੇ, ਭਾਰਤ ਤੀਜੇ ਤੇ ਜਰਮਨੀ ਦੀ ਟੀਮ ਚੌਥੇ ਥਾਂ ਰਹੀ। ਔਰਤਾਂ ਦੇ ਮੁਕਾਬਲਿਆਂ ਵਿਚ ਨੀਦਰਲੈਂਡਜ਼ ਪਹਿਲੇ, ਅਰਜਨਟੀਨਾ ਦੂਜੇ, ਬਰਤਾਨੀਆ ਤੀਜੇ ਤੇ ਭਾਰਤ ਚੌਥੀ ਥਾਂ ਰਹੇ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਹੁਣ ਤਕ ਮਰਦਾਂ ਦੀਆਂ ਹਾਕੀ ਟੀਮਾਂ ਦੇ 24 ਵਾਰ ਮੁਕਾਬਲੇ ਹੋਏ ਹਨ ਜਿਨ੍ਹਾਂ ਵਿਚੋਂ ਭਾਰਤ ਨੇ 8 ਗੋਲਡ ਮੈਡਲ, ਪਾਕਿਸਤਾਨ ਨੇ 3, ਬਰਤਾਨੀਆ 3, ਜਰਮਨੀ 3, ਨੀਦਰਲੈਂਡਜ਼ 2, ਆਸਟ੍ਰੇਲੀਆ 1, ਵੈਸਟ ਜਰਮਨੀ 1, ਅਰਜਨਟੀਨਾ 1, ਨਿਊਜ਼ੀਲੈਂਡ 1 ਅਤੇ ਬੈਲਜੀਅਮ ਨੇ 1 ਗੋਲਡ ਮੈਡਲ ਜਿੱਤਿਆ ਹੈ। ਔਰਤਾਂ ਦੀਆਂ ਹਾਕੀ ਟੀਮਾਂ ਦੇ ਓਲੰਪਿਕ ਖੇਡਾਂ ਵਿਚ 1980 ਤੋਂ ਹੁਣ ਤਕ 11 ਵਾਰ ਓਲੰਪਿਕ ਮੁਕਾਬਲੇ ਹੋਏ ਹਨ। ਉਨ੍ਹਾਂ ਵਿਚੋਂ ਨੀਦਰਲੈਂਡਜ਼ ਨੇ 4 ਗੋਲਡ ਮੈਡਲ, ਆਸਟ੍ਰੇਲੀਆ 3, ਜਰਮਨੀ 1, ਬਰਤਾਨੀਆ 1, ਜਿ਼ੰਬਾਵੇ 1 ਅਤੇ ਸਪੇਨ ਨੇ 1 ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੀ ਹਾਕੀ ਟੀਮ ਟੋਕੀਓ ਵਿਚ ਪਹਿਲੀ ਵਾਰ ਸੈਮੀ ਫਾਈਨਲ ਖੇਡੀ ਹੈ ਅਤੇ ਖ਼ੂਬ ਖੇਡੀ ਹੈ। ਭਾਰਤ ਦੀਆਂ ਦੋਹਾਂ ਟੀਮਾਂ ਨੇ ਭਾਰਤੀਆਂ ਦਾ ਹਾਕੀ ਵਿਚ ਭਰੋਸਾ ਪੱਕਾ ਕਰ ਦਿੱਤਾ ਹੈ ਜਿਸ ਤੋਂ ਆਉਂਦੇ ਸਾਲਾਂ ਵਿਚ ਵੱਡੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਇਹਦੇ ਵਿਚ ਜਿਥੇ ਖਿਡਾਰੀਆਂ ਤੇ ਕੋਚ ਸਾਹਿਬਾਨ ਦੀ ਮਿਹਨਤ ਅਤੇ ਖੇਡ ਪ੍ਰਬੰਧਕਾਂ ਦਾ ਹੱਥ ਹੈ ਉਥੇ ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਉਵੇਂ ਹੀ ਜਿਵੇਂ 1975 ਵਿਚ ਪੰਜਾਬ ਸਰਕਾਰ ਨੇ ਭਾਰਤ ਨੂੰ ਵਿਸ਼ਵ ਹਾਕੀ ਕੱਪ ਜਿੱਤਣ ਵਾਲੀ ਹਾਕੀ ਟੀਮ ਤਿਆਰ ਕਰਨ ਵਿਚ ਦਿੱਤਾ ਸੀ।
ਬਿਨਾ ਸ਼ੱਕ ਟੋਕੀਓ ਓਲੰਪਿਕ ਭਾਰਤੀ ਹਾਕੀ ਦੀ ਭਾਗਾਂ ਭਰੀ ਸਵੇਰ ਬਣ ਕੇ ਆਈ ਹੈ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਵਿਚੋਂ ਹਾਕੀ ਦਾ ਬਰਾਂਜ਼ ਮੈਡਲ ਜਿੱਤਣ ਨੂੰ ਗੋਲਡ ਮੈਡਲ ਸਮਝਿਆ ਜਾ ਰਿਹਾ ਹੈ। ਜਿੰਨੀ ਖ਼ੁਸ਼ੀ ਹੁਣ ਭਾਰਤ ਨੇ ਹਾਕੀ ਦੇ ਬਰਾਂਜ਼ ਮੈਡਲ ਜਿੱਤਣ ਦੀ ਮਨਾਈ ਹੈ ਏਨੀ ਖੁਸ਼ੀ ਕਦੇ ਓਲੰਪਿਕ ਦੇ ‘ਗੋਲਡਨ ਹੈਟ ਟ੍ਰਿਕ’ ਮਾਰਨ `ਤੇ ਵੀ ਨਹੀਂ ਸੀ ਮਨਾਈ ਗਈ। ਪਹਿਲੇ ਓਲੰਪਿਕ ਜੇਤੂਆਂ ਨੂੰ ਨਕਦ ਇਨਾਮ ਨਹੀਂ ਸਨ ਮਿਲਦੇ ਹੁੰਦੇ। ਮਾੜੀਆਂ ਮੋਟੀਆਂ ਨੌਕਰੀਆਂ ਮਿਲਦੀਆਂ। ਹੁਣ ਹਰਿਆਣੇ, ਪੰਜਾਬ ਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਰੋੜਾਂ ਦੇ ਇਨਾਮ ਅਤੇ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਇਹ ਸਰਕਾਰਾਂ ਦਾ ਪ੍ਰਸੰਸਾਯੋਗ ਕਾਰਜ ਹੈ।
ਇਹਦੇ ਨਾਲ ਹੀ ਜਿਹੜੇ ਖਿਡਾਰੀ ਭਾਰਤ ਲਈ ‘ਗੋਲਡਨ ਹੈਟ ਟ੍ਰਿਕ’ ਮਾਰਦੇ ਰਹੇ ਰਤਾ ਉਨ੍ਹਾਂ ਦੇ ਪਰਿਵਾਰਾਂ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਭਾਰਤੀ ਹਾਕੀ ਟੀਮ ਨੂੰ ਕਰੋੜ ਰੁਪਏ ਦੇ ਇਨਾਮ ਦੇਣ ਦਾ ਨੇਕ ਕਾਰਜ ਤਾਂ ਕਰਦੀ ਹੈ ਪਰ ਬਿਧੀ ਚੰਦ ਦੇ ਵਾਰਸ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਕਰਨ ਦਾ 2020 ਵਿਚ ਐਲਾਨ ਕਰ ਕੇ ਵੀ ਹੁਣ ਤਕ ਪਤਾ ਨਹੀਂ ਅਮਲ ਕਿਉਂ ਨਹੀਂ ਕਰਦੀ? ਟੋਕੀਓ ਓਲੰਪਿਕ ਦੇ ਖਿਡਾਰੀਆਂ ਨੂੰ ਵੀ ਐਲਾਨੇ ਜਾ ਰਹੇ ਇਨਾਮ ਅਤੇ ਚੰਗੀਆਂ ਨੌਕਰੀਆਂ ਕਿਤੇ ਐਲਾਨ ਹੀ ਨਾ ਰਹਿ ਜਾਣ ਬਲਕਿ ਤੁਰੰਤ ਅਮਲ ਹੋਵੇ। ਇਨਾਮ ਸਨਮਾਨ ਤੇ ਹੋਰ ਸਹੂਲਤਾਂ ਖਿਡਾਰੀਆਂ ਨੂੰ ਮੰਗਤਿਆਂ ਵਾਂਗ ਮੰਗਣੀਆਂ ਨਾ ਪੈਣ। ਤੇ ਖਿਡਾਰੀ ਦੀ ਜਿੱਤ ਦੇ ਜਲੌਅ ਵਿਚ ਕਿਤੇ ਆਪਣੀ ਖੇਡ ਤੋਂ ਅਵੇਸਲੇ ਨਾ ਹੋ ਜਾਣ। ਅੱਗੇ ਚੈਂਪੀਅਨਜ਼ ਟਰਾਫੀ ਆਉਣ ਵਾਲੀ ਹੈ, ਵਿਸ਼ਵ ਹਾਕੀ ਕੱਪ ਵੀ ਤੇ ਤਿੰਨਾਂ ਸਾਲਾਂ ਤਕ ਪੈਰਿਸ ਦੀਆਂ ਓਲੰਪਿਕ ਖੇਡਾਂ ਵੀ। ਜਿੱਤ ਦੀਆਂ ਖੁਸ਼ੀਆਂ ਜ਼ਰੂਰ ਮਨਾਓ ਪਰ ਅਗਲੀ ਜਿੱਤ ਲਈ ਕਮਰਕਸੇ ਵੀ ਕਸੀ ਰੱਖੋ। ਵੇਖਣਾ ਕਿਤੇ ਚੜ੍ਹਦਾ ਸੂਰਜ ਦੁਪਹਿਰ ਤੋਂ ਪਹਿਲਾਂ ਹੀ ਨਾ ਡੁੱਬ ਜਾਵੇ।
ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉਥੋਂ ਇਹ ਇਰਾਨ ਆਈ, ਯੂਨਾਨ ਗਈ ਤੇ ਫਿਰ ਰੋਮਨਾਂ ਵਿਚ ਪ੍ਰਚੱਲਤ ਹੋਈ। ਰੋਮਨਾਂ ਨੇ ਇਹਦਾ ਨਾਂ ‘ਪਗਨੇਸ਼ੀਆ’ ਰੱਖਿਆ ਤੇ ਉਹ ਇਹਨੂੰ ਯੂਰਪ ਦੇ ਹੋਰਨਾਂ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ ‘ਹਰਲੇ’ ਕਹਿਣ ਲੱਗੇ ਤੇ ਸਕਾਟਲੈਂਡ ਵਾਲੇ ‘ਸਿ਼ੰਟੀ’। ਫਰਾਂਸ ਵਿਚ ਇਸ ਨੂੰ ‘ਹੌਕਿਟ’ ਕਿਹਾ ਜਾਣ ਲੱਗਾ। ਇੰਗਲੈਂਡ `ਚ ਪਹਿਲਾਂ ਇਸ ਦਾ ਨਾਂ ‘ਕਾਮਕ’ ਰੱਖਿਆ ਗਿਆ ਤੇ ਪਿੱਛੋਂ ‘ਬੈਂਡੀ’। ‘ਹਾਕੀ’ ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ।
ਉਨੀਵੀਂ ਸਦੀ ਦੇ ਅਖ਼ੀਰ ਵਿਚ ਬ੍ਰਿਟਿਸ਼ ਹਾਕੀ ਐਸੋਸੀਏਸ਼ਨ ਬਣੀ ਅਤੇ 1894 ਵਿਚ ਇੰਗਲੈਂਡ ਤੇ ਆਇਰਲੈਂਡ ਵਿਚਕਾਰ ਹਾਕੀ ਮੈਚ ਹੋਇਆ। 1900 ਵਿਚ ਅੰਤਰਰਾਸ਼ਟਰੀ ਹਾਕੀ ਬੋਰਡ ਦੀ ਸਥਾਪਨਾ ਹੋਈ ਜਿਸ ਦੇ ਦਸ ਦੇਸ਼ ਮੈਂਬਰ ਬਣੇ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ 1924 `ਚ ਬਣੀ ਜਿਸ ਦਾ ਛੋਟਾ ਨਾਂ ਐੱਫਆਈਐੱਚ ਹੈ। ਹੁਣ ਇਸ ਦੇ 130 ਤੋਂ ਵੱਧ ਦੇਸ਼ ਮੈਂਬਰ ਹਨ। 1908 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ `ਚ ਹਾਕੀ ਪਹਿਲੀ ਵਾਰ ਖੇਡੀ ਗਈ ਸੀ ਜਿਸ ਦਾ ਗੋਲਡ ਮੈਡਲ ਇੰਗਲੈਂਡ ਦੀ ਟੀਮ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਉਲੰਪਿਕ ਖੇਡਾਂ `ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਇੰਗਲੈਂਡ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪੁਚਾ ਦਿੱਤੀ ਸੀ। ਫੌਜੀ ਛਾਉਣੀਆਂ ਵਿਚ ਹਾਕੀ ਦੇ ਮੈਚ ਹੋਣ ਲੱਗ ਪਏ ਸਨ। ਭਾਰਤ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਭਾਰਤੀਆਂ `ਚ ਮਕਬੂਲ ਹੋ ਗਈ। ਜਲੰਧਰ ਛਾਉਣੀ ਦੇ ਲਾਗਲੇ ਪਿੰਡਾਂ ਕਈ ਹਾਕੀ ਦੀ ਖੇਡ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ ਵਾਲੀ ਗੱਲ ਬਣ ਗਈ। ਨਿੱਕੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤੀ ਹਾਕੀ ਟੀਮਾਂ ਨੂੰ ਪੂਰੀ ਇਲੈਵਨ ਤੋਂ ਕਿਤੇ ਵੱਧ ਹਾਕੀ ਖਿਡਾਰੀ ਦਿੱਤੇ। ਪਿੰਡ ਮਿੱਠਾਪੁਰ ਨੇ ਓਲੰਪਿਕ ਕਪਤਾਨ ਪਰਗਟ ਸਿੰਘ ਹੀ ਨਹੀਂ ਦਿੱਤਾ ਟੋਕੀਓ ਓਲੰਪਿਕ ਲਈ ਤਿੰਨ ਖਿਡਾਰੀ, ਟੀਮ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਵੀ ਦਿੱਤੇ। ਇਸ ਟੀਮ ਦੇ ਵੀਹ ਖਿਡਾਰੀਆਂ ਵਿਚ ਗਿਆਰਾਂ ਖਿਡਾਰੀ ਪੰਜਾਬ ਦੇ ਪਿੰਡਾਂ ਤੋਂ ਖੇਡੇ। ਤੇ ਲੜਕੀਆਂ ਦੀ ਹਾਕੀ ਟੀਮ ਵਿਚ 9 ਖਿਡਾਰਨਾਂ ਹਰਿਆਣੇ ਦੇ ਪਿੰਡਾਂ ਦੀਆਂ ਖੇਡੀਆਂ। ਲਗਭਗ ਸਾਰੇ ਖਿਡਾਰੀ ਤੇ ਖਿਡਾਰਨਾਂ ਸਧਾਰਨ ਕਿਰਤੀ ਕਿਸਾਨਾਂ ਦੇ ਜਾਏ ਹਨ ਜਿਨ੍ਹਾਂ ਦਾ ਵੇਰਵਾ ਕਦੇ ਫੇਰ ਸਹੀ।
1975 ਵਿਚ ਭਾਰਤੀ ਟੀਮ ਨੇ ਵਿਸ਼ਵ ਹਾਕੀ ਕੱਪ (ਅਜੇ ਤਕ ਇਕੋ ਵਾਰ) ਜਿੱਤਿਆ ਸੀ ਤੇ 1980 ਵਿਚ ਮਾਸਕੋ ਦੀਆਂ ਉਲੰਪਿਕ ਖੇਡਾਂ `ਚੋਂ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ। ਇਹ ਤਗ਼ਮਾ ਆਸਟ੍ਰੇਲੀਆ, ਪਾਕਿਸਤਾਨ, ਹਾਲੈਂਡ, ਜਰਮਨੀ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਬਾਈਕਾਟ ਕਾਰਨ ਭਾਰਤ ਦੇ ਹੱਥ ਆਇਆ ਸੀ। ਪਰ ਪਿਛਲੇ ਚਾਰ ਦਹਾਕਿਆਂ ਤੋਂ ਭਾਰਤੀ ਟੀਮ ਓਲੰਪਿਕ, ਵਰਲਡ ਕੱਪ ਤੇ ਚੈਂਪੀਅਨਜ਼ ਟਰਾਫੀ ਵਿਚ ਖਾਲੀ ਹੱਥ ਰਹਿੰਦੀ ਰਹੀ। ਸੁਆਲ ਪੈਦਾ ਹੁੰਦਾ ਹੈ ਕਿ ਏਡਾ ਸ਼ਾਨਦਾਰ ਪਿਛੋਕੜ ਰੱਖਦੀ ਭਾਰਤੀ ਹਾਕੀ ਨੂੰ ਹੋ ਕੀ ਗਿਆ ਸੀ?
ਓਲੰਪਿਕ ਖੇਡਾਂ ਦੇ ਸੋਨ ਤਗ਼ਮੇ ਇੰਡੀਆ ਨੇ ਉਦੋਂ ਜਿੱਤਣੇ ਸ਼ੁਰੂ ਕੀਤੇ ਸਨ ਜਦੋਂ ਮੁਲਕ ਅੰਗਰੇਜ਼ਾਂ ਦਾ ਗ਼ੁਲਾਮ ਸੀ। ਉਸ ਵਿਚ ਐਂਗਲੋ ਇੰਡੀਅਨ ਖਿਡਾਰੀ ਵੀ ਖੇਡਦੇ ਸਨ ਜਦ ਕਿ ਬਰਤਾਨੀਆ ਆਪਣੇ ਨਾਂ ਤੇ ਟੀਮ ਨਹੀਂ ਸੀ ਭੇਜਦਾ ਪਈ ਉਹਨਾਂ ਦਾ ਗ਼ੁਲਾਮ ਇੰਡੀਆ ਕਿਤੇ ਹਰਾ ਨਾ ਦੇਵੇ! ਭਾਰਤ ਆਜ਼ਾਦ ਹੋਇਆ ਤਾਂ ਐਂਗਲੋ ਇੰਡੀਅਨ ਵਾਪਸ ਚਲੇ ਗਏ ਅਤੇ ਪੰਜਾਬ ਦਾ ਹਾਕੀ ਖੇਡਣ ਵਾਲਾ ਕਾਫੀ ਸਾਰਾ ਇਲਾਕਾ ਪਾਕਿਸਤਾਨ ਵਿਚ ਚਲਾ ਗਿਆ। ਪਰ ਭਾਰਤ ਫਿਰ ਵੀ ਜਿੱਤਦਾ ਰਿਹਾ। ਫਿਰ ਪਾਕਿਸਤਾਨ ਦੀ ਹਾਕੀ ਟੀਮ ਜਿੱਤਣ ਲੱਗੀ ਤਾਂ ਸੋਚਿਆ ਚਲੋ ਪਾਕਿਸਤਾਨ ਵੀ ਤਾਂ ਪਹਿਲਾਂ ਇੰਡੀਆ ਹੀ ਹੁੰਦਾ ਸੀ। ਪਿਛਲੇ ਕਾਫੀ ਸਾਲਾਂ ਤੋਂ ਨਾ ਪਾਕਿਸਤਾਨ ਜਿੱਤ ਰਿਹੈ ਤੇ ਨਾ ਭਾਰਤ ਸਗੋਂ ਉਹ ਮੁਲਕ ਜਿੱਤ ਰਹੇ ਨੇ ਜਿਹੜੇ ਕਦੇ ਹਾਕੀ ਵਿਚ ਬਹੁਤ ਪਿੱਛੇ ਸਨ। ਜਿਵੇਂ ਬੀਜਿੰਗ ਓਲੰਪਿਕ ਖੇਡਣ ਲਈ ਭਾਰਤ ਦੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ ਉਵੇਂ ਟੋਕੀਓ ਓਲੰਪਿਕ ਵਿਚ ਪਾਕਿਸਤਾਨ ਦੀ ਹਾਕੀ ਟੀਮ ਕੁਆਲੀਫਾਈ ਨਹੀਂ ਕਰ ਸਕੀ।
ਬਰੀਕੀ ਨਾਲ ਘੋਖ ਕਰੀਏ ਤਾਂ ਭਾਰਤ ਦੀਆਂ ਹਾਕੀ ਟੀਮਾਂ ਉਦੋਂ ਸੋਨ ਤਗ਼ਮੇ ਜਿੱਤਦੀਆਂ ਰਹੀਆਂ ਜਦੋਂ ਘੱਟ ਮੁਲਕ ਹਾਕੀ ਖੇਡਦੇ ਸਨ ਜਾਂ ਭਾਰਤ ਵਾਂਗ ਸਿ਼ੱਦਤ ਨਾਲ ਹਾਕੀ ਨਹੀਂ ਸਨ ਖੇਡਦੇ। ਉਦੋਂ ਜਿੱਤ-ਮੰਚ `ਤੇ ਚੜ੍ਹਨਾ ਸੁਖਾਲਾ ਸੀ। 1932 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਤਾਂ ਟੀਮਾਂ ਹੀ ਸਿਰਫ਼ ਤਿੰਨ ਸਨ। ਉਹ ਵੀ ਜਾਪਾਨ ਤੇ ਮੇਜ਼ਬਾਨ ਅਮਰੀਕਾ ਦੀਆਂ ਜਿਨ੍ਹਾਂ ਸਿਰ ਇੰਡੀਆ ਨੇ 11 ਤੇ 24 ਗੋਲ ਕੀਤੇ। ਹੁਣ ਕੋਈ ਟੀਮ ਏਨੀ ਮਾੜੀ ਨਹੀਂ ਹੁੰਦੀ ਕਿ 24 ਗੋਲ ਖਾਵੇ!
ਮੌਂਟਰੀਅਲ ਓਲੰਪਿਕ-1976 ਤੋਂ ਹਾਕੀ ਆਸਟ੍ਰੋ ਟਰਫ਼ `ਤੇ ਖੇਡੀ ਜਾਣ ਲੱਗੀ ਹੈ। ਹਾਕੀ ਦੇ ਨਿਯਮਾਂ ਵਿਚ ਵੀ ਬੜੀ ਤਬਦੀਲੀ ਆਈ ਹੈ। ਇਹ ਡਰਿਬਲਿੰਗ ਤੇ ਨਿੱਕੇ ਪਾਸਾਂ ਦੀ ਥਾਂ ਲੰਮੇ ਪਾਸ, ਜ਼ੋਰਦਾਰ ਹਿੱਟ, ਤੇਜ਼ ਰਫ਼ਤਾਰੀ ਤੇ ਤਾਕਤ ਦੀ ਖੇਡ ਬਣ ਗਈ ਹੈ। ਇਹਦੇ ਲਈ ਸਰੀਰਕ ਤੌਰ `ਤੇ ਵਧ ਤਕੜੇ ਤੇ ਵਧੇਰੇ ਤੇਜ਼ ਦੌੜਨ ਵਾਲੇ ਖਿਡਾਰੀਆਂ ਦੀ ਲੋੜ ਹੈ। ਪੈਨਲਟੀ ਕਾਰਨਰ ਦੇ ਗੋਲ ਕਰਨ ਲਈ ਬਲਵਾਨ ਬਾਹਾਂ ਚਾਹੀਦੀਆਂ ਹਨ। ਸੱਠ ਮਿੰਟਾਂ ਦੇ ਚਾਰ ਕੁਆਟਰ ਖੇਡਣ ਲਈ ਸੌ ਮਿੰਟ ਖੇਡਣ ਦਾ ਦਮ ਚਾਹੀਦੈ। ਨਾਲ ਜੂਝ ਮਰੋਂ ਤੇ ਨਿਸਚੈ ਕਰ ਆਪਨੀ ਜੀਤ ਕਰੋਂ ਦਾ ਜਜ਼ਬਾ ਵੀ ਹੋਵੇ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕੁਝ ਸਾਲ ਇਹ ਜਜ਼ਬਾ ਮਘਦਾ ਰਿਹਾ। ਸਮੇਂ ਨਾਲ ਇਹ ਜਜ਼ਬਾ ਵੀ ਸਮੇਂ ਦੇ ਭਾਰਤੀ ਸਿਆਸਤਦਾਨਾਂ ਵਾਂਗ ਈ ਮੀਸਣਾ ਹੁੰਦਾ ਗਿਆ!
ਅਜੋਕੇ ਦੌਰ ਵਿਚ ਆਸਟ੍ਰੇਲੀਆ, ਜਰਮਨੀ, ਨੀਦਰਲੈਂਡਜ਼, ਬੈਲਜੀਅਮ, ਬਰਤਾਨੀਆ, ਅਰਜਨਟੀਨਾ, ਸਪੇਨ ਤੇ ਨਿਊਜ਼ੀਲੈਂਡ ਆਦਿ ਦੀਆਂ ਟੀਮਾਂ ਬੜੀਆਂ ਤਕੜੀਆਂ ਹਨ। ਭਾਰਤ ਦੇ ਮਰਦਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਹੁਣ ਉਪਰਲੀਆਂ ਟੀਮਾਂ ਵਿਚ ਆ ਖੜ੍ਹੀਆਂ ਹਨ। ਭਾਰਤੀ ਖਿਡਾਰੀਆਂ ਦੀ ਖੇਡ ਘਾਹ ਵਾਲੇ ਮੈਦਾਨਾਂ `ਤੇ ਬਿਹਤਰ ਸੀ। ਹੁਣ ਕੌਮਾਂਤਰੀ ਹਾਕੀ ਮੈਚ ਕਿਉਂਕਿ ਆਸਟ੍ਰੋ ਟਰਫ ਉਤੇ ਹੀ ਖੇਡੇ ਜਾਂਦੇ ਹਨ ਇਸ ਲਈ ਲੋੜ ਹੈ ਭਾਰਤ ਵਿਚ ਆਸਟ੍ਰੋ ਟਰਫ ਮੈਦਾਨ ਵਧੇਰੇ ਬਣਾਏ ਜਾਣ। ਜੇਕਰ ਹੋਰਨਾਂ ਮੁਲਕਾਂ `ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਵਿਚ 1000, ਹਾਲੈਂਡ `ਚ 625, ਆਸਟ੍ਰੇਲੀਆ `ਚ 410, ਜਰਮਨੀ `ਚ 350 ਤੇ ਨਿਊਜ਼ੀਲੈਂਡ ਵਿਚ 80 ਆਸਟ੍ਰੋ ਟਰਫ ਹਾਕੀ ਮੈਦਾਨ ਹਨ। ਵਿਸ਼ਾਲ ਦੇਸ਼ ਭਾਰਤ ਵਿਚ ਇਨ੍ਹਾਂ ਦੀ ਗਿਣਤੀ ਹਾਲਾਂ ਵੀ ਅੱਧਾ ਸੈਂਕੜਾ ਪਾਰ ਨਹੀਂ ਹੋਈ। ਦੱਖਣੀ ਅਫਰੀਕਾ ਹਾਲੇ ਕੱਲ੍ਹ ਹਾਕੀ ਖੇਡਣ ਲੱਗੈ ਤੇ ਉਥੇ 58 ਆਸਟ੍ਰੋ ਟਰਫ ਹਨ। ਦੱਖਣੀ ਕੋਰੀਆ ਦੀ ਹਾਕੀ ਵਿਚ ਪਛਾਣ 1986 ਤੋਂ ਬਣੀ ਹੈ ਤੇ ਉਸ ਨੇ ਭਾਰਤ ਤੋਂ ਵੱਧ ਆਸਟ੍ਰੋ ਟਰਫ ਵਿਛਾ ਲਏ ਹਨ।
`ਕੱਲੇ ਆਸਟ੍ਰੋ ਟਰਫ ਵੀ ਕੁਝ ਨਹੀਂ ਕਰ ਸਕਦੇ ਜੇਕਰ ਇਨ੍ਹਾਂ ਦੀ ਸਦਵਰਤੋਂ ਨਾ ਕੀਤੀ ਜਾਵੇ। ਜੇ ਟਰਫ਼ਾਂ ਨੂੰ ਜਿੰਦੇ ਈ ਲੱਗੇ ਰਹਿਣ ਤਾਂ ਜਿਹੇ ਬਣਾਏ ਜਿਹੇ ਨਾ ਬਣਾਏ। ਹਰੇਕ ਆਸਟ੍ਰੋ ਟਰਫ ਨਾਲ ਬਚਪਨ ਤੋਂ ਹਾਕੀ ਖਿਡਾਰੀ ਜੋੜੇ ਜਾਣ। ਘੱਟੋਘੱਟ 100 ਆਸਟ੍ਰੋ ਟਰਫਾਂ ਉਤੇ 400 ਟੀਮਾਂ ਦੀ ਕੋਚਿੰਗ ਹੋਵੇ ਯਾਨੀ ਦੇਸ਼ ਭਰ ਚੋਂ 5000 ਹੋਣਹਾਰ ਖਿਡਾਰੀ ਚੁਣੇ ਜਾਣ। ਉਨ੍ਹਾਂ ਦੀ ਖੁਰਾਕ, ਰਹਾਇਸ਼ ਤੇ ਪੜ੍ਹਾਈ ਦਾ ਪ੍ਰਬੰਧ ਹੋਵੇ ਅਤੇ 100 ਖ਼ਾਸ ਕੋਚਾਂ ਤੇ ਬਾਕੀ ਆਮ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾਵੇ। ਸੌ ਵਿਚੋਂ ਦਸ ਸੈਂਟਰ ਸਪੈਸ਼ਲ ਕੋਚਿੰਗ ਦੇ ਹੋਣ। ਇਹੋ ਜਿਹੇ ਕਾਰਜ ਸੂਝ ਸਿਆਣਪ ਤੇ ਪ੍ਰਚੰਡ ਜਜ਼ਬੇ ਨਾਲ ਹੀ ਕੀਤੇ ਜਾ ਸਕਦੇ ਹਨ। ਜਦੋ ਦੇਸ਼ਵਾਸੀਆਂ `ਚ ਆਜ਼ਾਦੀ ਦਾ ਜਜ਼ਬਾ ਜਾਗਿਆ ਸੀ ਤਾਂ ਜਿੱਤਣ ਲਈ ਖੇਡ ਜਜ਼ਬਾ ਵੀ ਬੁਲੰਦ ਹੋਇਆ ਸੀ। ਅੱਗੋਂ ਵੀ ਜੇ ਭਾਰਤੀ ਹਾਕੀ ਨੂੰ ਪਹਿਲਾਂ ਵਾਲੀ ਬੁਲੰਦੀ `ਤੇ ਪੁਚਾਉਣਾ ਹੈ ਤਾਂ ਜੂਝ ਮਰੋਂ ਵਾਲੇ ਨਿਸਚੈ ਦੀ ਲੋੜ ਹੈ। ਅੱਗੋਂ ਐਸੀ ਤੜਪ ਜਗਾਈ ਜਾਵੇ ਜਿਹੜੀ ਜਿੱਤ-ਮੰਚ `ਤੇ ਚੜ੍ਹੇ ਬਿਨਾਂ ਚੈਨ ਨਾ ਲੈਣ ਦੇਵੇ!

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights