ਅੰਮ੍ਰਿਤਸਰ, 2 ਅਗਸਤ ( ਸਵਪਨਨੂਰ ਕੌਰ ) ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਵਿਦਿਆਰਥੀ ਸੰਘਰਸ਼ ਨੂੰ ਬੀਤੇ ਕੱਲ੍ਹ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਮਰਥਨ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਲੱਗੇ ਮੋਰਚੇ ਵਿੱਚ ਪਹੁੰਚ ਕੇ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਅਤੇ ਸੱਥ ਦੇ ਆਗੂ ਭਾਈ ਜੁਝਾਰ ਸਿੰਘ ਦੇ ਨਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਮੁਲਾਕਾਤ ਕੀਤੀ ਅਤੇ ਭੁੱਖ ਹੜਤਾਲ ਉੱਤੇ ਬੈਠੇ ਨੌਜਵਾਨਾਂ ਦਾ ਵੀ ਹਾਲ ਜਾਣਿਆ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ, ਪੇਂਡੂ ਅਤੇ ਸਰਹੱਦੀ ਖੇਤਰ ਤੇ 1984 ਦੇ ਪੀੜਤਾਂ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਸੀਟਾਂ ਬਹਾਲ ਕੀਤੀਆਂ ਜਾਣ, ਫੀਸਾਂ ਦਾ ਲਗਾਤਾਰ 5% ਵਾਧਾ ਵਾਪਿਸ ਲਿਆ ਜਾਵੇ ਅਤੇ ਵਿਦਿਆਰਥੀ ਕੌਂਸਲ ਬਹਾਲ ਕੀਤੀ ਜਾਵੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਮਾਮਲਾ ਹੈ, ਇਸ ਨੂੰ ਸਰਕਾਰ ਗੰਭੀਰਤਾ ਨਾਲ ਲਵੇ।
ਉਹਨਾਂ ਕਿਹਾ ਕਿ ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ 6 ਜੂਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਦੋ ਯੂਨੀਵਸਟੀਆਂ ਹਨ, ਪਰ ਪਟਿਆਲਾ ਯੂਨੀਵਰਸਿਟੀ ਦੀ ਫੀਸ ਘੱਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫੀਸ ਦੋ ਗੁਣਾ ਵੱਧ ਹੈ, ਇਸ ਤੋਂ ਵੱਡੀ ਹੋਰ ਧੱਕੇਸ਼ਾਹੀ ਕੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਗਰੀਬਾਂ ਅਤੇ ਲੋੜਵੰਦ ਘਰਾਂ ਦੇ ਵਿਦਿਆਰਥੀ ਬੱਚੇ ਕਿਵੇਂ ਪੜਨਗੇ, ਮਹਿੰਗਾਈ ਨੇ ਤਾਂ ਪਹਿਲਾਂ ਹੀ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਮੋਰਚੇ ਵੱਲੋਂ ਪੰਜ ਅਗਸਤ ਨੂੰ ਦਿੱਤੇ ਪ੍ਰੋਗਰਾਮ ਦੇ ਵਿੱਚ ਹਰ ਇੱਕ ਜਥੇਬੰਦੀ ਸ਼ਾਮਿਲ ਹੋ ਕੇ ਵਿਦਿਆਰਥੀਆਂ ਦਾ ਸਾਥ ਦੇਵੇ।
Author: Gurbhej Singh Anandpuri
ਮੁੱਖ ਸੰਪਾਦਕ