ਅੰਮ੍ਰਿਤਸਰ, 26 ਅਗਸਤ ( ਨਜਰਾਨਾ ਨਿਊਜ ਨੈੱਟਵਰਕ ) ਦਮਦਮੀ ਟਕਸਾਲ ਦੇ ਸੀਨੀਅਰ ਆਗੂ, ਖ਼ਾਲਿਸਤਾਨ ਕਮਾਂਡੋ ਫੋਰਸ ਦੇ ਚੋਟੀ ਦੇ ਜੁਝਾਰੂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕਨਵੀਨਰ ਅਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਪੰਥਕ ਸਫ਼ਾਂ ਵਿੱਚ ਪਿਛਲੇ 18 ਸਾਲਾਂ ਤੋਂ ਸਰਗਰਮ ਸਿੱਖ ਨੌਜਵਾਨ ਭਾਈ ਰਣਜੀਤ ਸਿੰਘ ਜੋ ਦਮਦਮੀ ਟਕਸਾਲ ਦਾ ਵਿਦਿਆਰਥੀ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦਾ ਕੌਮੀ ਪ੍ਰਧਾਨ ਹੈ ਉਹ ਦਿਨ ਰਾਤ ਸਖ਼ਤ ਮਿਹਨਤ ਕਰਕੇ ਸਿੱਖੀ ਪ੍ਰਚਾਰ, ਪੰਥ ਦੀ ਚੜ੍ਹਦੀ ਕਲਾ, ਕੌਮ ਦੀ ਆਜ਼ਾਦੀ ਅਤੇ ਸ਼ਹੀਦਾਂ ਦਾ ਇਤਿਹਾਸ ਲਿਖਣ ਦੀ ਸ਼ਾਨਦਾਰ ਸੇਵਾ ਨਿਭਾ ਰਿਹਾ ਹੈ ਤੇ ਇਸ ਨੌਜਵਾਨ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਂਅ ‘ਤੇ ਬਣਾਈ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੂੰ ਵੀ ਬੁਲੰਦੀਆਂ ‘ਤੇ ਪਹੁੰਚਾਇਆ ਹੈ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਵੀ ਕਾਇਮ ਰੱਖਿਆ ਹੈ। ਜਥੇਦਾਰ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜੋ ਪੰਥ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ, ਪੰਥ ਦੋਖੀਆਂ ਨਾਲ ਡਟਵੀਂ ਟੱਕਰ ਲੈਂਦਾ ਹੈ, ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈ ਰਿਹਾ ਹੈ, ਪੰਥਕ ਮੁੱਦਿਆਂ ‘ਤੇ ਬਾਖ਼ੂਬੀ ਲਿਖਦਾ ਬੋਲਦਾ ਹੈ। ਸਿੱਖ ਸੰਘਰਸ਼ ਵਿੱਚ ਸਰਗਰਮ ਰਹੇ ਜੁਝਾਰੂ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਮੈਨੂੰ ਸੰਨ 2006 ਵਿੱਚ ਮਿਲਿਆ ਸੀ ਤੇ ਮੈਂ ਇਸ ਨੂੰ ਜਪੁ ਜੀ ਸਾਹਿਬ ਦਾ ਪਾਠ ਸਿਖਾਇਆ ਤੇ ਇਸ ਨੂੰ ਪ੍ਰੇਰਿਤ ਕਰਕੇ ਦਸਵੇਂ ਪਾਤਸ਼ਾਹ ਜੀ ਵੱਲੋਂ ਸਾਜੀ ਸੰਪਰਦਾ ਦਮਦਮੀ ਟਕਸਾਲ ਵਿੱਚ ਭੇਜਿਆ। ਭਾਈ ਰਣਜੀਤ ਸਿੰਘ ਨੇ ਦਮਦਮੀ ਟਕਸਾਲ ਗੁਰੂਸਰ ਮਹਿਰਾਜ ਵਿਖੇ ਸਾਡੇ ਨਾਲ ਮਿਲ ਕੇ ਬੇਹੱਦ ਸਿੱਖੀ ਦਾ ਪ੍ਰਚਾਰ ਕੀਤਾ, ਸ੍ਰੀ ਅਖੰਡ ਪਾਠ ਸਾਹਿਬ ਕੀਤੇ, ਪਿੰਡਾਂ ਸ਼ਹਿਰਾਂ ਵਿੱਚ ਵਿਚਰ ਕੇ ਗੁਰਮਤਿ ਸਮਾਗਮ ਕੀਤੇ, ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ, ਭਾਈ ਰਣਜੀਤ ਸਿੰਘ ਨੇ ਪੰਜ ਪਿਆਰਿਆਂ ਦੇ ਅੰਮ੍ਰਿਤ ਸੰਚਾਰ ਜਥੇ ਵਿੱਚ ਵੀ ਸੇਵਾ ਨਿਭਾਈ, ਗਤਕੇ ਵਿੱਚ ਵੀ ਜੌਹਰ ਦਿਖਾਏ ਅਤੇ ਸਿਰਸੇ ਵਾਲੇ ਪਖੰਡੀ ਦੀਆਂ ਕਈ ਕੂੜ ਚਰਚਾਵਾਂ ਬੰਦ ਕਰਵਾਈਆਂ, ਕਈ ਪਾਖੰਡੀਆਂ ‘ਤੇ ਕਾਰਵਾਈ ਕੀਤੀ, ਲੋਕਾਂ ਨੂੰ ਮਨਮਤਿ ਤੋਂ ਹਟਾ ਕੇ ਗੁਰਮਤਿ ਨਾਲ ਜੋੜਿਆ। ਜਥੇਦਾਰ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਪਹਿਲੀ ਮੁਲਾਕਾਤ ਵਿੱਚ ਹੀ ਮੈਂ ਇਸ ਨੌਜਵਾਨ ਦੀ ਸੇਵਾ-ਭਾਵਨਾ ਅਤੇ ਪੰਥਕ ਸੋਚ ਨੂੰ ਪਹਿਚਾਣ ਲਿਆ ਸੀ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਰੋਮ-ਰੋਮ ਕਰਕੇ ਖ਼ਾਲਸਾ ਪੰਥ, ਦੇਸ ਪੰਜਾਬ ਅਤੇ ਸਿੱਖ ਸੰਘਰਸ਼ ਨੂੰ ਸਮਰਪਿਤ ਹੈ, ਉਸ ਦੇ ਖ਼ਾਲਿਸਤਾਨ ਬਾਰੇ ਲੇਖ ਅਤੇ ਬੋਲ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ, ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੋਚ ਅਤੇ ਸੰਘਰਸ਼ ‘ਤੇ ਪਹਿਰਾ ਦੇ ਰਿਹਾ ਹੈ। ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਸਿੰਘਾਂ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਦਮਦਮੀ ਟਕਸਾਲ ਦਾ ਵਿਦਿਆਰਥੀ ਭਾਈ ਰਣਜੀਤ ਸਿੰਘ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਰਿਹਾ ਹੈ ਤੇ ਚਾਰ ਕਿਤਾਬਾਂ ਅਤੇ ਬੇਅੰਤ ਲਿਖਤਾਂ ਪੰਥ ਦੀ ਝੋਲੀ ਵਿੱਚ ਪਾ ਚੁੱਕਾ ਹੈ। ਅਖੀਰ ਦੇ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਸਾਥ ਦਿੱਤਾ ਜਾਵੇ ਤਾਂ ਜੋ ਉਹ ਪੰਥਕ ਸੇਵਾਵਾਂ, ਸਿੱਖੀ ਪ੍ਰਚਾਰ, ਸ਼ਹੀਦਾਂ ਦਾ ਇਤਿਹਾਸ ਲਿਖਣ ਅਤੇ ਕੌਮੀ ਨਿਸ਼ਾਨੇ ਨੂੰ ਸਰ ਕਰਨ ਵਿੱਚ ਸਫਲ ਹੋ ਸਕੇ। ਉਹਨਾਂ ਕਿਹਾ ਕਿ ਇਹ ਬੂਟਾ ਮੈਂ ਆਪਣੇ ਹੱਥੀਂ ਲਾਇਆ ਸੀ ਤੇ ਅੱਜ ਇਸ ਨੂੰ ਵੱਧਦਾ-ਫੁੱਲਦਾ ਦੇਖ ਕੇ ਮੈਨੂੰ ਬੇਅੰਤ ਖੁਸ਼ੀ ਹੋ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ