ਗੁਨਾਹਾਂ, ਗਲਤੀਆਂ ਤੇ ਜ਼ੁਲਮਾਂ ਕਰਕੇ ਸੁਖਬੀਰ ਬਾਦਲ ਨੂੰ ਪੰਥ ‘ਚੋਂ ਖਾਰਜ ਕੀਤਾ ਜਾਏ – ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 30 ਅਗਸਤ ( ਤਾਜੀਮਨੂਰ ਕੌਰ ) ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਦੇ ਮਾਮਲੇ ‘ਤੇ ਗੱਲਬਾਤ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਥੇਦਾਰਾਂ ਦੀ ਪਰਖ ਦੀ ਘੜੀ ਅਜੇ ਬਾਕੀ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਉਸ ਦੇ ਗੁਨਾਹਾਂ, ਗਲਤੀਆਂ, ਪਾਪਾਂ ਤੇ ਜ਼ੁਲਮਾਂ ਕਰਕੇ ਖਾਲਸਾ ਪੰਥ ਵਿੱਚੋਂ ਤੁਰੰਤ ਖਾਰਜ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਗੁਨਾਹ ਨਾ ਕਰ ਸਕੇ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਹੁਣ ਸੁਖਬੀਰ ਸਿੰਘ ਬਾਦਲ ਵਿਰੁੱਧ ਸਖਤ ਫੈਸਲਾ ਲੈ ਲੈਂਦੇ ਹਨ ਤਾਂ ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦਾ ਸਤਿਕਾਰ ਕਾਇਮ ਰਹੇਗਾ। ਉਹਨਾਂ ਕਿਹਾ ਕਿ ਜਥੇਦਾਰਾਂ ਤੋਂ ਖਾਲਸਾ ਪੰਥ ਨੂੰ ਕੋਈ ਬਹੁਤੀ ਆਸ ਨਹੀਂ ਸੀ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣਾ ਸਹੀ ਦਿਸ਼ਾ ਵਿੱਚ ਪਹਿਲਾ ਕਦਮ ਹੈ, ਪਰ ਜਥੇਦਾਰ ਸਾਹਿਬਾਨ ਦੀ ਅਸਲ ਪਰਖ ਓਸ ਮੌਕੇ ਹੋਵੇਗੀ ਜਦ ਤਨਖਾਹ ਲਾਉਣੀ ਪਵੇਗੀ ਕਿਉਂਕਿ ਤਨਖਾਹ ਐਲਾਨਣ ਦੀ ਪ੍ਰਕਿਰਿਆ ਵਿੱਚੋਂ ਖਾਲਸਾ ਪੰਥ ਦੀ ਰਾਇ ਮਨਫੀ ਹੈ। ਕੀ ਪੰਜ ਸਿੰਘ ਸਾਹਿਬਾਨ ਖ਼ਾਲਸਾ ਪੰਥ ਦੇ ਲਟ ਲਟ ਬਲ਼ਦੇ ਜਜ਼ਬਾਤ ਦੀ ਸਹੀ ਤਰਜ਼ਮਾਨੀ ਕਰ ਸਕਣਗੇ ? ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਦੇ ਗੁਨਾਹ ਐਨੇ ਵੱਡੇ ਹਨ ਕਿ ਖ਼ਾਲਸਾ ਪੰਥ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਜਥੇਦਾਰ ਕਿਵੇਂ ਸਿੱਖ ਫ਼ਲਸਫ਼ੇ ਅਤੇ ਸਿੱਖ ਇਤਿਹਾਸ ਵਿੱਚ ਤਾਲਮੇਲ ਬਿਠਾਉਣਗੇ ? ਇਸ ਮੌਕੇ ਧੀਰਜਵਾਨ ਅਤੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਤਾਂ ਕਿ ਭਵਿੱਖ ਉੱਜਵਲ ਹੋ ਸਕੇ ਤੇ ਨਿਰਾਸ਼ਾ ਦੇ ਆਲਮ ਵਿੱਚ ਵਾਧਾ ਰੁਕ ਸਕੇ। ਸੁਖਬੀਰ ਸਿੰਘ ਬਾਦਲ ਅਤੇ ਹੋਰ ਗ਼ੁਨਾਹਗਾਰ ਆਗੂਆਂ ਨੂੰ ਲੱਗਣ ਵਾਲ਼ੀ ਤਨਖਾਹ ਨੂੰ ਸਜ਼ਾ ਦੱਸਣ ਵਾਲੇ ਸਿੱਖ ਵਿਰੋਧੀ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਖ਼ਾਲਸਾ ਪੰਥ ਇਨਸਾਫ਼ ਕਰਦਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਸਜ਼ਾ ਦੇਣ ਵਾਲ਼ਾ ਥਾਣਾ ਜਾਂ ਦੁਨਿਆਵੀ ਕਚਹਿਰੀ ਨਹੀਂ। ਸਿੰਘ ਸਾਹਿਬਾਨ ਨੂੰ ਸਿੱਖ ਫ਼ਲਸਫ਼ੇ ਤੇ ਸਿੱਖ ਇਤਿਹਾਸ ਨੇ ਨਾਲ ਨਾਲ ਸਿੱਖ ਜਜ਼ਬਾਤਾਂ ਦਾ ਪੂਰਾ ਧਿਆਨ ਰੱਖਣਾ ਪੈਣਾ ਹੈ। ਸੋ ਤਨਖਾਹ ਤੋਂ ਪਹਿਲਾਂ ਖ਼ਾਲਸਾ ਪੰਥ ਦੀ ਰਾਇ ਸ਼ਾਮਲ ਕੀਤੀ ਜਾਵੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਥਕ ਇਕੱਤਰਤਾ ਬੁਲਾਉਣ ਅਤੇ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ ਅਤੇ ਸ਼ਖਸੀਅਤਾਂ ਦੇ ਵਿਚਾਰ ਸੁਣਨ ਤੇ ਸਾਂਝੀ ਰਾਏ ਬਣਾ ਕੇ ਸੁਖਬੀਰ ਬਾਦਲ ਵਿਰੁੱਧ ਠੋਸ ਸਟੈਂਡ ਲਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਆਮ ਹੀ ਤਨਖਾਹ ਲਾ ਕੇ ਛੱਡ ਦਿੱਤਾ ਤਾਂ ਖਾਲਸਾ ਪੰਥ ਇਹ ਫੈਸਲਾ ਮਨਜ਼ੂਰ ਨਹੀਂ ਕਰੇਗਾ ਤੇ ਜਥੇਦਾਰਾਂ ਦਾ ਵੀ ਭਾਰੀ ਵਿਰੋਧ ਹੋਵੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵੱਲੋਂ ਇਹ ਮੰਗ ਫਿਰ ਦੁਹਰਾਈ ਕਿ ਸੁਖਬੀਰ ਸਿੰਘ ਬਾਦਲ ਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਵੇ, ਉਸ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਨ, ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਅਤੇ ਪੰਥਕ ਸਿਆਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਜਥੇਦਾਰਾਂ ਵੱਲੋਂ ਦਿੱਤਾ ਫ਼ਖ਼ਰ ਏ ਕੌਮ ਤੇ ਪੰਥ ਰਤਨ ਖ਼ਿਤਾਬ ਵੀ ਵਾਪਸ ਲਿਆ ਜਾਵੇ। ਉਹਨਾਂ ਕਿਹਾ ਕਿ ਜਿਹੜੇ ਲੋਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਉੱਤੇ ਪਰਦੇ ਪਾਉਂਦੇ ਸਨ, ਪੰਥਕ ਗੁਰਸਿੱਖਾਂ ਨੂੰ ਕਾਂਗਰਸੀ ਆਖਦੇ ਸਨ, ਹੁਣ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ‘ਤੇ ਉਹਨਾਂ ਸਾਰੇ ਝੋਲੀਚੁੱਕਾਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ