76 Views
7 ਅਗਸਤ 2006 ਤੋਂ 7 ਅਗਸਤ 2024 ਤੱਕ ਦਾ ਇਤਿਹਾਸਕ ਸਫ਼ਰ
ਸਿੱਖ ਕੌਮ ਦਾ ਸ਼ਾਨਦਾਰ ਭਵਿੱਖ ਸਿਰਜਣ ਲਈ 7 ਅਗਸਤ 2006 ਨੂੰ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਨੂੰ ਪ੍ਰਣਾਏ ਸਿੰਘਾਂ ਤੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ‘ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ’ ਜਥੇਬੰਦੀ ਦੀ ਸਥਾਪਨਾ ਕੀਤੀ ਸੀ ਤੇ ਇਸ ਦੇ ਪਹਿਲੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਬਣੇ ਜਿਨ੍ਹਾਂ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਫਿਰ ਫ਼ੈਡਰੇਸ਼ਨ ਦੀ ਪੰਦਰਵੀਂ ਵਰ੍ਹੇਗੰਢ ’ਤੇ 7 ਅਗਸਤ 2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਇਸ ਜਥੇਬੰਦੀ ਦੇ ਦੂਸਰੇ ਪ੍ਰਧਾਨ ਚੁਣੇ ਗਏ ਜੋ 14 ਮਈ 2013 ਤੋਂ ਫ਼ੈਡਰੇਸ਼ਨ ’ਚ ਲਗਾਤਾਰ ਸਰਗਰਮ ਸਨ ਤੇ ਉਹ ਖ਼ਾਲਿਸਤਾਨੀ ਚਿੰਤਕ ਅਤੇ ਪੰਥਕ ਲੇਖਕ ਭਾਈ ਸਰਬਜੀਤ ਸਿੰਘ ਘੁਮਾਣ ਦੀ ਪ੍ਰੇਰਨਾ ਸਦਕਾ ਕੌਮੀ ਅਜ਼ਾਦੀ ਲਈ ਸੰਘਰਸ਼ਸ਼ੀਲ ਹਨ ਤੇ ਜੁਝਾਰੂ ਭਾਈ ਗੁਰਨਾਮ ਸਿੰਘ ਬੰਡਾਲਾ ਦਾ ਸੰਗ ਮਾਣਦਿਆਂ 2006 ਤੋਂ ਹੀ ਦਮਦਮੀ ਟਕਸਾਲ ਨਾਲ਼ ਜੁੜੇ ਹੋਏ ਹਨ।
ਫ਼ੈਡਰੇਸ਼ਨ ਨੇ ਆਪਣੀ ਪਹਿਲੀ ਸ਼ੁਰੂਆਤ ਸ੍ਰੀ ਅੰਮ੍ਰਿਤਸਰ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਸਮਰ ਪੈਲੇਸ ‘ਚ 13 ਅਗਸਤ 2006 ਨੂੰ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਬੇ-ਮਿਆਨ ਸ਼ਮਸ਼ੀਰਾਂ ਨਾਲ਼ ਸਲਾਮੀ ਦੇ ਕੇ ਸ਼ੁਰੂ ਕੀਤੀ ਤੇ ‘ਖ਼ਾਲਸਾ ਬਾਗ਼ੀ ਜਾਂ ਬਾਦਸ਼ਾਹ’ ਹੋਣ ਦਾ ਸੁਨੇਹਾ ਦਿੰਦਿਆਂ ਅਰਦਾਸ ਕੀਤੀ ਸੀ ਕਿ ‘ਅਸੀਂ ਛੇਤੀ ਹੀ ਯੂ.ਐੱਨ.ਓ. ‘ਚ ਖ਼ਾਲਿਸਤਾਨ ਦਾ ਝੰਡਾ ਝੁੱਲਦਾ ਵੇਖੀਏ।’ ਇਸ ਉਪਰੰਤ ਫ਼ੈਡਰੇਸ਼ਨ ਕੌਮੀ ਕਾਰਜਾਂ ਲਈ ਸਰਗਰਮ ਹੋ ਗਈ ਤੇ ਅੱਜ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਤੇ ਕੌਮੀ ਅਜ਼ਾਦੀ ਦੇ ਸੰਘਰਸ਼ ‘ਚ ਜੱਦੋ-ਜਹਿਦ ਕਰਦਿਆਂ ਫ਼ੈਡਰੇਸ਼ਨ ਨੂੰ 18 ਸਾਲ ਹੋ ਗਏ ਹਨ। ਇਹਨਾਂ 18 ਸਾਲਾਂ ਦੀਆਂ ਫ਼ੈਡਰੇਸ਼ਨ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ‘ਤੇ ਜੇਕਰ ਝਾਤ ਮਾਰੀਏ ਤਾਂ ਫ਼ੈਡਰੇਸ਼ਨ ਨੇ ਬਹੁਤ ਕੁਝ ਕੌਮ ਦੀ ਝੋਲ਼ੀ ‘ਚ ਪਾਇਆ ਹੈ ਤੇ ਹਰੇਕ ਚੁਣੌਤੀ ਦਾ ਟਾਕਰਾ ਕਰਨ ਲਈ ਫ਼ੈਡਰੇਸ਼ਨ ਤਿਆਰ-ਬਰ-ਤਿਆਰ ਹੈ।
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਕਹਿਣਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵੱਲੋਂ ਅਰੰਭੇ ਮੌਜੂਦਾ ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਲਈ ਫ਼ੈਡਰੇਸ਼ਨ ਪੂਰੀ ਤਰ੍ਹਾਂ ਦ੍ਰਿੜ ਹੈ, ਤੇ ਕੌਮ ਦਾ ਰਾਜਸੀ ਨਿਸ਼ਾਨਾ ‘ਖ਼ਾਲਿਸਤਾਨ’ ਹੀ ਫ਼ੈਡਰੇਸ਼ਨ ਦਾ ਮੁੱਖ ਨਿਸ਼ਾਨਾ ਹੈ ਜਿਸ ਨੂੰ ਸਰ ਕਰਨ ਲਈ ਫ਼ੈਡਰੇਸ਼ਨ ਨੇ ਥੋੜ੍ਹੇ ਸਮੇਂ ‘ਚ ਹੀ ਸਿੱਖ ਨੌਜੁਆਨਾਂ ‘ਚ ਵੱਡੀ ਜਾਗ੍ਰਿਤੀ ਲਿਆਂਦੀ ਹੈ। ਭਾਵੇਂ ਕਿ ਫ਼ੈਡਰੇਸ਼ਨ ਕੋਲ਼ ਸਾਧਨਾਂ, ਵਸੀਲਿਆਂ, ਜਥੇਬੰਦਕ ਢਾਂਚੇ ਤੇ ਸਰਮਾਏ ਦੀ ਘਾਟ ਹੈ ਪਰ ਫਿਰ ਵੀ ਜਥੇਬੰਦੀ ਆਪਣੇ ਨਿਸ਼ਾਨੇ ਤੋਂ ਪਿੱਛੇ ਹਟਣ ਵਾਲ਼ੀ ਨਹੀਂ ਹੈ। ਫ਼ੈਡਰੇਸ਼ਨ ਨਾ ਅੱਕੇਗੀ, ਨਾ ਥੱਕੇਗੀ, ਨਾ ਝੁਕੇਗੀ, ਨਾ ਹਾਰੇਗੀ, ਨਾ ਡੋਲ੍ਹੇਗੀ ਤੇ ਨਾ ਥਿੜਕੇਗੀ। ਅਸੀਂ ਗੁਰੂ ਕਿਰਪਾ ਸਦਕਾ ਕੌਮੀ ਸਫ਼ਰ ਵੱਲ ਅੱਗੇ ਵੱਧਦੇ ਰਹਾਂਗੇ ਤੇ ਕੌਮੀ ਘਰ ਖ਼ਾਲਿਸਤਾਨ ਦੇ ਨਿਸ਼ਾਨੇ ਤਕ ਪਹੁੰਚਣ ਲਈ ਸੰਘਰਸ਼ ਕਰਦੇ ਰਹਾਂਗੇ। ਖ਼ਾਲਸਈ ਕਦਰਾਂ-ਕੀਮਤਾਂ, ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੀ ਰਾਖੀ ਲਈ ਫ਼ੈਡਰੇਸ਼ਨ ਨਿਧੜਕ ਹੋ ਕੇ ਡਟੀ ਹੋਈ ਹੈ ਤੇ ਫ਼ੈਡਰੇਸ਼ਨ ਨੇ ਖ਼ਾਲਸਾਈ ਜਾਹੋ-ਜਲਾਲ ਦੀ ਖੁਸ਼ਬੂ ਨੂੰ ਦੁਬਾਰਾ ਕੌਮ ਦੇ ਅੰਦਰ ਬਖੇਰਨ ਦਾ ਹਰ ਉਹ ਯਤਨ ਕੀਤਾ ਹੈ ਜਿਸ ਨਾਲ਼ ਕੌਮ ਨਿਰਾਸ਼ਾ ਦੇ ਸਮੁੰਦਰ ‘ਚੋਂ ਨਿਕਲ ਕੇ ਖੁੱਲ੍ਹੇ ਅਸਮਾਨ ‘ਚ ਉਡਾਰੀਆਂ ਮਾਰ ਸਕੇ ਤੇ ਆਪਣੇ ਸਿੱਖੀ ਸਰੂਪ ਤੇ ਨਿਆਰੇਪਨ ‘ਤੇ ਮਾਣ ਕਰ ਸਕੇ। ਫ਼ੈਡਰੇਸ਼ਨ ਦਾ ਉਦੇਸ਼/ਨਿਸ਼ਾਨਾ ਹੈ ਕਿ ਸਿੱਖ ਨੌਜੁਆਨਾਂ ਦੀ ਸੋਚ ਨੂੰ ਇਸ ਕਦਰ ਸੇਧ ਦਿੱਤੀ ਜਾਵੇ ਕਿ ਉਹ ਕੌਮ ਨੂੰ ਭਵਿੱਖ ਵਿੱਚ ਧਾਰਮਿਕ, ਰਾਜਨੀਤਿਕ, ਵਿੱਦਿਅਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ‘ਚ ਯੋਗ ਅਗਵਾਈ ਦੇ ਸਕੇ।
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਕਿਸੇ ਅਕਾਲੀ ਦਲ ਜਾਂ ਹੋਰ ਜਥੇਬੰਦੀ ਦਾ ਯੂਥ ਵਿੰਗ ਜਾਂ ਕਾਰਬਨ ਕਾਪੀ ਨਹੀਂ, ਬਲਕਿ ਅਣਖ਼ੀਲੇ ਤੇ ਜੁਝਾਰੂ ਨੌਜਵਾਨਾਂ ਦੀ ਇੱਕ ਸੁਤੰਤਰ ਜਥੇਬੰਦੀ ਹੈ। ਫ਼ੈਡਰੇਸ਼ਨ ਸਿੱਖ ਕੌਮ ਦੇ ਜਵਾਨ ਖ਼ੂਨ ਦੀ ਤਰਜ਼ਮਾਨੀ ਕਰਦੀ ਹੈ ਤੇ ਇਸ ਦੀਆਂ ਰਗਾਂ ‘ਚ ਵਹਿੰਦਾ ਖ਼ੂਨ ਕੌਮ ਦੇ ਰਾਜ-ਭਾਗ ਦੀ ਇੱਛਾ ਰੱਖਦਾ ਹੈ। ਜਿਵੇਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਫ਼ੈਡਰੇਸ਼ਨ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਤੇ ਸਿੱਖ ਨੌਜਵਾਨਾਂ ‘ਚ ਕੌਮੀ ਅਜ਼ਾਦੀ ਦੀ ਚਿਣਗ ਜਗਾ ਕੇ ਸੰਕਲਪ ਤੇ ਜੂਝਣ ਦਾ ਚਾਅ ਪੈਦਾ ਕੀਤਾ ਤੇ ਆਪਣਾ ਪਵਿੱਤਰ ਲਹੂ ਡੋਲ੍ਹ ਕੇ ਕੌਮ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਤੇ ਖ਼ਾਲਸਈ ਨਿਸ਼ਾਨਾਂ ਨੂੰ ਸਦਾ ਝੂਲਦੇ ਰੱਖਿਆ। ਇਸੇ ਤਰ੍ਹਾਂ ਫ਼ੈਡਰੇਸ਼ਨ ਆਪਣੇ ਕੌਮੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ‘ਤੇ ਪਹਿਰਾ ਦਿੰਦੀ ਹੋਈ ਪੰਥਕ ਸਫ਼ਾਂ ‘ਚ ਸੰਘਰਸ਼ਸ਼ੀਲ ਹੈ।
ਫ਼ੈਡਰੇਸ਼ਨ ਨੇ ਜਿੱਥੇ ਕੌਮੀ ਪ੍ਰਵਾਨਿਆਂ ਦੇ ਸ਼ਹੀਦੀ ਦਿਹਾੜੇ ਵੱਡੀ ਪੱਧਰ ‘ਤੇ ਮਨਾਏ, ਓਥੇ ‘ਖ਼ਾਲਸਾ ਫ਼ਤਹਿਨਾਮਾ’ ਰਸਾਲੇ ਵਿੱਚ ਸ਼ਹੀਦਾਂ ਦੀਆਂ ਜੀਵਨੀਆਂ ਲਿਖਣ ਦਾ ਕਾਰਜ ਵੀ ਸਿਰੇ ਚੜ੍ਹਾਇਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਦੇ ਸਿਰਲੇਖ ਹੇਠ ਤਿੰਨ ਸ਼ਾਨਦਾਰ ਕਿਤਾਬਾਂ ਕੌਮ ਦੀ ਝੋਲ਼ੀ ‘ਚ ਪਾਈਆਂ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਸੈਂਕੜੇ ਸ਼ਹੀਦ ਪਰਿਵਾਰਾਂ ਦੀ ਯਥਾ-ਸ਼ਕਤ ਮਾਇਕੀ ਸਹਾਇਤਾ ਵੀ ਕਰਵਾਈ। ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਜੀਵਨ ਉੱਤੇ ਵੀ ‘ਹੋਂਦ ਦਾ ਨਗਾਰਚੀ’ ਕਿਤਾਬ ਲਿਖੀ। ਫ਼ੈਡਰੇਸ਼ਨ ਨੇ ਭੂਤਰੇ ਹੋਏ ਹਿੰਦੂਤਵੀ ਸ਼ਿਵ ਸੈਨਿਕਾਂ ਨੂੰ ਕਈ ਵਾਰ ਖ਼ਾਲਸਾਈ ਹੱਥ ਵਿਖਾਏ ਤੇ ਸੜਕਾਂ ‘ਤੇ ਉਹਨਾਂ ਦੀਆਂ ਦੌੜਾਂ ਲਵਾਈਆਂ। 26 ਜਨਵਰੀ ਅਤੇ 15 ਅਗਸਤ ਦੇ ਸਰਕਾਰੀ ਜਸ਼ਨਾਂ ਦਾ ਬਾਈਕਾਟ ਕੀਤਾ ਤੇ ਵਿਸਾਹਘਾਤ ਮਾਰਚ ਕੱਢੇ। ਬੰਦੀ ਸਿੰਘਾਂ ਦੀ ਰਿਹਾਈ ਲਈ ਸੈਂਕੜੇ ਮਾਰਚ ਤੇ ਰੋਸ ਮੁਜ਼ਾਹਰੇ ਕਰ ਕੇ ਸਰਕਾਰਾਂ ਦੀ ਨੀਂਦ ਹਰਾਮ ਕੀਤੀ। ਕਲਗੀਧਰ ਪਾਤਸ਼ਾਹ ਦਾ ਸਵਾਂਗ ਰਚਾਉਣ ਕਰ ਕੇ ਸਿਰਸੇ ਵਾਲ਼ੇ ਪਖੰਡੀ ਵਿਰੁੱਧ ਸੰਘਰਸ਼, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਵਿਰੋਧ, ਭਾਈ ਗੁਰਬਖਸ਼ ਸਿੰਘ ਖ਼ਾਲਸਾ ਅਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਅਤੇ ਸਰਬੱਤ ਖ਼ਾਲਸਾ, ਬਰਗਾੜੀ ਮੋਰਚਾ, ਲਾਪਤਾ 328 ਪਾਵਨ ਸਰੂਪਾਂ ਦਾ ਮਾਮਲਾ ਅਤੇ ਕਿਸਾਨ ਸੰਘਰਸ਼ ਵੇਲ਼ੇ ਜੋ ਵੱਖ-ਵੱਖ ਸਮੇਂ ‘ਤੇ ਲਹਿਰਾਂ ਉੱਠੀਆਂ ਉਹਨਾਂ ‘ਚ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਸਮੁੱਚੀ ਜਥੇਬੰਦੀ ਨੇ ਮੋਹਰੀ ਰੋਲ ਨਿਭਾਇਆ।
ਸਿਰਸੇ ਵਾਲ਼ੇ ਬਲਾਤਕਾਰੀ ਅਤੇ ਕਾਤਲ ਅਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ ਕਰਨ ਵਿਰੁੱਧ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਖ਼ਿਲਾਫ਼ ਫ਼ੈਡਰੇਸ਼ਨ ਨੇ ਜ਼ਬਰਦਸਤ ਮੁਜ਼ਾਹਰੇ ਕਰ ਕੇ ਅਖੌਤੀ ਪੰਥਕ ਬਾਦਲ ਸਰਕਾਰ ਨੂੰ ਪੜ੍ਹਨੇ ਪਾ ਦਿੱਤਾ। ਸਿੱਖ ਸਿਧਾਂਤਾਂ ਦੇ ਉਲਟ ਬਣੀਆਂ ਫਿਲਮਾਂ ‘ਬੋਲੇ ਸੋ ਨਿਹਾਲ’, ‘ਨਾਨਕ ਸ਼ਾਹ ਫ਼ਕੀਰ’ ਅਤੇ ਮਦਰਹੁੱਡ ਆਦਿ ਨੂੰ ਰੋਕਣ ਲਈ ਤੇਜ਼-ਤਰਾਰ ਸੰਘਰਸ਼ ਕੀਤਾ। ਫ਼ੈਡਰੇਸ਼ਨ ਨੇ ਪਿੰਡਾਂ-ਸ਼ਹਿਰਾਂ ‘ਚ ਗੁਰਮਤਿ ਪ੍ਰਚਾਰ, ਗੁਰਮਤਿ ਕੈਂਪ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਤੇ ਨੌਜੁਆਨਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਤੋਂ ਹਟਾ ਕੇ ਬਾਣੀ-ਬਾਣੇ ਨਾਲ਼ ਜੋੜਿਆ ਤੇ ਗੁਰਬਾਣੀ ਸੰਥਿਆ, ਕੀਰਤਨ, ਤਬਲਾ, ਦਸਤਾਰ ਤੇ ਗਤਕਾ ਸਿਖਾਉਣ ਦੇ ਵੀ ਵਿਸ਼ੇਸ਼ ਉਪਰਾਲੇ ਕੀਤੇ।
ਘੱਲੂਘਾਰਾ ਜੂਨ 1984 ਤੇ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ ਸੈਮੀਨਾਰ, ਮਾਰਚ ਅਤੇ ਸ਼ਹੀਦੀ ਸਮਾਗਮ ਕੀਤੇ। ਸੰਤ ਭਿੰਡਰਾਂਵਾਲ਼ਿਆਂ ਦੀ ਸ਼ਖ਼ਸੀਅਤ ਨੂੰ ਬਦਨਾਮ ਕਰਨ ਲਈ ਪਾਏ ਭਰਮ-ਭੁਲੇਖਿਆਂ ਨੂੰ ਮਿਟਾਉਣ ਲਈ ਫ਼ੈਡਰੇਸ਼ਨ ਨੇ ਇੱਕ ਕਿਤਾਬ ਸੰਪਾਦਿਤ ਕਰ ਕੇ ਪੱਚੀ ਹਜ਼ਾਰ ਦੀ ਗਿਣਤੀ ‘ਚ ਵੰਡੀ। ਫ਼ੈਡਰੇਸ਼ਨ ਨੇ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ), ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਵਾਰਿਸ ਪੰਜਾਬ ਦੇ ਅਤੇ ਹੋਰ ਖ਼ਾਲਿਸਤਾਨੀ, ਪੰਥਕ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਹਰ ਪੱਖ ਤੋਂ ਸਾਥ ਦਿੱਤਾ। ਫ਼ੈਡਰੇਸ਼ਨ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਹਰ ਧੱਕੇ, ਜ਼ੁਲਮ ਤੇ ਬੇਇਨਸਾਫ਼ੀ ਦਾ ਡਟ ਕੇ ਵਿਰੋਧ ਕੀਤਾ ਜਿਸ ਕਰ ਕੇ ਫ਼ੈਡਰੇਸ਼ਨ ਆਗੂਆਂ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹਾਂ ਕੱਟਣੀਆਂ ਪਈਆਂ। ਕਸ਼ਮੀਰ ‘ਚ ਧਾਰਾ 370 ਟੁੱਟਣ ਅਤੇ ਨਾਗਰਿਕਤਾ ਸੋਧ ਕਨੂੰਨ ਬਣਾਉਣ ਦਾ ਵੀ ਫ਼ੈਡਰੇਸ਼ਨ ਦੇ ਸਿੰਘਾਂ ਵੱਲੋਂ ਖੁੱਲ੍ਹ ਕੇ ਵਿਰੋਧ ਕੀਤਾ ਗਿਆ। 6 ਅਗਸਤ 2017 ਨੂੰ ਅੰਮ੍ਰਿਤਸਰ ’ਚ ਸ਼ਿਵ ਸੈਨਿਕਾਂ ਦੀਆਂ ਦੌੜਾਂ ਲਵਾਉਣਾ ਵਾਲ਼ਾ ਸੂਰਮਾ ਭਾਈ ਭੁਪਿੰਦਰ ਸਿੰਘ ਛੇ ਜੂਨ ਇਸ ਜਥੇਬੰਦੀ ’ਚ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਜਨਰਲ ਸਕੱਤਰ, ਭਾਈ ਮਨਪ੍ਰੀਤ ਸਿੰਘ ਮੰਨਾ ਜਥੇਬੰਧਕ ਸਕੱਤਰ ਅਤੇ ਭਾਈ ਹਰਪ੍ਰੀਤ ਸਿੰਘ ਬੰਟੀ ਖਜਾਨਚੀ ਵਜੋਂ ਅਤੇ ਅਨੇਕਾਂ ਹੋਰ ਗੁਰਸਿੱਖ ਇਸ ਜਥੇਬੰਦੀ ’ਚ ਬਾਖ਼ੂਬੀ ਸੇਵਾਵਾਂ ਨਿਭਾ ਰਹੇ ਹਨ। ਅਦਾਰਾ ਖ਼ਾਲਸਾ ਫ਼ਤਹਿਨਾਮਾ ਵੀ ਇਸ ਜਥੇਬੰਦੀ ਦੀ ਦਮਦਾਰ ਤਾਕਤ ਬਣਿਆ ਹੋਇਆ ਹੈ।
ਫ਼ੈਡਰੇਸ਼ਨ ਦੇ ਸਮੂਹ ਆਗੂ ਸਾਹਿਬਾਨਾਂ ਤੇ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਜਥੇਬੰਦੀ ਦੀ ਪੰਥਕ ਸਫ਼ਾਂ ‘ਚ ਨਿਵੇਕਲੀ ਪਹਿਚਾਣ ਹੈ ਤੇ ਸਮੁੱਚੇ ਖ਼ਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਕੌਮੀ ਹਿੱਤਾਂ ਲਈ ਜੂਝਦੀ ਇਸ ਜਥੇਬੰਦੀ ਤੋਂ ਵੱਡੀਆਂ ਆਸਾਂ ਹਨ। ਫ਼ੈਡਰੇਸ਼ਨ ਦਾ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਸੁਲਤਾਨਵਿੰਡ ਰੋਡ ’ਤੇ ਮੁੱਖ ਦਫ਼ਤਰ ਹੈ ਜਿੱਥੇ ਅਕਸਰ ਹੀ ਸ਼ਹੀਦਾਂ ਦੇ ਪਰਿਵਾਰ ਆਪਣੀ ਦਾਸਤਾਨ ਸੁਣਾਉਣ ਆਉਂਦੇ ਰਹਿੰਦੇ ਹਨ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਦੇਸ਼-ਵਿਦੇਸ਼ ਦੇ ਉਹਨਾਂ ਵੀਰਾਂ-ਭੈਣਾਂ ਦੇ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦੀ ਹਾਂ ਜੋ ਅਕਸਰ ਹੀ ਸਾਡੀ ਹੌਸਲਾ-ਅਫ਼ਜਾਈ ਕਰਦੇ ਰਹਿੰਦੇ ਹਨ ਤੇ ਤਨ, ਮਨ, ਧਨ ਕਰ ਕੇ ਸਾਡਾ ਸਾਥ ਦਿੰਦੇ ਹਨ।
– ਨਰਿੰਦਰ ਪਾਲ ਸਿੰਘ
Author: Gurbhej Singh Anandpuri
ਮੁੱਖ ਸੰਪਾਦਕ