ਅੰਮ੍ਰਿਤਸਰ 30 ਅਗਸਤ ( ਨਜ਼ਰਾਨਾ ਨਿਊਜ ਨੈੱਟਵਰਕ ) ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਪੰਜ ਸਾਹਿਬਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੂੰ 15 ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਸਾਹਿਬਾਨ ਅੱਗੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਪੰਥ ਕੋਲ਼ੋਂ ਮੁਆਫ਼ੀ ਮੰਗਣ ਦੇ ਹੁਕਮ ਦਿੱਤੇ ਗਏ ਹਨ ਅਤੇ ਨਾਲ ਹੀ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ । ਪੰਥਕ ਹਲਕਿਆਂ ਵਿੱਚ ਹੁਣ ਇਸ ਗੱਲ ਦੀ ਚਰਚਾ ਛਿੜ ਪਈ ਹੈ ਕਿ ਸੁਖਬੀਰ ਬਾਦਲ ਨੂੰ ਹੁਣ ਤਨਖਾਹ ਕੀ ਲਗਾਉਣੀ ਚਾਹੀਦੀ ਹੈ । ਪੰਥ ਦਰਦੀਆਂ ਦਾ ਮੰਨਣਾ ਹੈ ਕਿ ਸ. ਬਾਦਲ ਦੇ ਗੁਨਾਹ ਬਹੁਤ ਵੱਡੇ ਹਨ ਇਸ ਲਈ ਰਵਾਇਤੀ ਤੌਰ ਤੇ ਤਨਖਾਹ ( ਗੁਰਬਾਣੀ ਪਾਠ , ਝਾੜੂ , ਜੋੜੇ ਅਤੇ ਲੰਗਰ ਸੇਵਾਵਾਂ ਆਦਿ ) ਦੀ ਥਾਂ ਤੇ , ਸਿੰਘ ਸਹਿਬਾਨ ਨੂੰ ਚਾਹੀਦਾ ਹੈ ਕਿ ,ਪੰਥਕ ਵਿਦਵਾਨਾਂ , ਸੰਸਥਾਂਵਾਂ , ਸੰਪਰਦਾਵਾਂ ਆਦਿ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪੰਥਕ ਭਾਵਨਾਵਾਂ ਅਨੁਸਾਰ ਮਿਸਾਲੀ ਸਜ਼ਾ ਦੇ ਕੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਂਗ ਇਤਿਹਾਸ ਰਚਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਸਿਆਸੀ ਜਾਂ ਧਾਰਮਿਕ ਵਿਅਕਤੀ ਪੰਥ ਨਾਲ ਗੱਦਾਰੀ ਕਰਨ ਦੀ ਜੁਰੱਅਤ ਨਾ ਕਰ ਸਕੇ ਅਤੇ ਨਾਲ ਹੀ ਪੰਥ ਦੀ ਰਾਜਨੀਤਿਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਜਥੇਦਾਰ ਸਹਿਬਾਨ ਆਪਣੇ ਹੱਥਾਂ ਵਿੱਚ ਲੈ ਕੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਦੇ ਲਈ ਚੱਲ ਰਹੇ ਮੋਰਚਿਆਂ ਨੂੰ ਵੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਚਲਾਇਆ ਜਾਵੇ ਤਾਂ ਕਿ ਠੋਸ ਹੱਲ ਨਿਕਲ ਸਕੇ ਅਤੇ ਪੰਥ ਦੀ ਚੜਦੀ ਕਲਾ ਹੋ ਸਕੇ । ਪੰਥਕ ਵਿਦਵਾਨਾਂ ਦੀ ਇਹ ਵੀ ਮੰਗ ਹੈ ਕਿ ਜਥੇਦਾਰ ਸਹਿਬਾਨ ਇਹ ਐਲਾਨ ਵੀ ਨਾਲ ਹੀ ਕਰਨ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਸਮੇਤ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਨਹੀਂ ਲੜੀ ਜਾਣੀ ਚਾਹੀਦੀ ਤਾਂ ਕਿ ਧਰਮ ਉੱਪਰ ਰਾਜਨੀਤੀ ਨੂੰ ਪ੍ਰਭਾਵੀ ਹੋਣ ਤੋਂ ਬਚਾਇਆ ਜਾ ਸਕੇ ।
Author: Gurbhej Singh Anandpuri
ਮੁੱਖ ਸੰਪਾਦਕ