ਅੰਮ੍ਰਿਤਸਰ, 27 ਅਗਸਤ ( ਤਾਜੀਮਨੂਰ ਕੌਰ ) ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸ਼ਾਨ ਅਤੇ ਸਤਿਕਾਰ ਨੂੰ ਬਰਕਰਾਰ ਰੱਖਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਜਸ਼ਜੀਤ ਸਿੰਘ ਜੰਮੂ ਦੇ ਪਿਤਾ ਜੀ ਸ. ਨਿਰਬੀਰ ਸਿੰਘ ਅੱਜ ਚੜ੍ਹਾਈ ਕਰ ਗਏ ਹਨ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਤੁਰੰਤ ਇਹ ਜਾਣਕਾਰੀ ਦਿੱਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ਼ਹੀਦ ਭਾਈ ਜਸ਼ਜੀਤ ਸਿੰਘ ਜੰਮੂ ਦੇ ਮਾਤਾ-ਪਿਤਾ ਜੀ ਨੂੰ ਦਾਸ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਪਿੰਡ ਚੌਹਾਲਾ, ਜੰਮੂ ਜਾ ਕੇ ਮਿਲਿਆ ਸੀ ਤੇ ਫਿਰ ਜਦੋਂ ਮਾਤਾ ਜੀ ਦਾ ਸ੍ਰੀ ਅੰਮ੍ਰਿਤਸਰ ਵਿਖੇ ਅੱਖਾਂ ਦਾ ਅਪ੍ਰੇਸ਼ਨ ਹੋਇਆ ਤਾਂ ਉਸ ਦਿਨ ਵੀ ਪਰਿਵਾਰ ਨਾਲ ਮੁਲਾਕਾਤ ਹੋਈ, ਬਾਪੂ ਜੀ ਨਾਲ ਅਕਸਰ ਹੀ ਫੋਨ ‘ਤੇ ਗੱਲ ਹੁੰਦੀ ਰਹਿੰਦੀ ਸੀ, ਅੱਜ ਉਹਨਾਂ ਦਾ ਅਕਾਲ ਚਲਾਣਾ ਸੁਣ ਕੇ ਡਾਢਾ ਦੁੱਖ ਲੱਗਾ, ਉਹ ਕੁਝ ਸਰੀਰਕ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਮੋਟਾਪਾ ਵੀ ਕਾਫੀ ਵੱਧ ਚੁੱਕਾ ਸੀ। ਗੁਰੂ ਸਾਹਿਬ ਉਹਨਾਂ ਨੂੰ ਚਰਨਾਂ ‘ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਾਪੂ ਜੀ ਦੇ ਦੋਵੇਂ ਪੁੱਤਰ ਸੰਸਾਰ ‘ਤੇ ਨਹੀਂ ਰਹੇ, ਇੱਕ ਪੁੱਤਰ ਸ਼ਹੀਦ ਹੋ ਗਿਆ ਅਤੇ ਦੂਸਰਾ ਗਾਇਬ ਹੋ ਗਿਆ, ਹੁਣ ਸਿਰਫ਼ ਇੱਕ ਪੁੱਤਰੀ ਹੀ ਹੈ ਜੋ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਉਹਨਾਂ ਦੱਸਿਆ ਕਿ ਜੰਮੂ ਵਿੱਚ ਜੂਨ 1984 ਦੇ ਘੱਲੂਘਾਰੇ ਨਾਲ ਸਬੰਧਤ ਇੱਕ ਮਹਾਨ ਸ਼ਹੀਦੀ ਸਮਾਗਮ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੇ ਵਿਰੋਧ ‘ਚ ਭਾਈ ਜਸ਼ਜੀਤ ਸਿੰਘ ਜੰਮੂ ਨੇ ਜੰਮੂ ਪੁਲਿਸ ਵਿਰੁੱਧ ਜੂਝ ਕੇ 4 ਜੂਨ 2015 ਨੂੰ ਗੋਲੀ ਲੱਗਣ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਸ਼ਹੀਦਾਂ ਦਾ ਮਾਣ-ਸਤਿਕਾਰ ਕਾਇਮ ਰੱਖਿਆ ਸੀ।
Author: Gurbhej Singh Anandpuri
ਮੁੱਖ ਸੰਪਾਦਕ